ਸ਼ਾਹਕੋਟ (ਗਿਆਨ ਸੈਦਪੁਰੀ)
ਸ਼ਾਹਕੋਟ ਖੇਤਰ ਵਿੱਚ ਦਰਜਨਾਂ ਏਕੜ ਆਲੂ ਤੇ ਕਣਕ ਦੀ ਫਸਲ ਦਾ ਨੁਕਸਾਨ ਹੋ ਗਿਆ ਹੈ। ਕਿਸਾਨਾਂ ਨੇ ਲੱਖਾਂ ਰੁਪਏ ਦੇ ਨੁਕਸਾਨ ਦੀ ਗੱਲ ਕਹੀ ਹੈ। ਇਹ ਨੁਕਸਾਨ ਫਿਲੌਰ ਰਜਵਾਹਾ, ਜੋ ਕਿ ਬਿਸਤ ਦੁਆਬ ਨਹਿਰ ਦੀ ਸ਼ਾਖਾ ਹੈ, ਦੇ ਕੁਝ ਥਾਵਾਂ ਤੋਂ ਟੁੱਟਣ ਕਾਰਨ ਹੋਇਆ ਹੈ।ਕਿਸਾਨ ਮਨਜਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਨੇ ਕਿਹਾ ਕਿ ਉਸ ਦਾ 6-7 ਏਕੜ ਦਾ ਆਲੂ ਪੂਰੀ ਤਰ੍ਹਾਂ ਖਰਾਬ ਹੋ ਗਿਆ ਹੈ।ਇਕ ਹੋਰ ਕਿਸਾਨ ਗੁਰਪ੍ਰੀਤ ਸਿੰਘ ਗੋਪੀ ਪਿੰਡ ਨੰਗਲ ਅੰਬੀਆਂ ਨੇ ਦੱਸਿਆ ਕਿ ਉਸ ਦੀ ਦੋ ਏਕੜ ਆਲੂ ਦੀ ਫਸਲ ਵਿੱਚ ਪਾਣੀ ਫਿਰ ਗਿਆ ਹੈ। ਇਸ ਦੇ ਨਾਲ ਹੀ ਉਸ ਦੀ ਤਿੰਨ ਏਕੜ ਕਣਕ ਦੀ ਫਸਲ ਦਾ ਵੀ ਨੁਕਸਾਨ ਹੋਇਆ ਹੈ। ਹਰਪਾਲ ਸਿੰਘ ਹੀਰਾ ਵਾਸੀ ਸ਼ਾਹਕੋਟ ਨੇ ਦੱਸਿਆ ਕਿ ਉਸ ਦੀ 4 ਏਕੜ ਕਣਕ ਦੀ ਫਸਲ ਨੁਕਸਾਨੀ ਗਈ ਹੈ।
ਮਾਰਕਿਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ ਅਤੇ ਗੁਰਦੇਵ ਸਿੰਘ ਭੁੱਲਰ ਦੀ ਆਲੂ ਦੀ ਫਸਲ ਦੇ 20-25 ਏਕੜਾਂ ਵਿੱਚ ਪਾਣੀ ਨੇ ਮਾਰ ਕੀਤੀ ਹੈ। ਇਸੇ ਤਰ੍ਹਾਂ ਬਲਰਾਜ ਸਿੰਘ ਮਲਸੀਆਂ ਨੇ ਦੱਸਿਆ ਕਿ ਉਸ ਦੀ ਆਲੂ ਦੀ ਫਸਲ ਦੇ 8-10 ਏਕੜ ਖਰਾਬ ਹੋ ਗਏ ਹਨ। ਸਰਕਾਰੀ ਆਲੂ ਬੀਜ ਫਾਰਮ ਮਲਸੀਆਂ/ ਸ਼ਾਹਕੋਟ ਦੇ ਲਗਭਗ ਦੋ ਏਕੜ ਵਿੱਚ ਰਜਵਾਹੇ ਦਾ ਪਾਣੀ ਭਰ ਗਿਆ ਹੈ। ਸਹਾਇਕ ਨਿਰਦੇਸ਼ਕ (ਬਾਗਬਾਨੀ) ਡਾ. ਸੁਖਬੀਰ ਸਿੰਘ ਨੇ ਦੱਸਿਆ ਕਿ ਲੱਖਾਂ ਰੁਪਏ ਦਾ ਮਿਆਰੀ ਬੀਜ ਖਰਾਬ ਹੋ ਗਿਆ ਹੈ, ਜੋ ਇਲਾਕੇ ਦੇ ਕਿਸਾਨਾਂ ਨੂੰ ਮੁਹੱਈਆਂ ਕਰਵਾਇਆ ਜਾਣਾ ਸੀ।ਉਨ੍ਹਾ ਦੱਸਿਆ ਕਿ ਕਈ ਵਾਰ ਨਹਿਰੀ ਵਿਭਾਗ ਨੂੰ ਲਿਖਤੀ ਰੂਪ ਵਿੱਚ ਕਿਹਾ ਗਿਆ ਹੈ ਕਿ ਰਜਵਾਹੇ ਵਿੱਚੋਂ ਨਿਕਲੇ ਖਾਲ਼ਿਆਂ ਨੂੰ ਠੀਕ ਕੀਤਾ ਜਾਵੇ, ਪਰ ਕੋਈ ਅਮਲ ਨਹੀਂ ਹੋਇਆ। ਇਸ ਤਰ੍ਹਾਂ ਕਿਸਾਨ ਗੁਰਦੇਵ ਸਿੰਘ ਨਵਾਂ ਕਿਲ੍ਹਾ ਨੇ ਕਿਹਾ ਕਿ ਬੇਸ਼ਕੀਮਤੀ ਪਾਣੀ ਨੂੰ ਬਚਾਉਣ ਲਈ ਰਜਵਾਹੇ ਦੀ ਦਰੁਸਤੀ ਕਰਕੇ ਖਾਲੇ ਬਹਾਲ ਕੀਤੇ ਜਾਣ। ਪ੍ਰਭਾਵਤ ਕਿਸਾਨਾਂ ਨੇ ਮੰਗ ਕੀਤੀ ਕਿ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।





