26 ਦੇ ਟ੍ਰੈਕਟਰ ਮਾਰਚ ਲਈ ਤਿਆਰੀ ਮੀਟਿੰਗਾਂ

0
106

ਸ਼ਾਹਕੋਟ (ਗਿਆਨ ਸੈਦਪੁਰੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹ) ਜ਼ਿਲ੍ਹਾ ਜਲੰਧਰ ਵੱਲੋਂ ਵੱਖ-ਵੱਖ ਇਕਾਈਆਂ ਦੀ ਮੀਟਿੰਗ ਮਲਸੀਆਂ ਗੁਰੂਦੁਆਰਾ ਸਾਹਿਬ ਭਾਈ ਭਗੀਰਥ ਵਿਖੇ ਹੋਈ।ਜ਼ਿਲ੍ਹਾ ਪ੍ਰਧਾਨ ਮੋਹਣ ਸਿੰਘ ਬੱਲ ਨੇ ਜਥੇਬੰਦੀ ਵੱਲੋਂ ਚੱਲ ਰਹੇ ਜ਼ਮੀਨੀ ਸੰਘਰਸ਼ ਦੇ ਮੋਰਚਿਆਂ ਬਾਰੇ ਜਾਣਕਾਰੀ ਦਿੱਤੀ ਅਤੇ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਸ਼ੰਘਰਸ ਨੂੰ ਦਬਾਉਣ, ਜਬਰ ਢਾਉਣ ਤੇ ਝੂਠੇ ਪਰਚੇ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।ਜਥੇਬੰਦੀ ਦੇ ਸਕੱਤਰ ਗੁਰਚਰਨ ਸਿੰਘ ਚਾਹਲ ਨੇ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਅਤੇ ਦੇਸ਼ ਵਿਆਪੀ ਸੰਘਰਸ਼ ਦੀ ਸ਼ੁਰੂਆਤ ਤੋਂ ਪਹਿਲਾਂ ਪੂਰੇ ਭਾਰਤ ਵਿੱਚ ਐਸ.ਕੇ.ਐਮ. ਦੇ ਸੱਦੇ ਤੇ ਤਹਿਸੀਲ ਪੱਧਰ ਦੇ ਕੀਤੇ ਜਾਣ ਵਾਲੇ ਟ੍ਰੈਕਟਰ ਮਾਰਚ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਹ ਟ੍ਰੈਕਟਰ ਮਾਰਚ 26 ਜਨਵਰੀ ਨੂੰ ਸਵੇਰੇ 11 ਵਜੇ ਤਹਿਸੀਲ ਕੰਪਲੈਕਸ ਸ਼ਾਹਕੋਟ ਨੇੜਲੇ ਫਲਾਈਓਵਰ ਤੋਂ ਸ਼ੁਰੂ ਕਰਕੇ ਸਾਰੰਗਵਾਲ, ਜਾਫਰਵਾਲ,ਮਾਣਕਪੁਰ, ਰੇੜਵਾਂ,ਪੂੰਨੀਆ, ਕਾਕੜ ਕਲਾਂ, ਹੇਰਾਂ, ਲਸੂੜੀ, ਮੀਏਂਵਾਲ ਹੁੰਦਾ ਹੋਇਆ ਬਾਈਪਾਸ ਸ਼ਾਹਕੋਟ ਵਿਖੇ ਸਮਾਪਤ ਹੋਵੇਗਾ।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਐਸ.ਕੇ.ਐਮ ਦੀਆਂ ਹੋਰ ਜਥੇਬੰਦੀਆਂ ਜਿਵੇ ਰਾਜੇਵਾਲ, ਲੱਖੋਵਾਲ, ਕਾਦੀਆਂ ਆਦਿ ਦੇ ਅਹੁਦੇਦਾਰਾਂ ਨਾਲ ਤਿਆਰੀ ਮੀਟਿੰਗਾਂ ਹੋ ਚੁੱਕੀਆਂ ਹਨ।ਅਨਾਜ ਮੰਡੀ ਲਸੂੜੀ ਵਿਖੇ ਰਿਫਰੈਸ਼ਮੈਂਟ ਦਾ ਪ੍ਰਬੰਧ ਨਗਰ ਲਸੂੜੀ ਵੱਲੋਂ ਕੀਤਾ ਜਾ ਰਿਹਾ ਹੈ।ਕਿਸਾਨੀ ਸੰਘਰਸ਼ ਨੂੰ ਸਾਰੇ ਵਰਗਾਂ ਦਾ ਸਾਂਝਾ ਸੰਘਰਸ਼ ਬਣਾਉਣ ਲਈ ਪਿੰਡਾਂ ਦੇ ਪੰਚਾਂ, ਸਰਪੰਚਾਂ, ਮੋਹਤਬਰ ਵਿਅਕਤੀਆਂ, ਭਰਾਤਰੀ ਜਥੇਬੰਦੀਆਂ ਸਮੇਤ ਆਮ ਲੋਕਾਂ ਤੋਂ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ।