ਕੋਲਕਾਤਾ ’ਚ ਸਰੇਬਾਜ਼ਾਰ ਮੁਟਿਆਰ ਦਾ ਕਤਲ

0
28

ਕੋਲਕਾਤਾ : ਇੱਥੇ ਇੱਕ ਪ੍ਰਸਿੱਧ ਭੋਜਨਸ਼ਾਲਾ ਦੇ ਬਾਹਰ ਤਿੰਨ ਵਿਅਕਤੀਆਂ ਨੇ ਇਕ ਔਰਤ ਨੂੰ ਸਰੇਬਾਜ਼ਾਰ ਚਾਕੂ ਮਾਰ-ਮਾਰ ਕੇ ਮਾਰ ਸੁੱਟਿਆ। ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਹੈ, ਜਿਨ੍ਹਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ। ਮੁਲਜ਼ਮਾਂ ਨੇ ਪੀੜਤਾ ਰੋਫ਼ੀਆ ਸ਼ਕੀਲ (20 ਸਾਲ) ਨੂੰ ਮਸ਼ਹੂਰ ਢਾਬੇ ਦੇ ਕੋਲ ਇੱਕ ਕਾਰ ਤੋਂ ਖਿੱਚ ਕੇ ਹੇਠਾਂ ਸੁੱਟ ਲਿਆ। ਰੋਫ਼ੀਆ ਨੇ ਭੱਜ ਕੇ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਮੁਲਜ਼ਮਾਂ ਨੇ ਉਸ ਦਾ ਪਿੱਛਾ ਕਰਦਿਆਂ ਉਸ ਨੂੰ ਮਾਰ ਸੁੱਟਿਆ।
ਪੁਲਸ ਅਧਿਕਾਰੀ ਨੇ ਕਿਹਾ ਕਿ ਪੁਲਸ ਨੂੰ ਨਰਕੇਲਡੰਗਾ ਖੇਤਰ ਦੇ ਰਾਜਾ ਰਾਮਨਾਰਾਇਣ ਸਟਰੀਟ ਦੇ ਰਹਿਣ ਵਾਲੇ ਮੁਹੰਮਦ ਫਾਰੂਖ ਅਨਸਾਰੀ ਅਤੇ ਰੋਫ਼ੀਆ ਦਰਮਿਆਨ ਕਥਿਤ ਨਾਜਾਇਜ਼ ਸੰਬੰਧਾਂ ਦਾ ਸ਼ੱਕ ਹੈ, ਜਿਸ ਕਾਰਨ ਅਨਸਾਰੀ ਦੇ ਪਰਵਾਰਕ ਮੈਂਬਰਾਂ ਵੱਲੋਂ ਉਸ ’ਤੇ ਕਥਿਤ ਹਮਲਾ ਕੀਤਾ ਗਿਆ। ਘਟਨਾ ਵੀਰਵਾਰ ਰਾਤ 8.30 ਵਜੇ ਦੇ ਕਰੀਬ ਵਾਪਰੀ, ਜਦੋਂ ਪੀੜਤਾ ਅਤੇ ਅਨਸਾਰੀ ਪੂਰਬੀ ਮੈਟਰੋਪੋਲੀਟਨ ਬਾਈਪਾਸ ਦੇ ਨਾਲ ਲੱਗਦੇ ਢਾਬੇ ’ਤੇ  ਪਹੁੰਚੇ।
ਹਮਲਾਵਰਾਂ ਵਿਚ ਇੱਕ ਅੱਲ੍ਹੜ ਨੌਜਵਾਨ, ਉਸ ਦੀ ਮਾਂ ਅਤੇ ਇੱਕ 22 ਸਾਲਾ ਵਿਅਕਤੀ ਸ਼ਾਮਲ ਸਨ, ਜਿਨ੍ਹਾਂ ਰੋਫ਼ੀਆ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕੀਤੇ। ਮੁਲਜ਼ਮ ਕਥਿਤ ਤੌਰ ’ਤੇ ਇੱਕ ਵੱਖਰੀ ਗੱਡੀ ਵਿੱਚ ਦੋਵਾਂ ਦਾ ਪਿੱਛਾ ਕਰ ਰਹੇ ਸਨ। ਅਧਿਕਾਰੀ ਨੇ ਕਿਹਾ ਕਿ ਅਨਸਾਰੀ ਫ਼ਰਾਰ ਹੈ ਅਤੇ ਹਮਲਾਵਰਾਂ ਵਿੱਚ ਸ਼ਾਮਲ ਔਰਤ ਉਸ ਦੀ ਪਤਨੀ ਦੱਸੀ ਜਾਂਦੀ ਹੈ। ਉਨ੍ਹਾ ਕਿਹਾ ਕਿ ਪੀੜਤਾ ਵੀ ਕਿਸੇ ਹੋਰ ਆਦਮੀ ਨਾਲ ਵਿਆਹੀ ਹੋਈ ਸੀ।