ਜੀ ਐੱਸ ਟੀ ਅਧਾਰ ਵਧਿਆ, ਦੋ ਸਾਲਾਂ ’ਚ 79,000 ਤੋਂ ਵੱਧ ਨਵੇਂ ਟੈਕਸਦਾਤਾ ਸ਼ਾਮਲ : ਹਰਪਾਲ ਚੀਮਾ

0
138

ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਮੰਗਲਵਾਰ ਇਥੇ ਦੱਸਿਆ ਕਿ ਆਬਕਾਰੀ ਅਤੇ ਕਰ ਵਿਭਾਗ ਵੱਲੋਂ ਵਸਤਾਂ ਤੇ ਸੇਵਾਵਾਂ ਕਰ (ਜੀ ਐਸ ਟੀ) ਅਧਾਰ ਨੂੰ ਵਿਸ਼ਾਲ ਕਰਨ ਲਈ ਟੀਚਾਬੱਧ ਜੀ ਐਸ ਟੀ ਰਜਿਸਟ੍ਰੇਸ਼ਨ ਮੁਹਿੰਮ ਚਲਾਏ ਜਾਣ ਦੇ ਨਤੀਜੇ ਵਜੋਂ ਸਾਲ 2023-24 ਵਿੱਚ 46,338 ਅਤੇ ਦਸੰਬਰ 2024 ਤੱਕ ਲਗਭਗ 33000 ਨਵੇਂ ਟੈਕਸਦਾਤਾ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਟੈਕਸਦਾਤਾਵਾਂ ਨੂੰ ਟੈਕਸ ਫਾਈਲਿੰਗ ਪ੍ਰਕਿਰਿਆਵਾਂ, ਆਈ ਟੀ ਸੀ ਦਾਅਵਿਆਂ ਅਤੇ ਕਰਪਾਲਣਾ ਲਾਭਾਂ ਬਾਰੇ ਜਾਗਰੂਕ ਕਰਨ ਲਈ ਇੱਕ ਰਾਜ ਵਿਆਪੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ।ਚੀਮਾ ਨੇ ਦੱਸਿਆ ਕਿ ਰਾਜ ਦੇ ਜੀ ਐਸ ਟੀ ਵਿਭਾਗ ਨੇ ਜਨਵਰੀ 2025 ਵਿੱਚ ਇੱਕ ਹੋਰ ਜੀ ਐਸ ਟੀ ਆਰ ਰਜਿਸਟ੍ਰੇਸ਼ਨ ਮੁਹਿੰਮ ਸ਼ੁਰੂ ਕੀਤੀ ਸੀ, ਜਿਸ ਤਹਿਤ ਲਗਭਗ 48,000 ਨਵੇਂ ਡੀਲਰਾਂ ਦਾ ਦੌਰਾ ਕੀਤਾ ਗਿਆ ਅਤੇ ਪੰਜਾਬ ਭਰ ਵਿੱਚ ਲਗਭਗ 10,500 ਯੋਗ ਡੀਲਰਾਂ ਨੂੰ ਸਫਲਤਾਪੂਰਵਕ ਰਜਿਸਟਰ ਕੀਤਾ ਗਿਆ। ਉਨ੍ਹਾ ਕਿਹਾ ਕਿ ਰਜਿਸਟ੍ਰੇਸ਼ਨ ਮੁਹਿੰਮ ਦੌਰਾਨ ਵੱਧ ਤੋਂ ਵੱਧ ਟੈਕਸਦਾਤਾਵਾਂ ਨੂੰ ਸ਼ਾਮਲ ਕਰਨ ਲਈ ਜਾਗਰੂਕਤਾ ਕੈਂਪ, ਮਾਰਕੀਟ ਅਤੇ ਉਦਯੋਗ ਐਸੋਸੀਏਸ਼ਨਾਂ ਨਾਲ ਮੀਟਿੰਗਾਂ ਅਤੇ ਚਾਰਟਰਡ ਅਕਾਊਂਟੈਂਟਸ (ਸੀ ਏ), ਐਡਵੋਕੇਟ ਅਤੇ ਅਕਾਊਂਟੈਂਟਸ ਵਰਗੇ ਪੇਸ਼ੇਵਰਾਂ ਨਾਲ ਗੱਲਬਾਤ ਆਦਿ ਵੱਖ-ਵੱਖ ਭਾਈਚਾਰਕ ਸ਼ਮੂਲੀਅਤ ਵਾਲੇ ਤਰੀਕਿਆਂ ਦੀ ਵਰਤੋਂ ਕੀਤੀ ਗਈ।ਖਪਤਕਾਰਾਂ ਵਿੱਚ ਟੈਕਸ ਪਾਲਣਾ ਨੂੰ ਉਤਸ਼ਾਹਤ ਕਰਨ ਲਈ ਕੀਤੀਆਂ ਪਹਿਲਕਦਮੀਆਂ ਦਾ ਜਿਕਰ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਵਿਭਾਗ ਨੇ ‘ਬਿੱਲ ਲਿਆਓ ਇਨਾਮ ਪਾਓ ਸਕੀਮ’ ਜਾਰੀ ਕਰਨ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਵਿੱਚ ਜਾਗਰੂਕਤਾ ਫੈਲਾਉਣ ਲਈ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਦੀ ਸਰਗਰਮ ਸ਼ਮੂਲੀਅਤ ਲਈ ਪਹਿਲਕਦਮੀਆਂ ਕੀਤੀਆਂ। ਉਨ੍ਹਾ ਕਿਹਾ ਕਿ ਇਸ ਸਕੀਮ ਤਹਿਤ ਜਿੱਥੇ ਕਰ ਪਾਲਣਾ ਨਾ ਕਰਨ ਵਾਲੇ ਵਪਾਰੀਆਂ ਨੂੰ 8.15 ਕਰੋੜ ਰੁਪਏ ਦੇ ਜੁਰਮਾਨੇ ਲਗਾਏ ਉਥੇ ‘ਮੇਰਾ ਬਿੱਲ’ ਐਪ ਰਾਹੀਂ ਬਿੱਲ ਅਪਲੋਡ ਕਰਨ ਵਾਲੇ 4,106 ਖਪਤਕਾਰਾਂ ਨੇ ਕੁੱਲ 2.45 ਕਰੋੜ ਰੁਪਏ ਦੇ ਇਨਾਮ ਜਿੱਤੇ।ਵਿੱਤ ਮੰਤਰੀ ਨੇ ਕਿਹਾ, ਰਜਿਸਟਰਡ ਡੀਲਰਾਂ ਤੋਂ ਟੈਕਸ ਮਾਲੀਆ ਵਧਾਉਣ ਲਈ ਵਿਭਾਗ ਨੇ ਦਰੁਸਤ ਜੀ.ਐਸ.ਟੀ ਫਾਈਲਿੰਗ ਅਤੇ ਕਰ ਪਾਲਣਾ ਨੂੰ ਯਕੀਨੀ ਬਣਾਇਆ ਜਿਸ ਸਦਕਾ 93 ਫੀਸਦੀ ਰਜਿਸਟਰਡ ਟੈਕਸਦਾਤਾ ਲਗਾਤਾਰ ਸਮੇਂ ’ਤੇ ਰਿਟਰਨ ਭਰ ਰਹੇ।ਵਿਭਾਗ ਵੱਲੋਂ ਐਡਵਾਂਸਡ ਡਾਟਾ ਐਨਾਲਿਟਿਕ ਟੂਲਜ਼ ਨੂੰ ਏਕੀ�ਿਤ ਕਰਨ ਲਈ ਆਈ.ਆਈ.ਟੀ ਹੈਦਰਾਬਾਦ ਦੇ ਨਾਲ ਸਹਿਯੋਗ ਕਰਨ ਤੋਂ ਇਲਾਵਾ ਮਾਲੀਆ ਲੀਕੇਜ ਨੂੰ ਰੋਕਣ ਲਈ ਨਿਰਣਾਇਕ ਅਤੇ ਜਾਂਚ ਮਾਡਿਊਲ ਲਾਗੂ ਕੀਤੇ ਅਤੇ ਟੈਕਸ ਚੋਰੀ ਕਰਨ ਵਾਲਿਆਂ ਨੂੰ ਜੁਰਮਾਨੇ ਕੀਤੇ ਗਏ।