ਚੋਲਾ ਚੜ੍ਹਾਉਣ ਵੇਲੇ ਡਿੱਗਣ ਕਾਰਨ ਸੇਵਾਦਾਰ ਦੀ ਮੌਤ

0
33

ਬਟਾਲਾ : ਇੱਥੋਂ ਦੇ ਇਤਿਹਾਸਕ ਗੁਰਦੁਆਰਾ ਕੰਧ ਸਾਹਿਬ ਵਿਖੇ ਸ਼ੁੱਕਰਵਾਰ ਨਿਸ਼ਾਨ ਸਾਹਿਬ ਦਾ ਚੋਲਾ ਚੜ੍ਹਾਉਂਦੇ ਸਮੇਂ ਤਾਰ ਟੁੱਟਣ ਕਾਰਨ ਹੇਠਾਂ ਡਿੱਗਣ ਕਰ ਕੇ ਸੇਵਾਦਾਰ ਸਤਨਾਮ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਬਾਲੇਵਾਲ ਦੀ ਮੌਤ ਹੋ ਗਈ। ਗੰਭੀਰ ਜ਼ਖਮੀ ਹਾਲਤ ’ਚ ਉਸ ਨੂੰ ਤੁਰੰਤ ਬਟਾਲਾ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮਿ੍ਰਤਕ ਐਲਾਨ ਦਿੱਤਾ। ਉਹ ਆਰਜ਼ੀ ਤੌਰ ’ਤੇ ਬਿਜਲੀ ਮਕੈਨਿਕ ਵਜੋਂ ਸੇਵਾ ਨਿਭਾਅ ਰਿਹਾ ਸੀ ਅਤੇ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਸੇਵਾ ਵੀ ਪਿਛਲੇ ਲੰਮੇ ਸਮੇਂ ਤੋਂ ਕਰਦਾ ਆ ਰਿਹਾ ਸੀ। ਉਹ ਸਵੇਰੇ 70 ਫੁੱਟ ਉੱਚੇ ਨਿਸ਼ਾਨ ਸਾਹਿਬ ’ਤੇ ਚੜ੍ਹਿਆ ਤਾਂ ਅਚਾਨਕ ਤਾਰ ਟੁੱਟ ਗਈ।
ਸ਼ੰਭੂ ਮੋਰਚੇ ’ਤੇ ਕਿਸਾਨ ਦੀ ਮੌਤ
ਪਟਿਆਲਾ (ਰਾਜਿੰਦਰ ਸਿੰਘ ਥਿੰਦ) : ਸ਼ੰਭੂ ਮੋਰਚੇ ’ਚ ਹਿੱਸਾ ਲੈ ਰਹੇ ਜ਼ਿਲ੍ਹਾ ਅੰਮਿ੍ਰਤਸਰ ਦੇ ਪਿੰਡ ਕੱਕੜ ਦੇ ਕਿਸਾਨ ਪਰਗਟ ਸਿੰਘ ਪੁੱਤਰ ਤਰਲੋਕ ਸਿੰਘ ਦੀ ਸ਼ੁੱਕਰਵਾਰ ਦਿਲ ਦਾ ਦੌਰਾ ਪੈਣ ਕਰਨ ਮੌਤ ਹੋ ਗਈ। ਪਰਗਟ ਸਿੰਘ (65 ) ਦੋ ਏਕੜ ਭੋਇੰ ਦਾ ਮਾਲਕ ਸੀ। ਉਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮੋਰਚੇ ਵਿੱਚ ਪਹੁੰਚਿਆ ਸੀ।
ਬੇਅਦਬੀ ਦੀ ਕੋਸ਼ਿਸ਼
ਜਲੰਧਰ : ਥਾਣਾ ਆਦਮਪੁਰ ਅਧੀਨ ਪਿੰਡ ਚੋਮੋ ਦੇ ਗੁਰਦੁਆਰਾ ਸਾਹਿਬ ਵਿਖੇ ਸ਼ੁੱਕਰਵਾਰ ਸਵੇਰੇ ਕਰੀਬ 6 ਵਜੇ ਪਿੰਡ ਦੀ ਕਰੀਬ 55 ਸਾਲਾ ਔਰਤ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੌਕੇ ’ਤੇ ਹਾਜ਼ਰ ਗ੍ਰੰਥੀ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਲੋਕਾਂ ਨੇ ਉਸ ਨੂੰ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ ਗਿਆ। ਘਟਨਾ ਗੁਰਦੁਆਰਾ ਸਾਹਿਬ ਦੇ ਸੀ ਸੀ ਟੀ ਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਈ ਹੈ। ਪੁਲਸ ਜਾਂਚ ਕਰ ਰਹੀ ਸੀ।
ਦੋ ਦਹਿਸ਼ਤਗਰਦ ਹਲਾਕ
ਜੰਮੂ : ਪੁੰਛ ਜ਼ਿਲੇ੍ਹ ਵਿੱਚ ਐੱਲ ਓ ਸੀ ਰਾਹੀਂ ਹਥਿਆਰਾਂ ਸਮੇਤ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਦੋ ਦਹਿਸ਼ਤਗਰਦਾਂ ਨੂੰ ਜਵਾਨਾਂ ਨੇ ਮਾਰ ਦਿੱਤਾ। ਘਟਨਾ ਵੀਰਵਾਰ ਰਾਤ ਖਾਰੀ ਕਰਮਾਰਾ ਖੇਤਰ ਵਿੱਚ ਹੋਈ। ਫੌਜ ਨੇ ਦੱਸਿਆ ਕਿ ਰਾਤ ਭਰ ਹੋਏ ਮੁਕਾਬਲੇ ਦੌਰਾਨ ਦੋ ਦਹਿਸ਼ਤਗਰਦ ਮਾਰੇ ਗਏ।