ਜਲਾਲਾਬਾਦ/ਗੁਰੂ ਹਰਸਹਾਏ/ਫਿਰੋਜ਼ਪੁਰ (ਜੰਗੀਰ ਕੌਰ ਫਲੀਆਂਵਾਲਾ/ਜੀਤ ਕੁਮਾਰ/ ਮਨਦੀਪ ਸਿੰਘ ਸੋਢੀ/ਗੁਰਬਚਨ ਸੋਨੂੰ)
ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਸੜਕ ’ਤੇ ਪਿੰਡ ਮੋਹਨ ਕੇ ਉਤਾੜ ਕੋਲ ਸ਼ੁੱਕਰਵਾਰ ਸਵੇਰੇ ਕਰੀਬ 10 ਵਜੇ ਮਹਿੰਦਰਾ ਪਿਕਅੱਪ ਅਤੇ ਕੈਂਟਰ ਦੀ ਟੱਕਰ ’ਚ 9 ਲੋਕਾਂ ਦੀ ਮੌਤ ਹੋ ਗਈ ਤੇ 11 ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ 5 ਦੀ ਹਾਲਤ ਗੰਭੀਰ ਸੀ।
ਮਿ੍ਰਤਕਾਂ ਦੀ ਪਣਾਣ ਗੋਬਿੰਦ ਪੁੱਤਰ ਅੱਕੂ, ਵਿੱਕੀ ਪੁੱਤਰ ਬੀਬਾ ਰਾਮ, ਰਵੀ ਪੁੱਤਰ ਬੱਲੂ ਰਾਮ, ਚਾਂਦ ਪੁੱਤਰ ਵਿਸਾਖੀ ਰਾਮ, ਮਨੋਜ ਕੁਮਾਰ ਵਾਸੀ ਗੁਰੂ ਹਰਸਹਾਏ, ਸੁਖਵਿੰਦਰ ਪੁੱਤਰ ਮਹਿੰਦਰ ਸਿੰਘ ਵਾਸੀ ਮਮਦੋਟ, ਜਸਵੰਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਸਰੂਪੇਵਾਲਾ, ਬੱਗਾ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਝੰਡੂਵਾਲਾ, ਮਲਕੀਤ ਸਿੰਘ ਪੁੱਤਰ ਬੂਮ ਸਿੰਘ ਵਾਸੀ ਲਾਲਚੀਆਂ ਵਜੋਂ ਹੋਈ ਹੈ। ਚਸ਼ਮਦੀਦਾਂ ਮੁਤਾਬਕ ਮਨੋਜ ਪਿਕਅੱਪ ਚਲਾ ਕੇ ਸਭ ਨੂੰ ਜਲਾਲਾਬਾਦ ਲੈ ਕੇ ਜਾ ਰਿਹਾ ਸੀ। ਇਹ ਸਾਰੇ ਗੁਰੂ ਹਰਸਹਾਏ ਤੋਂ ਜਲਾਲਾਬਾਦ ਵਿਆਹ ’ਚ ਵੇਟਰ ਦਾ ਕੰਮਕਾਜ ਕਰਨ ਜਾ ਰਹੇ ਸਨ।
ਰਾਹਗੀਰਾਂ ਦੀ ਮਦਦ ਨਾਲ ਪੁਲਸ ਜ਼ਖਮੀਆਂ ਨੂੰ ਜਲਾਲਾਬਾਦ ਹਸਪਤਾਲ ਲੈ ਗਈ। ਹਾਦਸਾ ਏਨਾ ਭਿਆਨਕ ਸੀ ਕਿ ਪਿਕਅੱਪ ਵਿੱਚ ਸਵਾਰ ਨੌਜਵਾਨਾਂ ਦੀਆਂ ਲਾਸ਼ਾਂ ਹਾਈਵੇ ਦੇ ਕਿਨਾਰੇ ਖੇਤਾਂ ਵਿੱਚ ਵੀ ਡਿੱਗੀਆਂ।
ਪੁਲਸ ਇੰਸਪੈਕਟਰ ਜਸਵਿੰਦਰ ਸਿੰਘ ਬਰਾੜ ਨੇ ਮੀਡੀਆ ਨੂੰ ਦੱਸਿਆ ਕਿ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਬਲ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਜ਼ਖਮੀਆਂ ਨੂੰ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਲਿਜਾਣ ਤੋਂ ਬਾਅਦ ਨੈਸ਼ਨਲ ਹਾਈਵੇ ਨੂੰ ਖਾਲੀ ਕਰਵਾਇਆ ਗਿਆ, ਕਿਉਂਕਿ ਬਹੁਤ ਵੱਡਾ ਟਰੈਫਿਕ ਜਾਮ ਲੱਗ ਗਿਆ ਸੀ। ਪਿਕਅੱਪ ਕੰਟਰੋਲ ਤੋਂ ਬਾਹਰ ਹੋਣ ਤੋਂ ਬਾਅਦ ਕੈਂਟਰ ਨਾਲ ਟਕਰਾ ਗਈ। ਇੱਕ ਵਿਅਕਤੀ ਨੇ ਦੱਸਿਆ ਕਿ ਉਸ ਦੇ ਮਰਨ ਵਾਲੇ ਭਤੀਜੇ ਜਸਵੰਤ ਸਿੰਘ ਸੱਤੂ ਦਾ ਕੰਮ ’ਤੇ ਦੂਜਾ ਦਿਨ ਸੀ।
ਗੁਰੂ ਹਰਸਹਾਏ ਦੇ ਡੀ ਐੱਸ ਪੀ ਸਤਨਾਮ ਸਿੰਘ ਨੇ ਦੱਸਿਆ ਕਿ ਪਿਕਅੱਪ ਗੱਡੀ ਗੁਰੂ ਹਰਸਹਾਏ ਤੋਂ ਜਲਾਲਾਬਾਦ ਵੱਲ ਜਾ ਰਹੀ ਸੀ। ਕੈਂਟਰ ਜਲਾਲਾਬਾਦ ਤੋਂ ਫਿਰੋਜ਼ਪੁਰ ਵੱਲ ਜਾ ਰਿਹਾ ਸੀ। ਜਦੋਂ ਉਹ ਸ਼ਹੀਦ ਊਧਮ ਸਿੰਘ ਕਾਲਜ ਦੇ ਨੇੜੇ ਪਹੁੰਚੇ ਤਾਂ ਅਚਾਨਕ ਦੋਵਾਂ ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਗਈ। ਪਿਕਅੱਪ ਬੁਰੀ ਤਰ੍ਹਾਂ ਨੁਕਸਾਨੀ ਗਈ।
ਹਾਦਸਾ ਧੁੰਦ ਕਾਰਨ ਹੋਇਆ ਜਾਪਦਾ ਹੈ, ਪਰ ਜਾਂਚ ਜਾਰੀ ਹੈ। ਫਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ 9 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾ ਕਿਹਾ ਕਿ ਜ਼ਖਮੀਆਂ ਨੂੰ ਫਰੀਦਕੋਟ ਅਤੇ ਜਲਾਲਾਬਾਦ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। 11 ਜ਼ਖਮੀ ਮਰੀਜ਼ਾਂ ਵਿੱਚੋਂ 10 ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕੀਤਾ ਗਿਆ ਹੈ। ਜਲਾਲਾਬਾਦ ਵਿੱਚ ਇੱਕ ਮਰੀਜ਼ ਦਾ ਇਲਾਜ ਚੱਲ ਰਿਹਾ ਹੈ। ਸਾਰਿਆਂ ਦਾ ਇਲਾਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਹੈ।
ਇਸ ਦਰਦਨਾਕ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੀੜਤ ਪਰਵਾਰਾਂ ਨਾਲ ਆਪਣੀ ਦਿਲੀ ਹਮਦਰਦੀ ਸਾਂਝੀ ਕੀਤੀ ਅਤੇ ਉਨ੍ਹਾਂ ਨੂੰ ਇਸ ਨਾ ਪੂਰਾ ਹੋਣ ਵਾਲੇ ਘਾਟੇ ਨੂੰ ਸਹਿਣ ਦਾ ਬਲ ਬਖਸ਼ਣ ਅਤੇ ਵਿਛੜੀਆਂ ਰੂਹਾਂ ਦੀ ਆਤਮਕ ਸ਼ਾਂਤੀ ਲਈ ਅਕਾਲ ਪੁਰਖ ਅੱਗੇ ਅਰਦਾਸ ਕੀਤੀ।
ਮਾਨ ਨੇ ਕਿਹਾ ਕਿ ਉਹ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿੱਚ ਹਨ ਅਤੇ ਸਥਿਤੀ ਦੀ ਨਿਯਮਤ ਤੌਰ ’ਤੇ ਨਿਗਰਾਨੀ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾ ਪਹਿਲਾਂ ਹੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਾਰੇ ਜ਼ਖਮੀਆਂ ਦਾ ਮੁਫ਼ਤ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਉਨ੍ਹਾ ਸਾਰੇ ਜ਼ਖਮੀਆਂ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਵੀ ਕੀਤੀ।
ਵਿਧਾਨ ਸਭਾ ਹਲਕਾ ਗੁਰੂ ਹਰਸਹਾਏ ਦੇ ਵਿਧਾਇਕ ਫ਼ੌਜਾ ਸਿੰਘ ਸਰਾਰੀ ਨੇ ਇਸ ਮੰਦਭਾਗੀ ਘਟਨਾ ਵਾਪਰਨ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਮੰਦਭਾਗੀ ਘਟਨਾ ’ਚ ਮਰਨ ਵਾਲਿਆਂ ਦੇ ਪਰਵਾਰਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਅਤੇ ਇਸ ਹਾਦਸੇ ’ਚ ਜ਼ਖਮੀ ਮਰੀਜ਼ਾਂ ਦਾ ਪੂਰਾ ਇਲਾਜ ਕਰਵਾਇਆ ਜਾਵੇਗਾ।
ਵਿਧਾਇਕ ਸਰਾਰੀ ਅਤੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਸਿਵਲ ਹਸਪਤਾਲ ਫ਼ਿਰੋਜ਼ਪੁਰ ਦਾ ਦੌਰਾ ਕਰਕੇ ਜ਼ਖਮੀਆਂ ਦਾ ਹਾਲ ਜਾਣਿਆ ਅਤੇ ਉਨ੍ਹਾਂ ਦਾ ਸਮੁੱਚਾ ਇਲਾਜ ਸੂਬਾ ਸਰਕਾਰ ਵੱਲੋਂ ਕਰਾਉਣ ਦਾ ਭਰੋਸਾ ਦਿੱਤਾ।