ਨਿਊ ਯਾਰਕ : ਅਮਰੀਕਾ ਦੇ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ ਨੇ ਕਥਿਤ ਅਡਾਨੀ ਰਿਸ਼ਵਤ ਕੇਸ ਵਿੱਚ ਮੰਗਲਵਾਰ ਸੰਘੀ ਅਦਾਲਤ ਵਿੱਚ ਦਾਅਵਾ ਕੀਤਾ ਕਿ ਇਸ ਮਾਮਲੇ ’ਚ ਗੌਤਮ ਅਡਾਨੀ ਤੇ ਸਾਗਰ ਅਡਾਨੀ ਤੱਕ ਸ਼ਿਕਾਇਤ ਦੀ ਕਾਪੀ/ਸੰਮਨ ਪੁੱਜਦੇ ਕਰਨ ਲਈ ਯਤਨ ਜਾਰੀ ਹਨ। ਕਮਿਸ਼ਨ ਨੇ ਜੱਜ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਭਾਰਤੀ ਅਥਾਰਿਟੀਜ਼ ਨੂੰ ਵੀ ਮਦਦ ਦੀ ਅਪੀਲ ਕੀਤੀ ਗਈ ਹੈ। ਕਮਿਸ਼ਨ ਨੇ ਨਿਊ ਯਾਰਕ ਦੇ ਪੂਰਬੀ ਜ਼ਿਲ੍ਹੇ ਦੀ ਜ਼ਿਲ੍ਹਾ ਕੋਰਟ ਦੇ ਜੱਜ ਨਿਕੋਲਸ ਕੋਲ ਇਸ ਕੇਸ ਦੀ ਪ੍ਰਗਤੀ ਰਿਪੋਰਟ ਦਾਖ਼ਲ ਕਰਕੇ ਕਿਹਾ ਕਿ ਗੌਤਮ ਅਡਾਨੀ ਤੇ ਸਾਗਰ ਅਡਾਨੀ ਦੋਵੇਂ ਭਾਰਤ ਵਿਚ ਰਹਿ ਰਹੇ ਹਨ ਅਤੇ ਉਨ੍ਹਾਂ ਤੱਕ ਸ਼ਿਕਾਇਤ ਦੀ ਕਾਪੀ ਪੁੱਜਦੀ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ। ਕਮਿਸ਼ਨ ਨੇ ਪਿਛਲੇ ਸਾਲ 20 ਨਵੰਬਰ ਦੀ ਆਪਣੀ ਸ਼ਿਕਾਇਤ ਵਿੱਚ ਦਾਅਵਾ ਕੀਤਾ ਸੀ ਕਿ ਗੌਤਮ ਅਡਾਨੀ ਤੇ ਸਾਗਰ ਅਡਾਨੀ ਨੇ ਗਿਣਮਿੱਥ ਕੇ ਸੰਘੀ ਸੁੁਰੱਖਿਆ ਕਾਨੂੰਨਾਂ ਵਿਚਲੀਆਂ ਧੋਖਾਧੜੀ ਵਿਰੋਧੀ ਵਿਵਸਥਾਵਾਂ ਦੀ ਉਲੰਘਣਾ ਕੀਤੀ ਤੇ ਅਡਾਨੀ ਗਰੀਨ ਐਨਰਜੀ ਲਿਮਟਿਡ ਨੂੰ ਲੈ ਕੇ ਗੁੰਮਰਾਹਕੁੰਨ ਜਾਣਕਾਰੀ ਤੇ ਝੂਠੇ ਦਾਅਵੇ ਕੀਤੇ। ਕੋਰਟ ਵਿਚ ਦਾਇਰ ਹਲਫ਼ਨਾਮੇ ਵਿਚ ਕਮਿਸ਼ਨ ਨੇ ਕਿਹਾ ਕਿ ਕਿਉਂ ਜੋ ਮੁਦਾਇਲਾ ਬਾਹਰਲੇ ਮੁਲਕ ਵਿਚ ਰਹਿੰਦੇ ਹਨ, ਲਿਹਾਜ਼ਾ ਉਨ੍ਹਾਂ ਨੂੰ ਸਿਵਲ ਪ੍ਰੋਸੀਜ਼ਰ ਦੇ ਸੰਘੀ ਨੇਮਾਂ ਦੇ ਨੇਮ 4 (ਐੱਫ) ਤਹਿਤ ਸੰਮਨ ਕੀਤਾ ਗਿਆ ਹੈ।



