ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਨ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਉਸ ਦੀਆਂ ਚੀਜ਼ਾਂ ’ਤੇ ਅਮਰੀਕਾ ਵੱਲੋਂ ਬਰਾਬਰ ਟੈਰਿਫ ਲਾਏ ਜਾਣ ਤੋਂ ਬਚ ਨਹੀਂ ਸਕਦਾ। ‘ਟੈਰਿਫ ਢਾਂਚੇ ’ਤੇ ਕੋਈ ਮੇਰੇ ਨਾਲ ਸਵਾਲ-ਜਵਾਬ ਨਹੀਂ ਕਰ ਸਕਦਾ।’
ਟਰੰਪ ਨੇ ਇਹ ਟਿੱਪਣੀ ਹਾਲ ਹੀ ਵਿੱਚ ਫੌਕਸ ਨਿਊਜ਼ ਦੇ ਸੀਨ ਹੈਨਿਟੀ ਨੂੰ ਦਿੱਤੀ ਇੰਟਰਵਿਊ ਵਿੱਚ ਕਹੀ। ਫੌਕਸ ਨਿਊਜ਼ ਨੇ ਟਰੰਪ ਦੀ ਖਰਬਾਂਪਤੀ ਐਲਨ ਮਸਕ ਦੀ ਸਾਂਝੀ ਇੰਟਰਵਿਊ ਮੰਗਲਵਾਰ ਰਾਤ ਦਿਖਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 13 ਫਰਵਰੀ ਦੀ ਮੁਲਾਕਾਤ ਤੋਂ ਕੁਝ ਘੰਟੇ ਪਹਿਲਾਂ ਹੀ ਟਰੰਪ ਨੇ ਐਲਾਨਿਆ ਸੀ ਕਿ ਜੇ ਕੋਈ ਦੇਸ਼ ਅਮਰੀਕੀ ਚੀਜ਼ਾਂ ’ਤੇ ਵੱਧ ਟੈਰਿਫ ਲਾਏਗਾ ਤਾਂ ਅਮਰੀਕਾ ਵੀ ਉਸ ਦੀਆਂ ਚੀਜ਼ਾਂ ’ਤੇ ਵੱਧ ਟੈਰਿਫ ਠੋਕੇਗਾ।
ਇਸੇ ਦੌਰਾਨ ਐਲਨ ਮਸਕ ਦੀ ਅਗਵਾਈ ਹੇਠਲੇ ਯੂਐੱਸ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਵੱਲੋਂ ਭਾਰਤ ਵਿੱਚ ਵੋਟਰ ਟਰਨਆਊਟ ਲਈ ਅਲਾਟ ਕੀਤੇ ਗਏ 210 ਲੱਖ ਡਾਲਰ ਸਮੇਤ ਵੱਖ-ਵੱਖ ਖਰਚਿਆਂ ਵਿੱਚ ਕਟੌਤੀ ਦਾ ਐਲਾਨ ਕਰਨ ਤੋਂ ਕੁਝ ਦਿਨ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਨੂੰ ਆਪਣੀ ਵਧਦੀ ਆਰਥਿਕਤਾ ਅਤੇ ਉੱਚ ਟੈਕਸ ਦਰਾਂ ਦੇ ਨਾਲ ਅਜਿਹੀ ਵਿੱਤੀ ਸਹਾਇਤਾ ਦੀ ਲੋੜ ਨਹੀਂ ਹੈ। ਟਰੰਪ ਨੇ ਕਿਹਾਅਸੀਂ ਭਾਰਤ ਨੂੰ 210 ਲੱਖ ਡਾਲਰ ਕਿਉਂ ਦੇ ਰਹੇ ਹਾਂ? ਉਨ੍ਹਾਂ ਕੋਲ ਬਥੇਰਾ ਪੈਸਾ ਹੈ। ਸਾਡੇ ਪੱਖੋਂ ਉਹ ਦੁਨੀਆ ਦੇ ਸਭ ਤੋਂ ਵੱਧ ਟੈਕਸ ਲਗਾਉਣ ਵਾਲੇ ਦੇਸ਼ਾਂ ਵਿੱਚੋਂ ਇੱਕ ਹਨ, ਅਸੀਂ ਮੁਸ਼ਕਲ ਨਾਲ ਉੱਥੇ ਜਾ ਸਕਦੇ ਹਾਂ ਕਿਉਂਕਿ ਉਨ੍ਹਾਂ ਦੇ ਟੈਰਿਫ ਬਹੁਤ ਜ਼ਿਆਦਾ ਹਨ। ਮੈਂ ਭਾਰਤ ਅਤੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਦਾ ਸਤਿਕਾਰ ਕਰਦਾ ਹਾਂ, ਪਰ ਵੋਟਰ ਟਰਨਆਊਟ ਲਈ ਅਸੀਂ 210 ਲੱਖ ਡਾਲਰ ਕਿਉ ਦੇ ਰਹੇ ਹਾਂ?
ਟਰੰਪ ਨੇ ਪਿਛਲੇ ਮਹੀਨੇ ਮਸਕ ਨੂੰ ਨਵੇਂ ਪ੍ਰਸ਼ਾਸਕੀ ਕੁਸ਼ਲਤਾ ਬਾਰੇ ਵਿਭਾਗ ਦਾ ਮੁਖੀ ਲਾਇਆ ਸੀ। ਸ਼ਾਸਨ ਵਿੱਚ ਸੁਧਾਰ ਕਰਨ ਅਤੇ ਵਾਧੂ ਖਰਚਿਆਂ ਨੂੰ ਰੋਕਣ ਦੇ ਕੰਮ ਵਿੱਚ ਲੱਗੇ ਮਸਕ ਨੇ ਟੈਕਸਦਾਤਾਵਾਂ ਦੇ ਕਰੋੜਾਂ ਡਾਲਰਾਂ ਦੀ ਲਾਗਤ ਵਾਲੇ ਕਈ ਪ੍ਰੋਗਰਾਮਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ।
ਵਿਭਾਗ ਵੱਲੋਂ ਰੱਦ ਕੀਤੇ ਗਏ ਵਾਧੂ ਖਰਚੇ ਦੀ ਸੂਚੀ ਵਿੱਚ ‘ਚੋਣਾਂ ਅਤੇ ਰਾਜਨੀਤਕ ਪ੍ਰਕਿਰਿਆ ਦੀ ਮਜ਼ਬੂਤੀ ਲਈ ਕੰਸੋਰਸ਼ੀਅਮ’ ਦੀ 48.60 ਕਰੋੜ ਡਾਲਰ ਦੀ ਗ੍ਰਾਂਟ ਸ਼ਾਮਲ ਹੈ, ਜਿਸ ਵਿੱਚ ਭਾਰਤ ਵਿੱਚ ਵੋਟਰ ਟਰਨਆਊਟ ਲਈ 210 ਲੱਖ ਡਾਲਰ ਦੀ ਗਰਾਂਟ ਸ਼ਾਮਲ ਸੀ।



