ਦੇਸ਼ ਦੀ ਮਜ਼ਬੂਤੀ ਲਈ ਖੇਤੀ ਸੈਕਟਰ ਦੀ ਮਜ਼ਬੂਤੀ ਜ਼ਰੂਰੀ : ਡੱਲੇਵਾਲ

0
28

ਪਟਿਆਲਾ : ਕਿਸਾਨੀ ਮੰਗਾਂ ਦੀ ਪੂਰਤੀ ਲਈ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੀ ਅਗਵਾਈ ਅਤੇ ਕਿਸਾਨ ਅੰਦੋਲਨ-2 ਦੇ ਬੈਨਰ ਹੇਠਾਂ ਅੰਤਰਰਾਜੀ ਬਾਰਡਰਾਂ ’ਤੇ ਜਾਰੀ ਕਿਸਾਨ ਮੋਰਚਿਆਂ ਨੂੰ ਸਾਲ ਪੂਰਾ ਹੋਣ ’ਤੇ ਬੁੱਧਵਾਰ ਢਾਬੀ ਗੁਜਰਾਂ ਬਾਰਡਰ ’ਤੇ ਵਿਸ਼ਾਲ ਮਹਾਂਪੰਚਾਇਤ ਕੀਤੀ ਗਈ। ਇਸ ਵਿੱਚ ਪੰਜਾਬ ਅਤੇ ਹਰਿਆਣਾ ਸਮੇਤ ਕਈ ਹੋਰ ਰਾਜਾਂ ਤੋਂ ਆਏ ਕਿਸਾਨਾਂ ਨੇ ਵੀ ਸ਼ਿਰਕਤ ਕੀਤੀ।
ਇਸ ਦੌਰਾਨ 79 ਦਿਨਾਂ ਤੋਂ ਮਰਨ ਵਰਤ ’ਤੇ ਚੱਲ ਰਹੇ ਜਗਜੀਤ ਸਿੰਘ ਡੱਲੇਵਾਲ ਨੇ ਵੀ ਆਪਣੇ ਟਰਾਲੀਨੁਮਾ ਕਮਰੇ ਵਿੱਚੋਂ ਹੀ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦੇਸ਼ ਦੀ ਮਜ਼ਬੂਤੀ ਲਈ ਖੇਤੀ ਸੈਕਟਰ ਨੂੰ ਮਜ਼ਬੂਤ ਕੀਤਾ ਜਾਵੇ। ਇਸ ਦੌਰਾਨ ਉਨ੍ਹਾ ਐੱਮ ਐੱਸ ਪੀ ਗਰੰਟੀ ਕਾਨੂੰਨ ਅਤੇ ਡਾ. ਸਵਾਮੀਨਾਥਨ ਦੀ ਰਿਪੋਰਟ ਵਿਚਲਾ ਫਾਰਮੂਲਾ ਲਾਗੂ ਕਰਨ ਸਮੇਤ ਹੋਰ ਕਿਸਾਨੀ ਮੰਗਾਂ ਦੀ ਪੂਰਤੀ ’ਤੇ ਵੀ ਜ਼ੋਰ ਦਿੱਤਾ।
ਉਨ੍ਹਾ ਹਾਲ ਹੀ ’ਚ ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਕੇਂਦਰ ਅਤੇ ਰਾਜ ਸਰਕਾਰਾਂ ਤੋਂ ਇਨ੍ਹਾਂ ਪੀੜਤਾਂ ਦੀ ਬਾਂਹ ਫੜਨ ਦੀ ਮੰਗ ਕੀਤੀ। ਅਜਿਹੇ ਹਾਲਾਤ ਲਈ ਸਰਕਾਰ ਨੂੰ ਜ਼ਿੰਮੇਵਾਰ ਗਰਦਾਨਦਿਆਂ ਉਨ੍ਹਾ ਦਾ ਕਹਿਣਾ ਸੀ ਕਿ ਭਾਰਤ ’ਚ ਖੇਤੀ ਧੰਦਾ ਮੰਦਾ ਹੋਣ ਸਮੇਤ ਰੁਜ਼ਗਾਰ ਦੇ ਹੋਰ ਢੁਕਵੇਂ ਸਾਧਨਾਂ ਦੀ ਤੋਟ ਹੋਣ ਕਾਰਨ ਹੀ ਇਨ੍ਹਾਂ ਨੂੰ ਆਪਣੇ ਤੇ ਪਰਵਾਰਾਂ ਦੇ ਸੁਨਹਿਰੇ ਭਵਿੱਖ ਲਈ ਵਿਦੇਸ਼ ਜਾਣਾ ਪਿਆ ਹੈ।
ਮਹਾਂਪੰਚਾਇਤ ਦੀ ਸਟੇਜ ਤੋਂ ਸ਼ਹੀਦ ਸ਼ੁਭਕਰਨ ਸਿੰਘ ਬੱਲੋ ਨੂੰ ਸ਼ਰਧਾਂਜਲੀ ਭੇਂਟ ਕੀਤੇ ਗਈ ਤੇ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਣ ਮਗਰੋਂ ਪੀ ਜੀ ਆਈ ਵਿਖੇ ਇਲਾਜ ਦੌਰਾਨ ਦਮ ਤੋੜਨ ਵਾਲੇ ਕਿਸਾਨ ਚਰਨਜੀਤ ਸਿੰਘ ਕਾਲਾ ਦੀ ਮੌਤ ’ਤੇ ਵੀ ਦੁੱਖ ਪ੍ਰਗਟ ਕੀਤਾ ਗਿਆ। ਇਸ ਤੋਂ ਇਲਾਵਾ ਕਾਕਾ ਸਿੰਘ ਕੋਟੜਾ ਅਤੇ ਸੁਖਜੀਤ ਸਿੰਘ ਹਰਦੋਝੰਡੇ ਸਮੇਤ ਕਈ ਹੋਰ ਕਿਸਾਨ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਜਿਥੇ ਇਸ ਕਿਸਾਨ ਅੰਦੋਲਨ ਦਾ ਸਾਲ ਭਰ ਦਾ ਲੇਖਾ-ਜੋਖਾ ਪੇਸ਼ ਕੀਤਾ, ਉਥੇ ਹੀ ਇਸ ਨੂੰ ਦੇਸ਼ ਭਰ ਦੇ ਲੋਕਾਂ ਦੀ ਸਾਂਝੀ ਲੜਾਈ ਦੱਸਦਿਆਂ ਇਸ ਨੂੰ ਜਿੱਤ ਤੱਕ ਲਿਜਾਣ ਲਈ ਸਾਰੇ ਵਰਗਾਂ ਦੇ ਭਰਵੇਂ ਸਹਿਯੋਗ ਦੀ ਮੰਗ ਵੀ ਕੀਤੀ ਗਈ।
ਇਸੇ ਦੌਰਾਨ ਏਕਤਾ ਦੇ ਮਤੇ ’ਤੇ ਅੱੈਸ ਕੇ ਅੱੈਮ ਦੀ ਤਾਲਮੇਲ ਕਮੇਟੀ ਵੱਲੋਂ ਸੱਦੀ ਗਈ ਮੀਟਿੰਗ ’ਚ ਸ਼ਾਮਲ ਹੋਣ ਕਰਕੇ ਕਿਸਾਨ-ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਸਮੇਤ ਕਈ ਹੋਰ ਆਗੂ ਮਹਾਂਪੰਚਾਇਤ ’ਚ ਸ਼ਾਮਲ ਨਾ ਹੋ ਸਕੇ।