ਸਟਾਕਹੋਮ : ਸਵੀਡਨ ’ਚ ਕਈ ਮੁਜ਼ਾਹਰੇ ਕਰਨ ਵਾਲੇ ਅਤੇ ਕੁਰਾਨ ਸਾੜਨ ਦੇ ਮੁਲਜ਼ਮ 38 ਸਾਲਾ ਸਲਵਾਨ ਮੋਮਿਕਾ ਦੀ ਪੂਰਬੀ-ਮੱਧ ਸਵੀਡਨ ਦੇ ਸਟਾਕਹੋਮ ਕਾਊਂਟੀ ਦੇ ਸੋਦਰਤਾਲਜੇ ਸ਼ਹਿਰ ’ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਸ ਨੂੰ ਕਥਿਤ ਤੌਰ ’ਤੇ ਬੁੱਧਵਾਰ ਦੇਰ ਰਾਤ ਹੋਵਸਜੋ ਸਥਿਤ ਉਸ ਦੇ ਅਪਾਰਟਮੈਂਟ ’ਚ ਸੋਸ਼ਲ ਮੀਡੀਆ ’ਤੇ ਲਾਈਵ ਪ੍ਰਸਾਰਨ ਕਰਦੇ ਸਮੇਂ ਗੋਲੀ ਮਾਰ ਦਿੱਤੀ ਗਈ। ਵੀਰਵਾਰ ਹੀ ਸਟਾਕਹੋਮ ਜ਼ਿਲ੍ਹਾ ਅਦਾਲਤ ਵੱਲੋਂ ਉਸ ਵਿਰੁੱਧ ਭੜਕਾਹਟ ਪੈਦਾ ਕਰਨ ਦੇ ਕੇਸ ’ਚ ਫੈਸਲਾ ਸੁਣਾਇਆ ਜਾਣਾ ਸੀ। ਪੁਲਸ ਨੇ ਪੰਜ ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ, ਜਿਨ੍ਹਾਂ ਉਤੇ ਕਤਲ ਦਾ ਸ਼ੱਕ ਹੈ।
ਕੁਰਾਨ ਦੀ ਬੇਅਦਬੀ ਖਿਲਾਫ ਸਾਊਦੀ ਅਰਬ ਸਮੇਤ ਕਈ ਦੇਸ਼ਾਂ ਤੋਂ ਗੁੱਸੇ ਭਰੀ ਪ੍ਰਤੀਕਿਰਿਆ ਹੋਈ ਸੀ। ਅਰਬ ਮੁਲਕਾਂ ਨੇ ਅਕਤੂਬਰ 2023 ’ਚ ਇਰਾਕੀ ਮੂਲ ਦੇ ਮੋਮਿਕਾ ਵੱਲੋਂ ਸਵੀਡਿਸ਼ ਸ਼ਹਿਰ ਮਾਲਮੋ ’ਚ ਕੁਰਾਨ ਦੀ ਕਾਪੀ ਸਾੜਨ ਦੀ ਸਖਤ ਨਿੰਦਾ ਕੀਤੀ ਸੀ। ਮੋਮਿਕਾ ਨੇ ਕਥਿਤ ਤੌਰ ’ਤੇ ਕੁਰਾਨ ਦੇ ਪੰਨੇ ਪਾੜ ਦਿੱਤੇ ਸਨ ਅਤੇ ਪ੍ਰਦਰਸ਼ਨ ਦੌਰਾਨ ਇਸ ਨੂੰ ਜਨਤਕ ਤੌਰ ’ਤੇ ਸਾੜ ਦਿੱਤਾ ਸੀ।





