ਚੰਡੀਗੜ੍ਹ : ਸ਼੍ਰੋੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਾਜਪਾ ਨੇ ਅਕਾਲੀ ਦਲ ਬਾਦਲ ਨਾਲ ਸਿਆਸੀ ਗੱਠਜੋੜ ਕਰਕੇ ਉਸ ਦੇ ਸਿੱਖ ਕੌਮ ਖਿਲਾਫ ਕੀਤੇ ਗੁਨਾਹਾਂ ਵਿੱਚ ਭਾਈਵਾਲੀ ਕਰ ਲਈ ਹੈ | ਗਿਆਨੀ ਹਰਪ੍ਰੀਤ ਸਿੰਘ ਨੇ ਯਾਦ ਕਰਵਾਉਦਿਆਂ ਦੱਸਿਆ ਕਿ ਅਕਾਲੀਆਂ ਨੇ ਆਪਣੀ ਸਰਕਾਰ ਵੇਲੇ ਪੰਜਾਬ ਦੇ ਵਿੱਚ ਜਿਵੇਂ ਸੌਦਾ ਸਾਧ ਨੂੰ ਵਧਣ-ਫੁੱਲਣ ਦਾ ਮੌਕਾ ਦਿੱਤਾ, ਉਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਭੇਖ ਧਾਰਨ ਵਾਲੇ ਕੇਸ ‘ਚੋਂ ਬਚਾਇਆ ਅਤੇ ਫਿਰ ਜਿਵੇਂ ਉਸ ਨੂੰ ਬਿਨਾਂ ਮੰਗਣ ਤੋਂ ਮੁਆਫੀ ਦਿੱਤੀ, ਉਸ ਮੁਆਫੀ ਦੇ ਪ੍ਰਚਾਰ ਲਈ ਗੁਰੂ ਕੀ ਗੋਲਕ ਦਾ ਸਰਮਾਇਆ ਲੁਟਾਇਆ ਗਿਆ, ਇਹ ਸਾਰੇ ਉਹ ਗੁਨਾਹ ਹਨ, ਜਿਨ੍ਹਾਂ ਦਾ ਇਕਬਾਲ ਸੁਖਬੀਰ ਸਿੰਘ ਬਾਦਲ ਨੇ ਸੰਗਤਾਂ ਦੇ ਇਕੱਠ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਕੀਤਾ ਸੀ | ਏਨਾ ਹੀ ਨਹੀਂ, ਸੌਦੇ ਸਾਧ ਦੇ ਗੈਂਗ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਵਾਉਣ ਵਾਲੇ ਕੇਸਾਂ ਵਿੱਚ ਗਿ੍ਫਤਾਰੀਆਂ ਨਾ ਕਰਨ ਵਾਲਾ ਗੁਨਾਹ ਵੀ ਸੁਖਬੀਰ ਨੇ ਕਬੂਲ ਕੀਤਾ ਸੀ |
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੋਈ ਬੀੜ ਲੱਭਣ ਵਿੱਚ ਆਪਣੀ ਨਾਕਾਮੀ ਉਸ ਨੇ ਖੁਦ ਮੰਨੀ ਸੀ | ਇਹੀ ਉਹ ਦੋਸ਼ ਸਨ, ਜਿਨ੍ਹਾਂ ਬਦਲੇ ਉਸ ਨੂੰ ਪੰਜ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਜ਼ਾ ਸੁਣਾਈ ਸੀ, ਪਰ ਬਾਅਦ ਵਿੱਚ ਉਹ ਕੀਤੇ ਕਬੂਲਨਾਮੇ ਤੋਂ ਮੁਕਰ ਗਿਆ, ਜਿਸ ਨਾਲ ਉਸ ਦੇ ਸਾਰੇ ਗੁਨਾਹ ਜਿਉਂ ਦੇ ਤਿਉਂ ਖੜੇ੍ਹ ਹਨ | ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੰਜ ਸਿੰਘ ਸਾਹਿਬਾਨ ਦੀ ਹਾਜ਼ਰੀ ਵਿੱਚ ਮੰਨ ਕੇ ਮੁਕਰ ਜਾਣ ਨਾਲ ਉਹ ਹੋਰ ਵੀ ਵੱਡਾ ਗੁਨਾਹਗਾਰ ਅਤੇ ਗੁਰੂ ਦੀ ਹਜ਼ੂਰੀ ਵਿੱਚ ਝੂਠ ਬੋਲਣ ਵਾਲਾ ਸਾਬਤ ਹੋ ਚੁੱਕਿਆ ਹੈ | ਅਜਿਹੇ ਝੂਠੇ ਅਤੇ ਪਾਖੰਡੀ ਸਿਆਸੀ ਆਗੂ ਨਾਲ ਸਾਂਝ ਪਾ ਕੇ ਭਾਜਪਾ ਨੇ ਉਹਦੇ ਸਾਰੇ ਗੁਨਾਹਾਂ ਵਿੱਚ ਭਾਈਵਾਲੀ ਕਰ ਲਈ ਹੈ |
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੋ ਭਾਜਪਾ ਪੰਜਾਬ ਨੂੰ ਬਚਾਉਣ ਦੇ ਦਾਅਵਿਆਂ ਨਾਲ ਪੰਜਾਬ ਵਿੱਚ ਸਿਆਸੀ ਸਰਗਰਮੀਆਂ ਚਲਾ ਰਹੀ ਸੀ, ਉਸ ਨੇ ਇੱਕ ਪੰਜਾਬ ਅਤੇ ਸਿੱਖ ਵਿਰੋਧੀ ਧੜੇ ਨਾਲ ਗੱਠਜੋੜ ਕਰਕੇ ਆਪਣੇ ਪੰਜਾਬ ਬਚਾਉਣ ਦੇ ਦਾਅਵੇ ਦੀ ਆਪੇ ਹੀ ਫੂਕ ਕੱਢ ਦਿੱਤੀ ਹੈ | ਹੁਣ ਪੰਜਾਬ ਦੇ ਲੋਕ ਕਾਂਗਰਸ ਵਾਂਗ ਭਾਜਪਾ ਨੂੰ ਵੀ ਮੂੰਹ ਲਾਉਣ ਤੋਂ ਗੁਰੇਜ਼ ਕਰਨਗੇ | ਇਸ ਨਾਪਾਕ ਸਿਆਸੀ ਗੱਠਜੋੜ ਨੇ ਪੰਜਾਬ ਵਿਰੋਧੀਆਂ ਦੇ ਚਿਹਰਿਆਂ ਤੋਂ ਨਕਾਬ ਉਤਾਰ ਦਿੱਤਾ ਹੈ | ਆਉਣ ਵਾਲੀਆਂ ਚੋਣਾਂ ਵਿੱਚ ਇਨ੍ਹਾਂ ਦੀ ਸ਼ਰਮਨਾਕ ਹਾਰ ਇੱਕ ਇਤਿਹਾਸ ਬਣੇਗੀ |



