ਚੰਡੀਗੜ੍ਹ : ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਆਪਣੇੇ ਸਾਥੀਆਂ ਖਿਲਾਫ ਦਰਜ ‘ਝੂਠੇ’ ਕੇਸਾਂ ਦਾ ਵਿਰੋਧ ਕਰਨ ਲਈ ਬੁੱਧਵਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਉਨ੍ਹਾ ਦੀ ਰਿਹਾਇਸ਼ ਉਤੇ ਪੁੱਜੇ। ਹਾਲਾਂਕਿ ਉਨ੍ਹਾ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਨਹੀਂ ਹੋ ਸਕੀ। ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਕਥਿਤ ਸ਼ਹਿ ’ਤੇ ਪੁਲਸ ਵੱਲੋਂ ਉਨ੍ਹਾਂ ਦੇ ਸਾਥੀਆਂ ਖਿਲਾਫ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਉਹ ਇਸ ਮਸਲੇ ’ਤੇ ਗੱਲਬਾਤ ਕਰਨ ਲਈ ਆਏ ਹਨ। ਬਿੱਟੂ ਅਚਾਨਕ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਲਈ ਉਨ੍ਹਾ ਦੀ ਰਿਹਾਇਸ਼ ਦੇ ਪਿਛਲੇ ਪਾਸੇ ਪਹੁੰਚੇ। ਇਸ ਦੌਰਾਨ ਚੰਡੀਗੜ੍ਹ ਪੁਲਸ ਨੇ ਉਨ੍ਹਾ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਬਿੱਟੂ ਨੇ ਜਦੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾ ਦੇ ਸੁਰੱਖਿਆ ਕਰਮੀ ਅਤੇ ਚੰਡੀਗੜ੍ਹ ਪੁਲਸ ਦੇ ਮੁਲਾਜ਼ਮਾਂ ਵਿਚਕਾਰ ਮਾਮੂਲੀ ਖਿੱਚਧੂਹ ਵੀ ਹੋਈ। ਬਿੱਟੂ ਨੇ ਦਾਅਵਾ ਕੀਤਾ ਕਿ ਦਿੱਲੀ ’ਚ ਆਮ ਆਦਮੀ ਪਾਰਟੀ ਦੀ ਹਾਰ ਦਾ ਬਦਲਾ ਲੈਣ ਲਈ ਉਨ੍ਹਾ ਦੇ ਨੇੜਲਿਆਂ ਖਿਲਾਫ ਝੂਠੇ ਪਰਚੇ ਦਰਜ ਕੀਤੇ ਗਏ ਹਨ।





