ਪਨਾਮਾ ਸ਼ਹਿਰ : ਅਮਰੀਕਾ ਤੋਂ ਡਿਪੋਰਟ ਕੀਤੇ ਜਾਣ ਵਾਲੇ ਤਿੰਨ ਸੌ ਦੇ ਕਰੀਬ ਲੋਕਾਂ ਨੂੰ ਪਨਾਮਾ ਦੇ ਇੱਕ ਹੋਟਲ ਵਿੱਚ ਨਜ਼ਰਬੰਦ ਕੀਤਾ ਗਿਆ ਹੈ। ਇਹ ਗੈਰਕਾਨੂੰਨੀ ਪ੍ਰਵਾਸੀ ਕੌਮਾਂਤਰੀ ਅਥਾਰਿਟੀਜ਼ ਵੱਲੋਂ ਉਨ੍ਹਾਂ ਨੂੰ ਆਪੋ-ਆਪਣੇ ਮੁਲਕ ਵਾਪਸ ਭੇਜਣ ਦੀ ਉਡੀਕ ਕਰ ਰਹੇ ਹਨ।
ਇਨ੍ਹਾਂ ਗੈਰਕਾਨੂੰਨੀ ਪ੍ਰਵਾਸੀਆਂ ਵਿਚੋਂ ਬਹੁਤੇ ਈਰਾਨ, ਭਾਰਤ, ਨੇਪਾਲ, ਸ੍ਰੀਲੰਕਾ, ਪਾਕਿਸਤਾਨ, ਅਫ਼ਗਾਨਿਸਤਾਨ, ਚੀਨ ਤੇ ਹੋਰਨਾਂ ਏਸ਼ੀਆਈ ਮੁਲਕਾਂ ਨਾਲ ਸੰਬੰਧਤ ਹਨ। ਅਥਾਰਿਟੀਜ਼ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ 40 ਫੀਸਦ ਤੋਂ ਵੱਧ ਪ੍ਰਵਾਸੀ ਸਵੈ-ਇੱਛਾ ਨਾਲ ਆਪੋ-ਆਪਣੇ ਮੁਲਕਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ। ਹੋਟਲ ਵਿੱਚ ਨਜ਼ਰਬੰਦ ਇਨ੍ਹਾਂ ਡਿਪੋਰਟੀਜ਼ ਨੇ ਖਿੜਕੀਆਂ ਰਾਹੀਂ ‘ਹੈਲਪ’ ਦੇ ਸੁਨੇਹੇ ਲਿਖ ਕੇ ਮਦਦ ਦੀ ਅਰਜੋਈ ਕੀਤੀ ਹੈ। ਅਮਰੀਕਾ ਨੂੰ ਇਨ੍ਹਾਂ ਵਿੱਚੋਂ ਕੁਝ ਨੂੰ ਸਿੱਧੇ ਉਨ੍ਹਾਂ ਦੇ ਮੁਲਕ ਡਿਪੋਰਟ ਕਰਨ ਵਿਚ ਮੁਸ਼ਕਲ ਆ ਰਹੀ ਹੈ, ਲਿਹਾਜ਼ਾ ਪਨਾਮਾ ਨੂੰ ਰਸਤੇ ਵਿਚ ਠਾਹਰ ਵਜੋਂ ਵਰਤਿਆ ਜਾ ਰਿਹਾ ਹੈ। ਡਿਪੋਰਟੀਜ਼ ਦੇ ਤੀਜੇ ਬੈਚ ਵਾਲੀ ਉਡਾਣ ਬੁੱਧਵਾਰ ਕੋਸਟਾ ਰੀਕਾ ਵਿਚ ਲੈਂਡ ਕਰ ਸਕਦੀ ਹੈ।
ਪਨਾਮਾ ਦੇ ਸੁਰੱਖਿਆ ਮੰਤਰੀ ਫਰੈਂਕ ਅਬਰੇਗੋ ਨੇ ਮੰਗਲਵਾਰ ਕਿਹਾ ਕਿ ਪਨਾਮਾ ਅਤੇ ਅਮਰੀਕਾ ਦਰਮਿਆਨ ਪ੍ਰਵਾਸ ਸਮਝੌਤੇ ਤਹਿਤ ਪ੍ਰਵਾਸੀਆਂ ਨੂੰ ਡਾਕਟਰੀ ਸਹਾਇਤਾ ਅਤੇ ਭੋਜਨ ਮਿਲ ਰਿਹਾ ਹੈ। ਉਸ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਕਿ ਵਿਦੇਸ਼ੀ ਨਾਗਰਿਕਾਂ ਨੂੰ ਹੋਟਲ ਵਿਚ ਗੈਰਕਾਨੂੰਨੀ ਹਿਰਾਸਤ ’ਚ ਰੱਖਿਆ ਗਿਆ ਹੈ। ਉਂਜ ਇਹ ਵਿਦੇਸ਼ੀ ਨਾਗਰਿਕ ਆਪਣੇ ਕਮਰਿਆਂ ਵਿੱਚੋਂ ਬਾਹਰ ਨਹੀਂ ਆ ਸਕਦੇ। ਹੋਟਲ ਦੇ ਬਾਹਰ ਪੁਲਸ ਦਾ ਪਹਿਰਾ ਹੈ।
ਪਨਾਮਾ ਸਰਕਾਰ ਹੁਣ ਡਿਪੋਰਟੀਆਂ ਲਈ ਪੁਲ ਜਾਂ ਲਾਂਘੇ ਵਜੋਂ ਕੰਮ ਕਰਨ ਲਈ ਸਹਿਮਤ ਹੋ ਗਈ ਹੈ, ਜਦੋਂ ਕਿ ਅਮਰੀਕਾ ਕਾਰਵਾਈ ਦੇ ਸਾਰੇ ਖਰਚੇ ਸਹਿਣ ਕਰੇਗਾ। ਇਸ ਸਮਝੌਤੇ ਦਾ ਐਲਾਨ ਇਸ ਮਹੀਨੇ ਦੇ ਸ਼ੁਰੂ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਫੇਰੀ ਮਗਰੋਂ ਕੀਤਾ ਗਿਆ ਸੀ। ਪਨਾਮਾ ਦੇ ਰਾਸ਼ਟਰਪਤੀ ਜੋਸ ਰਾਉਲ ਮੁਲੀਨੋ ਨੇ ਪਿਛਲੇ ਵੀਰਵਾਰ ਡਿਪੋਰਟੀਜ਼ ਦੀਆਂ ਪਹਿਲੀਆਂ ਉਡਾਣਾਂ ਦੇ ਆਉਣ ਦਾ ਐਲਾਨ ਕੀਤਾ ਸੀ। ਅਬਰੇਗੋ ਨੇ ਕਿਹਾ ਕਿ 299 ਡਿਪੋਰਟੀਜ਼ ਵਿੱਚੋਂ 171 ਕੌਮਾਂਤਰੀ ਪ੍ਰਵਾਸ ਸੰਗਠਨ ਅਤੇ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਦੀ ਮਦਦ ਨਾਲ ਸਵੈ-ਇੱਛਾ ਨਾਲ ਆਪੋ-ਆਪਣੇ ਦੇਸ਼ਾਂ ਵਿੱਚ ਵਾਪਸ ਜਾਣ ਲਈ ਸਹਿਮਤ ਹੋਏ ਹਨ। ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਕਿਸੇ ਤੀਜੇ ਮੁਲਕ ਵਿਚ ਉਨ੍ਹਾਂ ਲਈ ਇੱਕ ਮੰਜ਼ਲ ਲੱਭਣ ਦੀ ਕੋਸ਼ਿਸ਼ ਵਿੱਚ ਬਾਕੀ 128 ਪ੍ਰਵਾਸੀਆਂ ਨਾਲ ਗੱਲ ਕਰ ਰਹੀਆਂ ਹਨ। ਅਬਰੇਗੋ ਨੇ ਕਿਹਾ ਕਿ ਡਿਪੋਰਟ ਕੀਤਾ ਗਿਆ ਆਇਰਿਸ਼ ਨਾਗਰਿਕ ਪਹਿਲਾਂ ਹੀ ਆਪਣੇ ਦੇਸ਼ ਵਾਪਸ ਜਾ ਚੁੱਕਾ ਹੈ। ਜਿਹੜੇ ਲੋਕ ਆਪਣੇ ਦੇਸ਼ਾਂ ਵਿੱਚ ਵਾਪਸ ਜਾਣ ਲਈ ਸਹਿਮਤ ਨਹੀਂ ਹਨ, ਉਨ੍ਹਾਂ ਨੂੰ ਅਸਥਾਈ ਤੌਰ ’ਤੇ ਦੂਰ-ਦੁਰਾਡੇ ਡੈਰੀਨ ਪ੍ਰਾਂਚ ਵਿੱਚ ਰੱਖਿਆ ਜਾਵੇਗਾ, ਜਿੱਥੋਂ ਲੱਖਾਂ ਪ੍ਰਵਾਸੀ ਹਾਲ ਹੀ ਦੇ ਸਾਲਾਂ ਵਿੱਚ ਉੱਤਰ ਵੱਲ ਆਪਣੇ ਅਗਲੇ ਸਫ਼ਰ ਲਈ ਰਵਾਨਾ ਹੋਏ ਹਨ।



