ਛੱਤੀਸਗੜ੍ਹ ’ਚ ਆਦਿਵਾਸੀਆਂ ਦਾ ਅੰਨੇ੍ਹਵਾਹ ਕਤਲੇਆਮ ਬੰਦ ਕਰੋ : ਬਰਾੜ

0
96

ਚੰਡੀਗੜ੍ਹ : ਕੇਂਦਰ ਸਰਕਾਰ ਦੀ ਨੀਤੀ ਅਨੁਸਾਰ ਪਿਛਲੇ ਦਿਨੀਂ ਇਕੋ ਦਿਨ ਵਿਚ ਇਕੋ ਵਕਤ 31 ਵਿਅਕਤੀਆਂ ਨੂੰ ਨਕਸਲੀ ਕਹਿ ਕੇ ਗੋਲੀਆਂ ਨਾਲ ਭੁੰਨ ਦੇਣ ਦੇ ਮਾਨਵ ਅਧਿਕਾਰਾਂ ਨੂੰ ਪੈਰਾਂ ਹੇਠ ਲਿਤਾੜ ਕੇ ਗੈਰ-ਕਾਨੂੰਨੀ ਕਤਲੇਆਮ ਬਾਰੇ ਪੰਜਾਬ ਸੀ ਪੀ ਆਈ ਨੇ ਪ੍ਰਾਂਤ ਵਿਚ ਸਾਰੀਆਂ ਖੱਬੀਆਂ ਅਤੇ ਜਮਹੂਰੀ ਸ਼ਕਤੀਆਂ ਨੂੰ ਰੋਸ ਪ੍ਰਗਟ ਕਰਨ ਦੀ ਅਪੀਲ ਕੀਤੀ ਹੈ। ਪੰਜਾਬ ਸੀ ਪੀ ਆਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਕਿਹਾ ਕਿ ਹਿੰਸਕ ਕਾਰਵਾਈ ਵਿਚ ਮਾਰੇ ਗਏ 2 ਸੁਰੱਖਿਆ ਬਲਾਂ ਦੇ ਜਵਾਨਾਂ ਦਾ ਬਹਾਨਾ ਬਣਾ ਕੇ ਸੁਰੱਖਿਆ ਬਲਾਂ ਨੇ ਅਮਿਤ ਸ਼ਾਹ ਵੱਲੋਂ ਦਿੱਤੀ ਗਈ ਹੱਲਾਸ਼ੇਰੀ ਕਰਕੇ ਆਦਿਵਾਸੀਆਂ ਦਾ ਕਤਲੇਆਮ ਸ਼ੁਰੂ ਕਰ ਦਿੱਤਾ ਹੈ ਤੇ ਇਕੋ ਸਮੇਂ 31 ਵਿਅਕਤੀਆਂ ਨੂੰ ਗੋਲੀ ਮਾਰ ਦਿੱਤੀ ਗਈ, ਜਿਸ ਵਿਚ 11 ਔਰਤਾਂ ਵੀ ਸ਼ਾਮਲ ਸਨ।
ਸਾਥੀ ਬਰਾੜ ਨੇ ਅੱਗੇ ਕਿਹਾ ਕਿ ਪਿਛਲੇ 40 ਦਿਨਾਂ ਵਿਚ 81 ਵਿਅਕਤੀ ਅਤੇ ਪਿਛਲੇ ਸਾਲ 219 ਵਿਅਕਤੀਆਂ ਦਾ ਕਤਲ ਕੀਤਾ ਗਿਆ, ਇਸ ਪ੍ਰਕਾਰ ਪਿਛਲੇ ਸਾਲ ਤੋਂ ਹੁਣ ਤੱਕ 300 ਵਿਅਕਤੀ ਸੁਰੱਖਿਆ ਬਲਾਂ ਰਾਹੀਂ ਮਾਰੇ ਜਾ ਚੁੱਕੇ ਹਨ।
ਸਾਥੀ ਬਰਾੜ ਨੇ ਦੋਸ਼ ਲਾਇਆ ਕਿ ਕੇਂਦਰੀ ਸਰਕਾਰ ਆਰ ਐੱਸ ਐੱਸ ਦੇ ਫਾਸ਼ੀਵਾਦੀ ਏਜੰਡੇ ਨੂੰ ਅਮਲੀ ਰੂਪ ਦੇਣ ਲਈ ਆਦਿਵਾਸੀਆਂ ਦਾ ਨਰਸੰਹਾਰ ਕਰਨ ’ਤੇ ਤੁਲੀ ਹੋਈ ਹੈ ਅਤੇ ਆਦਿਵਾਸੀਆਂ, ਘੱਟ-ਗਿਣਤੀਆਂ ਤੇ ਦਲਿਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਾਥੀ ਬਰਾੜ ਨੇ ਅੱਗੇ ਆਖਿਆ ਕਿ ਖੱਬੀਆਂ ਅਤੇ ਜਮਹੂਰੀ ਸ਼ਕਤੀਆਂ ਸੰਵਿਧਾਨ ਦੇ ਦਾਇਰੇ ਵਿਚ ਰਹਿੰਦਿਆਂ ਮਨੁੱਖੀ ਅਧਿਕਾਰਾਂ ਨੂੰ ਮਾਨਤਾ ਦਿੰਦਿਆਂ ਹੋਇਆਂ ਲੋਕ ਮਸਲਿਆਂ ਨੂੰ ਜ਼ੋਰਦਾਰ ਜਨਤਕ ਅੰਦੋਲਨਾਂ ਰਾਹੀਂ ਹੱਲ ਕਰਨ ਅਤੇ ਜਮਹੂਰੀ ਅੰਦੋਲਨ ਨੂੰ ਪੂਰਾ ਕਰਨ ਵਿਚ ਵਿਸ਼ਵਾਸ ਰੱਖਦੀਆਂ ਹਨ, ਪਰ ਕਿਸੇ ਸਰਕਾਰ ਜਾਂ ਅਖੌਤੀ ਸਮਾਜੀ ਆਰ ਐੱਸ ਐੱਸ ਵਰਗੀਆਂ ਸੰਸਥਾਵਾਂ ਨੂੰ ਕਦੀ ਵੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਗੈਰ-ਵਿਧਾਨਕ, ਗੈਰ-ਅਦਾਲਤੀ ਕਾਰਵਾਈਆਂ ਰਾਹੀਂ ਮਨੁੱਖੀ ਅਧਿਕਾਰਾਂ ਨੂੰ ਕੁਚਲ ਕੇ ਕਿਸੇ ਨੂੰ ਸਿੱਧਾ ਹੀ ਗੋਲੀ ਮਾਰ ਕੇ ਹੱਤਿਆ ਨੂੰ ਅੰਜਾਮ ਦਿੱਤਾ ਜਾਵੇ ਅਤੇ ਨਾ ਹੀ ਅਜਿਹੀਆਂ ਕਾਰਵਾਈਆਂ ਰਾਹੀਂ ਲੋਕ ਅੰਦੋਲਨਾਂ ਨੂੰ ਦਬਾਇਆ ਜਾ ਸਕਦਾ ਹੈ। ਕੇਂਦਰ ਸਰਕਾਰ ਆਦਿਵਾਸੀਆਂ ਦੇ ਜਲ, ਜੰਗਲ ਅਤੇ ਜ਼ਮੀਨ ਦੇ ਅਧਿਕਾਰਾਂ ਨੂੰ ਖੋਹ ਕੇ ਸਾਰੇ ਸਾਧਨ ਕਾਰਪੋਰੇਟ ਪੂੰਜੀਪਤੀਆਂ ਦੇ ਹਵਾਲੇ ਕਰਨ ’ਤੇ ਤੁਲੀ ਹੋਈ ਹੈ, ਜਦੋਂ ਕਿ ਆਦਿਵਾਸੀ ਆਪਣੇ ਜੀਵਨ-ਨਿਰਬਾਹ ਦੇ ਸਾਧਨਾਂ ਦੀ ਰਾਖੀ ਲਈ ਲੜ ਰਹੇ ਹਨ। ਸਾਥੀ ਬਰਾੜ ਨੇ ਕਿਹਾ ਕਿ ਉਹਨਾਂ ਦੀਆਂ ਜ਼ਿੰਦਗੀਆਂ ਨਾਲ ਜੁੜੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਹਿੰਸਾ ਦੀਆਂ ਇੱਕੜ-ਦੁੱਕੜ ਘਟਨਾਵਾਂ ਦਾ ਬਹਾਨਾ ਲੈ ਕੇ ਉਹਨਾਂ ਨੂੰ ਉਜਾੜਨ ਵਿਰੁੱਧ ਜ਼ੋਰਦਾਰ ਸਾਂਝੇ ਐਕਸ਼ਨਾਂ ਦੀ ਜ਼ਰੂਰਤ ਹੈ।