ਲੁਧਿਆਣਾ : ਪੁਲਸ ਨੇ ਲਿਪਸੀ ਮਿੱਤਲ ਦੀ ਹੱਤਿਆ ਦੇ ਦੋਸ਼ਾਂ ਹੇਠ ਵਪਾਰੀ ਅਤੇ ‘ਆਪ’ ਆਗੂ ਅਨੋਖ ਮਿੱਤਲ ਨੂੰ ਉਸ ਦੀ ਮਹਿਲਾ ਦੋਸਤ ਪ੍ਰਤੀਕਸ਼ਾ ਸਮੇਤ ਗਿ੍ਰਫਤਾਰ ਕਰ ਲਿਆ ਹੈ। ਕੇਸ ਵਿੱਚ ਸੁਪਾਰੀ ਲੈ ਕੇ ਕਤਲ ਕਰਨ ਵਾਲੇ ਚਾਰ ਹੋਰਨਾਂ ਨੂੰ ਵੀ ਗਿ੍ਰਫਤਾਰ ਕੀਤਾ ਗਿਆ ਹੈ। ਇਨ੍ਹਾਂ ਦੀ ਪਛਾਣ ਅੰਮਿ੍ਰਤਪਾਲ ਸਿੰਘ ਉਰਫ ਬੱਲੀ (26), ਗੁਰਦੀਪ ਸਿੰਘ ਉਰਫ ਮੰਨੀ (25), ਸੋਨੂੰ ਸਿੰਘ (24) ਸਾਰੇ ਵਾਸੀ ਨੰਦਪੁਰ ਅਤੇ ਸਾਗਰਦੀਪ ਸਿੰਘ ਉਰਫ ਤੇਜੀ (30) ਵਾਸੀ ਢੰਡਾਰੀ ਕਲਾਂ ਵਜੋਂ ਹੋਈ ਹੈ। ਮੁੱਖ ਕੰਟਰੈਕਟ ਕਿਲਰ ਗੁਰਪ੍ਰੀਤ ਸਿੰਘ ਉਰਫ ਗੋਪੀ ਫਰਾਰ ਹੈ। ਸਨਿੱਚਰਵਾਰ ਰਾਤ ਡੇਹਲੋਂ ਬਾਈਪਾਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹਮਲਾਵਰਾਂ ਨੇ ਲਿਪਸੀ ਦਾ ਕਤਲ ਕਰ ਦਿੱਤਾ ਸੀ, ਜਦੋਂ ਉਹ ਆਪਣੇ ਪਤੀ ਅਨੋਖ ਨਾਲ ਲੁਧਿਆਣਾ-ਮਲੇਰਕੋਟਲਾ ਹਾਈਵੇ ’ਤੇ ਸਥਿਤ ਪਿੰਡ ਪੋਹੀੜ ਦੇ ਇੱਕ ਰਿਜ਼ੋਰਟ ’ਚ ਪਾਰਟੀ ਕਰਕੇ ਘਰ ਪਰਤ ਰਹੀ ਸੀ। ਅਨੋਖ ਨੇ ਦਾਅਵਾ ਕੀਤਾ ਸੀ ਕਿ ਜਦੋਂ ਉਹ ਡੇਹਲੋਂ ਬਾਈਪਾਸ ’ਤੇ ਇਕ ਸੁੰਨਸਾਨ ਥਾਂ ’ਤੇ ਰੁਕੇ ਸਨ ਤਾਂ ਕੁਝ ਅਣਪਛਾਤੇ ਬਦਮਾਸ਼ ਉਨ੍ਹਾਂ ’ਤੇ ਹਮਲਾ ਕਰਨ ਤੋਂ ਬਾਅਦ ਉਸ ਦੀ ਮਾਰੂਤੀ ਰਿਟਜ਼ ਕਾਰ, ਮੋਬਾਇਲ ਅਤੇ ਗਹਿਣੇ ਖੋਹ ਕੇ ਲੈ ਗਏ। ਹਾਲਾਂਕਿ, ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਨੋਖ ਮਿੱਤਲ ਇਸ ਘਟਨਾ ਦਾ ਮੁੱਖ ਸਾਜ਼ਿਸ਼ਕਰਤਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਸ ਨੇ ਆਪਣੀ ਮਹਿਲਾ ਦੋਸਤ ਨਾਲ ਮਿਲ ਕੇ ਸਾਜ਼ਿਸ਼ ਰਚੀ, ਜਿਸ ਨਾਲ ਉਸ ਦੇ ਕਥਿਤ ਤੌਰ ’ਤੇ ਨਾਜਾਇਜ਼ ਸੰਬੰਧ ਸਨ। ਦੋਵਾਂ ਨੇ ਮਿਲ ਕੇ 50,000 ਰੁਪਏ ਪੇਸ਼ਗੀ ਦੇ ਕੇ 2.50 ਲੱਖ ਰੁਪਏ ਵਿੱਚ ਪੰਜ ਵਿਅਕਤੀਆਂ ਨੂੰ ਇਸ ਕੰਮ ਲਈ ਸੁਪਾਰੀ ਦਿੱਤੀ ਸੀ ਅਤੇ ਬਾਕੀ ਰਕਮ ਕਤਲ ਤੋਂ ਬਾਅਦ ਅਦਾ ਕੀਤੀ ਜਾਣੀ ਸੀ। ਪੁਲਸ ਕਮਿਸ਼ਨਰ ਕੁਲਦੀਪ ਚਾਹਲ ਨੇ ਦੱਸਿਆ ਕਿ ਇਸ ਪੂਰੇ ਮਾਮਲੇ ਨੂੰ ਜਿਸ ਤਰ੍ਹਾਂ ਕੁਝ ਲੋਕਾਂ ਵੱਲੋਂ ਹਾਈਲਾਈਟ ਕੀਤਾ ਗਿਆ, ਉਹ ਨਹੀਂ ਕਰਨਾ ਚਾਹੀਦਾ ਸੀ। ਇਸ ਨਾਲ ਜਾਂਚ ’ਤੇ ਸਿੱਧਾ ਅਸਰ ਪੈਂਦਾ ਹੈ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਅਨੋਖ ਨੇ ਪਹਿਲਾਂ ਵੀ ਦੋ ਵਾਰ ਪਤਨੀ ਨੂੰ ਮਾਰਨ ਦੀ ਪਲੈਨਿੰਗ ਕੀਤੀ ਸੀ, ਕਿਉਕਿ ਉਸ ਨੂੰ ਉਸ ਦੇ ਪ੍ਰੇਮ ਸੰਬੰਧਾਂ ਦਾ ਪਤਾ ਲੱਗ ਗਿਆ ਸੀ। ਹਾਲਾਂਕਿ ਪ੍ਰੇਮਿਕਾ ਵਾਰਦਾਤ ਮੌਕੇ ਮੌਜੂਦ ਨਹੀਂ ਸੀ, ਪਰ ਸਾਜ਼ਿਸ਼ ਵਿੱਚ ਸ਼ਾਮਲ ਸੀ।





