ਬੜੇ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ…

0
108

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਹਿਲੀ ਵਾਰੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ 2020 ਵਿੱਚ ਸੰਭਾਲਣੀ ਸੀ, ਪਰ ਉਸ ਸਮੇਂ ਬੀਬੀ ਜਗੀਰ ਕੌਰ ਨੇ ਖੁਦ ਪ੍ਰਧਾਨ ਬਣਨ ਦਾ ਰੱਟਾ ਪਾ ਦਿੱਤਾ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਇਹ ਕਹਿ ਕੇ ਬੀਬੀ ਨੂੰ ਪ੍ਰਧਾਨ ਬਣਾਉਣ ਦੀ ਹਾਮੀ ਭਰ ਦਿੱਤੀ ਕਿ ਬੀਬੀ ਜੀ ਤਾਂ ਆਪਣੇ ਹੀ ਹਨ।ਸੁਖਬੀਰ ਸਿੰਘ ਬਾਦਲ ਨੇ ਧਾਮੀ ਨਾਲ ਵਾਅਦਾ ਕੀਤਾ ਸੀ ਕਿ ਉਹਨਾ ਨੂੰ ਪ੍ਰਧਾਨ ਬਣਾਇਆ ਜਾਵੇਗਾ, ਪਰ ਉਸ ਸਮੇਂ ਬੀਬੀ ਨੇ ਜ਼ਿੱਦ ਕਰਕੇ ਪ੍ਰਧਾਨਗੀ ਲਈ ਸੀ ਤੇ ਧਾਮੀ ਨੂੰ ਸ਼੍ਰੋਮਣੀ ਕਮੇਟੀ ਦਾ ਆਨਰੇਰੀ ਮੁੱਖ ਸਕੱਤਰ ਲਗਾ ਦਿੱਤਾ ਗਿਆ ਤੇ ਸਾਰੇ ਅਧਿਕਾਰ ਉਸ ਕੋਲ ਆ ਗਏ।2021 ਨਵੰਬਰ ਵਿੱਚ ਧਾਮੀ ਪਹਿਲੀ ਵਾਰੀ ਪ੍ਰਧਾਨ ਬਣੇ ਤਾਂ ਉਹਨਾ ਦਾ ਗਰਮਜੋਸ਼ੀ ਨਾਲ ਸੁਆਗਤ ਹੋਇਆ। ਪਹਿਲਾਂ ਪਹਿਲ ਤਾਂ ਉਹ ਗੱਡੀ ਵੀ ਆਪਣੀ ਵਰਤਦੇ ਸਨ, ਫਿਰ ਜਦੋਂ ਲੰਮੀਆਂ ਵਾਟਾਂ ਪੈ ਗਈਆਂ ਤਾਂ ਉਹਨਾ ਵੱਲੋਂ ਪਹਿਲੇ ਪ੍ਰਧਾਨਾਂ ਵਾਂਗ ਹੀ ਗੱਡੀਆਂ ਦੀ ਰੇਲ ਬਣਾ ਦਿੱਤੀ ਗਈ। ਐਡਵੋਕੇਟ ਧਾਮੀ ’ਤੇ ਕਿਸੇ ਕਿਸਮ ਦਾ ਭਿ੍ਰਸ਼ਟਾਚਾਰ ਦਾ ਇਲਜ਼ਾਮ ਨਹੀ ਲੱਗਦਾ, ਪਰ ਬਾਦਲ ਦਲ ਨੂੰ ਖੁੱਲ੍ਹੀਆਂ ਛੁੱਟੀਆਂ ਵੀ ਦੇ ਦਿੱਤੀਆਂ। ਸ਼੍ਰੋਮਣੀ ਕਮੇਟੀ ਵਿੱਚ ਸਿਰਫ ਦੋ ਹੀ ਵਿਅਕਤੀਆਂ ਹਰਸਿਮਰਤ ਕੌਰ ਬਾਦਲ ਤੇ ਬਿਕਰਮ ਸਿੰਘ ਮਜੀਠੀਆਂ ਦੇ ਹੀ ਹੁਕਮ ਚੱਲਦੇ ਹਨ। ਧਾਮੀ ਨੇ ਭਾਵੇਂ ਅਸਤੀਫਾ ਦੇ ਕੇ ਆਪਣੇ ਆਪ ਨੂੰ ਸੁਰਖਰੂ ਕਰ ਲਿਆ ਹੈ, ਪਰ ਇਸ ਸਮੇਂ ਅਸਤੀਫਾ ਦੇਣਾ ਸਾਬਤ ਕਰਦਾ ਹੈ ਕਿ ਉਹਨਾ ਅਸਤੀਫਾ ਦੇ ਕੇ ਸਿਆਸੀ ਤੌਰ ’ਤੇ ਖੁਦਕੁਸ਼ੀ ਕਰ ਲਈ ਹੈ। ਕਿੰਨਾ ਚੰਗਾ ਹੁੰਦਾ ਕਿ ਜੇਕਰ ਧਾਮੀ ਸਾਹਿਬ ਅਸਤੀਫਾ ਦੇਣ ਦੀ ਬਜਾਏ ਅਕਾਲ ਤਖਤ ਦੇ ਹੁਕਮਾਂ ਨੂੰ ਲਾਗੂ ਕਰਦੇ ਤੇ ਬਾਦਲਦਲੀਏ ਉਹਨਾ ਨੂੰ ਦੋ ਤਿਹਾਈ ਮੈਬਰਾਂ ਨਾਲ ਲਾਂਭੇ ਕਰਦੇ। ਗਿਆਨੀ ਹਰਪ੍ਰੀਤ ਸਿੰਘ ਨੇ ਅਸਤੀਫਾ ਨਾ ਦੇ ਕੇ ਖੁਦਕਸ਼ੀ ਨਹੀਂ ਕੀਤੀ, ਉਹਨਾ ਸ਼ਹੀਦ ਹੋਣਾ ਠੀਕ ਸਮਝਿਆ ਤੇ ਅੱਜ ਲੋਕ ਉਹਨਾ ਨੂੰ ਪੂਰੇ ਪੰਜਾਬ ਹੀ ਨਹੀਂ, ਸਗੋਂ ਪੰਜਾਬ ਤੋਂ ਬਾਹਰ ਵੀ ਬੁਲਾ ਕੇ ਉਹਨਾ ਦੇ ਪੰਥਕ ਵਿਚਾਰ ਰੱਖਣ ਦਾ ਮੌਕਾ ਦਿੰਦੇ ਹਨ।
ਐਡਵੋਕੇਟ ਧਾਮੀ ਨੂੰ ਅਸਤੀਫਾ ਨਾ ਦੇ ਕੇ ਸਗੋਂ ਸੱਤ ਮੈਂਬਰੀ ਕਮੇਟੀ ਨੂੰ ਮਜ਼ਬੂਤ ਕਰਨ ਦਾ ਕਾਰਜ ਕਰਕੇ ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਬਾਦਲ ਦਲ ਦੇ ਆਗੂਆਂ ਖਿਲ਼ਾਫ ਸਖਤ ਕਾਰਵਾਈ ਕਰਨ ਲਈ ਜਥੇਦਾਰ ਅਕਾਲ ਤਖਤ ਨੂੰ ਬੇਨਤੀ ਕਰਨੀ ਚਾਹੀਦੀ ਸੀ, ਪਰ ਉਹਨਾ ਅਸਤੀਫਾ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਪੰਥ ਲਈ ਲੜਨ ਦੀ ਸਮੱਰਥਾ ਨਹੀ ਰੱਖਦੇ। ਧਾਮੀ ਹੀ ਅਜਿਹੇ ਪ੍ਰਧਾਨ ਹੋਏ ਹਨ, ਜਿਹਨਾ ਪੰਥ ਦੇ ਸੰਕਟ ਸਮੇਂ ਅਸਤੀਫਾ ਦੇ ਕੇ ਆਪਣੀ ਜ਼ਿੰਮੇਵਾਰੀ ਨੂੰ ਅਲਵਿਦਾ ਕਿਹਾ ਹੈ।
ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਧਾਮੀ ਨੇ ਇਹ ਬਿਖੇੜਾ ਉਸ ਵੇਲੇ ਖੜਾ ਕੀਤਾ ਹੈ, ਜਦੋਂ ਸੌ ਸਾਲ ਪਹਿਲਾਂ 1925 ਵਿੱਚ ਸ਼੍ਰੋਮਣੀ ਕਮੇਟੀ ਦੇ ਐਕਟ ਨੂੰ ਪ੍ਰਵਾਨਗੀ ਮਿਲੀ ਸੀ ਤੇ ਫਿਰ ਚੋਣਾਂ ਹੋ ਕੇ ਪਹਿਲਾ ਹਾਊਸ ਚੁਣਿਆ ਗਿਆ ਸੀ।ਅਕਾਲੀ ਦਲ ਬਾਰੇ ਵੀ ਕਿਹਾ ਜਾਂਦਾ ਸੀ ਕਿ ਇਹ 1920 ਵਿੱਚ ਹੋਂਦ ਵਿੱਚ ਆਇਆ ਤੇ 2020 ਵਿੱਚ ਖਤਮ ਹੋ ਜਾਵੇਗਾ ਤੇ ਅੱਜ ਅਜਿਹੀ ਸਥਿਤੀ ਬਣੀ ਹੋਈ ਹੈ।ਇਸੇ ਤਰ੍ਹਾਂ ਧਾਮੀ ਸਾਹਿਬ ਨੇ ਵੀ ਅਸਤੀਫਾ ਦੇ ਕੇ ਲੱਗਦਾ ਹੈ ਉਹਨਾਂ ਪੰਥ ਵਿਰੋਧੀ ਜਥੇਬੰਦੀਆਂ ਨੂੰ ਇੱਕ ਮੌਕਾ ਦਿੱਤਾ ਹੈ ਕਿ 1925 ਵਿੱਚ ਸ਼੍ਰੋਮਣੀ ਕਮੇਟੀ ਦਾ ਐਕਟ ਬਣਾਇਆ ਗਿਆ ਸੀ ਤੇ 2025 ਵਿੱਚ ਖਤਮ ਕਰ ਦਿੱਤਾ ਜਾਵੇਗਾ।
ਧਾਮੀ ਸ੍ਰੀ ਗੁਰੁ ਸਿੰਘ ਸਭਾ ਹਸ਼ਿਆਰਪੁਰ ਦੇ ਵੀ ਪ੍ਰਧਾਨ ਹਨ। ਕੀ ਉਸ ਪ੍ਰਧਾਨਗੀ ਤੋਂ ਵੀ ਅਸਤੀਫਾ ਦੇਣਗੇ? ਧਾਮੀ ’ਤੇ ਇਹ ਵੀ ਦੋਸ਼ ਲੱਗਦਾ ਹੈ ਕਿ ਉਹਨਾ ਕਿਸੇ ਇੱਕ ਸੰਸਥਾ ਦਾ ਨੁਕਸਾਨ ਨਹੀਂ, ਸਗੋਂ ਤਿੰਨ ਸੰਸਥਾਵਾਂ ਅਕਾਲ ਤਖਤ, ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਬਾਦਲ ਦਾ ਨੁਕਸਾਨ ਕੀਤਾ ਹੈ। ਆਮ ਲੋਕਾਂ ਦਾ ਮੰਨਣਾ ਹੈ ਕਿ ਬਾਦਲ ਦਲ ਵਾਲੇ ਕਦੇ ਵੀ ਅਕਾਲ ਤਖਤ ’ਤੇ ਪੇਸ਼ ਨਾ ਹੁੰਦੇ, ਜੇਕਰ ਧਾਮੀ ਉਹਨਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਇਹ ਨਾ ਕਹਿੰਦੇ ਕਿ ਚਿੰਤਾ ਨਾ ਕਰੋ, ਸਾਰਾ ਕੁਝ ਸੰਭਾਲ ਲਿਆ ਜਾਵੇਗਾ।ਪਹਿਲਾਂ ਅਕਾਲੀ ਦਲ ਦੇ ਖਿਲਾਫ ਜਥੇਦਾਰਾਂ ਨੇ ਫੈਸਲਾ ਦੇ ਕੇ ਬਾਦਲ ਦਲ ਮਾਂਜ ਦਿੱਤਾ ਤੇ ਅਕਾਲ ਤਖਤ ਦੇ ਹੁਕਮ ਨਾ ਮੰਨ ਕੇ ਧਾਮੀ ਨੇ ਸਿੱਖ ਕੌਮ ਦੀ ਸਰਵਉੱਚ ਸੰਸਥਾ ਦੀ ਸਰਵਉੱਚਤਾ ਨੂੰ ਠੇਸ ਪਹੁੰਚਾਈ ਹੈ ਅਤੇ ਹੁਣ ਅਸਤੀਫਾ ਦੇ ਕੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਇਸ ਸੰਸਥਾ ਦਾ ਵੀ ਵੱਡਾ ਨੁਕਸਾਨ ਕੀਤਾ ਹੈ।
ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਬਲਵਿੰਦਰ ਸਿੰਘ ਜੌੜਸਿੰਘਾ ਦਾ ਕਹਿਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਫਾਰਗ ਕਰਨ, ਕਰਵਾਉਣ ਨੂੰ ਲੈ ਕੇ ਅਤੇ ਸੱਤ ਮੈਂਬਰੀ ਅਕਾਲੀ ਦਲ ਭਰਤੀ ਚੋਣ ਕਮੇਟੀ ਦੀ ਮੈਂਬਰੀ ਦੀ ਲਾਚਾਰੀ ਕਰਕੇ ਆਤਮਾ ’ਤੇ ਭਾਰੇ ਪਏ ਬੋਝ ਕਰਕੇ ਸੱਤ ਮੈਂਬਰੀ ਕਮੇਟੀ ਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ, ਇਹ ਬਹੁਤ ਮੰਦਭਾਗਾ ਹੈ। ਇਸ ਤੋਂ ਸਿੱਧਾ ਸਪੱਸ਼ਟ ਹੁੰਦਾ ਹੈ ਕਿ ਅਕਾਲੀ ਦਲ ਬਾਦਲ ’ਤੇ ਸੁਖਬੀਰ ਸਿੰਘ ਦਾ ਕਿੰਨਾ ਦਬਾਅ ਸੀ ਤੇ ਹੋਵੇਗਾ।
ਪ੍ਰਧਾਨ ਸਾਹਿਬ ਇਮਾਨਦਾਰ, ਮੇਹਨਤੀ, ਨਿਤਨੇਮੀ ਤੇ ਇੱਕ ਚੰਗੀ ਪੰਥਕ ਸ਼ਖ਼ਸੀਅਤ ਹਨ।ਚੰਗਾ ਹੁੰਦਾ ਉਹ ਇਸ ਦਬਾਅ ਵਿਰੁੱਧ ਡਟਦੇ ਤੇ ਤੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਖਲੋਂਦੇ। ਇਸ ਸਮੇਂ ਪੰਥ ’ਤੇ ਪਏ ਸੰਕਟ ਦਾ ਡਟ ਕੇ ਸਾਹਮਣਾ ਕਰਦੇ।ਹਾਂ, ਉਹਨਾ ਆਪਣੀ ਆਤਮਾ ਦਾ ਬੋਝ ਤਾਂ ਹਲਕਾ ਕਰ ਲਿਆ ਹੋਵੇਗਾ, ਪਰ ਪੰਥਕ ਸੰਸਥਾਵਾਂ ਦਾ ਜੋ ਨੁਕਸਾਨ ਹੋ ਰਿਹਾ ਤੇ ਕੀਤਾ ਜਾ ਰਿਹਾ ਹੈ, ਉਸ ਦੀ ਢਾਲ ਬਣਨਾ ਵੀ ਜ਼ਰੂਰੀ ਸੀ।
ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੇਨਤੀ ਹੈ ਕਿ ਉਹ 2 ਦਸੰਬਰ ਦੇ ਹੋਏ ਫੈਸਲਿਆਂ ਨੂੰ ਲਾਗੂ ਕਰਾਉਣ ਲਈ ਸੱਤ ਮੈਂਬਰੀ ਭਰਤੀ ਕਮੇਟੀ ਤੋਂ ਅਸਤੀਫ਼ਾ ਪ੍ਰਵਾਨ ਨਾ ਕਰਨ। ਇਸ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਮਸਲੇ ’ਤੇ ਬਣੀ ਤਿੰਨ ਮੈਂਬਰੀ ਕਮੇਟੀ ਦੀ ਰਿਪੋਰਟ ਮੰਗਵਾ ਕੇ ਸਪੱਸ਼ਟੀਕਰਨ ਲੈਣ, ਜਿਨ੍ਹਾਂ ਬਿਨਾਂ ਸਿਰ-ਪੈਰ ਰਿਪੋਰਟ ਦੇ ਕੇ ਪੰਥਕ ਸੰਸਥਾਵਾਂ ਲਈ ਵੱਡਾ ਸੰਕਟ ਪੈਦਾ ਕੀਤਾ ਤੇ ਪੰਥਕ ਸੰਸਥਾਵਾਂ ਨੂੰ ਇੱਕ ਵਿਅਕਤੀ ਵਿਸ਼ੇਸ ਲਈ ਦਾਅ ’ਤੇ ਲਾਇਆ ਹੈ। ਸੱਤ ਮੈਂਬਰੀ ਕਮੇਟੀ ਨੂੰ ਵੀ ਵੱਡੇ ਦਮ ਨਾਲ ਕੰਮ ਕਰਨ ਲਈ ਵੀ ਕਹਿਣਾ ਚਾਹੀਦਾ ਹੈ।ਮੌਜੂਦਾ ਸਥਿਤੀ ਨੂੰ ਵੇਖਦਿਆਂ ਇਹ ਹੀ ਕਿਹਾ ਜਾ ਸਕਦਾ ਹੈ, ‘ਪਿੱਪਲ ਦਿਆ ਪੱਤਿਆ ਵੇ ਕੀ ਖੜ-ਖੜ ਲਾਈ ਆ, ਪੱਤ ਝੜੇ ਪੁਰਾਣੇ ਵੇ, ਰੁੱਤ ਨਵਿਆਂ ਦੀ ਆਈ ਆ।’