ਸੁਪਰੀਮ ਕੋਰਟ ਨੇ ਅਲਾਹਾਬਾਦੀਆ ਨੂੰ ਰਾਹਤ ਦਿੰਦਿਆਂ ਝਾੜ ਵੀ ਪਾਈ

0
165

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਇਨਫਲੂੰਸਰ ਰਨਵੀਰ ਅਲਾਹਾਬਾਦੀਆ ਨੂੰ ਉਸ ਦੇ ਯੂਟਿਊਬ ਸ਼ੋਅ ‘ਇੰਡੀਆ ਗੌਟ ਲੇਟੈਂਟ’ ਉੱਤੇ ਕਥਿਤ ਘਿਨੌਣੀਆਂ ਟਿੱਪਣੀਆਂ ਲਈ ਮੰਗਲਵਾਰ ਸਖਤ ਝਾੜ ਪਾਈ। ਉਂਜ ਜਸਟਿਸ ਸੂਰੀਆਕਾਂਤ ਤੇ ਜਸਟਿਸ ਐੱਨਕੋਟਿਸ਼ਵਰ ਸਿੰਘ ਨੇ ਅਲਾਹਾਬਾਦੀਆ ਨੂੰ ਵੱਖ-ਵੱਖ ਰਾਜਾਂ ਵਿੱਚ ਦਰਜ ਕੇਸਾਂ ਵਿੱਚ ਸਖਤ ਕਾਰਵਾਈ ਭਾਵ ਗਿ੍ਰਫਤਾਰੀ ਤੋਂ ਅੰਤਰਮ ਰਾਹਤ ਦੇ ਦਿੱਤੀ। ਇਹੀ ਨਹੀਂ ਕੋਰਟ ਨੇ ਅਲਾਹਾਬਾਦੀਆ ਅਤੇ ਵਿਵਾਦਿਤ ਯੂਟਿਊਬ ਸ਼ੋਅ ਦੇ ਉਸ ਦੇ ਸਹਿਯੋਗੀ ਇਨਫਲੂੰਸਰਾਂ ਨੂੰ ਅਗਲੇ ਹੁਕਮਾਂ ਤੱਕ ਕਿਸੇ ਵੀ ਹੋਰ ਐਪੀਸੋਡ ਨੂੰ ਪ੍ਰਸਾਰਤ ਕਰਨ ਤੋਂ ਵੀ ਰੋਕ ਦਿੱਤਾ ਹੈ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਇਸ ਸੰਬੰਧ ਵਿੱਚ ਉਨ੍ਹਾਂ ਵਿਰੁੱਧ ਕੋਈ ਹੋਰ ਐੱਫ ਆਈ ਆਰ ਦਰਜ ਨਹੀਂ ਕੀਤੀ ਜਾਵੇਗੀ। ਸਿਖਰਲੀ ਅਦਾਲਤ ਨੇ ਅਲਾਹਾਬਾਦੀਆ ਵੱਲੋਂ ਸ਼ੋਅ ਵਿਚ ਵਰਤੀ ਗਈ ਭਾਸ਼ਾ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਸਮਾਜ ਦੀਆਂ ਕੁਝ ਕਦਰਾਂ-ਕੀਮਤਾਂ ਹੁੰਦੀਆਂ ਹਨ। ਬੈਂਚ ਨੇ ਅਲਾਹਾਬਾਦੀਆ ਦੇ ਵਕੀਲ ਨੂੰ ਕਿਹਾਸਮਾਜ ਦੀਆਂ ਕੁਝ ਸਵੈ-ਵਿਕਸਤ ਕਦਰਾਂ-ਕੀਮਤਾਂ ਹਨ। ਤੁਹਾਨੂੰ ਉਨ੍ਹਾਂ ਦਾ ਸਤਿਕਾਰ ਕਰਨ ਦੀ ਲੋੜ ਹੈ।
ਸੁਪਰੀਮ ਕੋਰਟ ਨੇ ਇਨਫਲੂੰਸਰ ਦੇ ਵਕੀਲ ਨੂੰ ਪੁੱਛਿਆਸਮਾਜ ਦੀਆਂ ਕਦਰਾਂ-ਕੀਮਤਾਂ ਕੀ ਹਨ? ਇਹ ਮਾਪਦੰਡ ਕੀ ਹਨ, ਕੀ ਤੁਸੀਂ ਜਾਣਦੇ ਹੋ? ਉਸ ਦੇ ਮਨ ਵਿੱਚ ਕੁਝ ਗੰਦਾ ਹੈ, ਜੋ ਉਸ ਨੇ ਯੂਟਿਊਬ ਸ਼ੋਅ ’ਤੇ ਉਲਟੀ ਕੀਤੀ ਹੈ। ਸੁਪਰੀਮ ਕੋਰਟ ਨੇ ਕਿਹਾਬੋਲਣ ਦੀ ਆਜ਼ਾਦੀ ਦੇ ਨਾਂਅ ’ਤੇ, ਕਿਸੇ ਨੂੰ ਵੀ ਸਮਾਜ ਦੇ ਨਿਯਮਾਂ ਖਿਲਾਫ ਜੋ ਮਰਜ਼ੀ ਬੋਲਣ ਦਾ ਲਾਇਸੈਂਸ ਨਹੀਂ ਹੈ। ਤੁਹਾਡੇ ਵੱਲੋਂ ਵਰਤੇ ਗਏ ਸ਼ਬਦ ਧੀਆਂ, ਭੈਣਾਂ, ਮਾਪਿਆਂ ਅਤੇ ਇੱਥੋਂ ਤੱਕ ਕਿ ਸਮਾਜ ਨੂੰ ਵੀ ਸ਼ਰਮਿੰਦਾ ਕਰਨਗੇ।
ਅਦਾਲਤ ਨੇ ਅਲਾਹਾਬਾਦੀਆ ਦੇ ਵਕੀਲ ਨੂੰ ਪੁੱਛਿਆਜੇ ਇਹ ਅਸ਼ਲੀਲਤਾ ਨਹੀਂ ਹੈ, ਤਾਂ ਇਹ ਕੀ ਹੈ? ਅਸੀਂ ਤੁਹਾਡੇ ਵਿਰੁੱਧ ਦਰਜ ਐੱਫ ਆਈ ਆਰਜ਼ ਨੂੰ ਕਿਉਂ ਰੱਦ ਕਰੀਏ ਜਾਂ ਇਕੱਠੇ ਕਿਉਂ ਕਰੀਏ। ਸਿਖਰਲੀ ਅਦਾਲਤ ਨੇ ਅਲਾਹਾਬਾਦੀਆ ਨੂੰ ਯੂਟਿਊਬ ਸ਼ੋਅ ’ਤੇ ਉਸ ਦੀਆਂ ਟਿੱਪਣੀਆਂ ਵਿਰੁੱਧ ਦਰਜ ਐੱਫ ਆਈ ਆਰਜ਼ ਵਿੱਚ ਜ਼ਬਰਦਸਤੀ ਕਾਰਵਾਈ ਤੋਂ ਅੰਤਰਮ ਸੁਰੱਖਿਆ ਪ੍ਰਦਾਨ ਕੀਤੀ ਹੈ। ਸੁਪਰੀਮ ਕੋਰਟ ਨੇ ਅਲਾਹਾਬਾਦੀਆ ਨੂੰ ਉਸ ਦੀਆਂ ਟਿੱਪਣੀਆਂ ’ਤੇ ਮਹਾਰਾਸ਼ਟਰ ਅਤੇ ਅਸਾਮ ਵਿੱਚ ਦਰਜ ਐੱਫ ਆਈ ਆਰਜ਼ ਦੀ ਜਾਂਚ ਵਿੱਚ ਸਹਿਯੋਗ ਕਰਨ ਲਈ ਵੀ ਕਿਹਾ ਹੈ।