ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਦਾਅਵਾ ਕੀਤਾ ਕਿ ਦਿੱਲੀ ਦੀ ਨਵੀਂ ਭਾਜਪਾ ਸਰਕਾਰ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਦਫਤਰ ਤੋਂ ਦੇਸ਼ ਦੇ ਪਹਿਲੇ ਕਾਨੂੰਨ ਮੰਤਰੀ ਡਾ. ਭੀਮ ਰਾਓ ਅੰਬੇਡਕਰ ਦੀ ਫੋਟੋ ਹਟਾ ਕੇ ਬਾਬਾ ਸਾਹਿਬ ਦੇ ਲੱਖਾਂ ਪੈਰੋਕਾਰਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾ ਕਿਹਾ ਕਿ ਨਵੀਂ ਸਰਕਾਰ ਨੇ ਬਾਬਾ ਸਾਹਿਬ ਦੀ ਫੋਟੋ ਹਟਾ ਦਿੱਤੀ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਲਗਾ ਦਿੱਤੀ। ਇਹ ਸਹੀ ਨਹੀਂ ਹੈ। ਉਨ੍ਹਾ ਡਾ. ਅੰਬੇਡਕਰ ਦੀ ਫੋਟੋ ਨਾ ਹਟਾਉਣ ਦੀ ਬੇਨਤੀ ਕਰਦਿਆਂ ਕਿਹਾਮੇਰੀ ਭਾਜਪਾ ਨੂੰ ਇੱਕ ਬੇਨਤੀ ਹੈ। ਤੁਸੀਂ ਪ੍ਰਧਾਨ ਮੰਤਰੀ ਦੀ ਫੋਟੋ ਲਗਾ ਸਕਦੇ ਹੋ, ਪਰ ਬਾਬਾ ਸਾਹਿਬ ਦੀ ਫੋਟੋ ਨਾ ਹਟਾਓ। ਉਨ੍ਹਾ ਦੀ ਫੋਟੋ ਲੱਗੀ ਰਹਿਣ ਦਿਓ।
ਦਿੱਲੀ ਦੀ ਸਾਬਕਾ ਮੁੱਖ ਮੰਤਰੀ ਅਤੇ ਦਿੱਲੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਵੀ ਭਾਜਪਾ ’ਤੇ ਦਲਿਤ ਅਤੇ ਸਿੱਖ ਵਿਰੋਧੀ ਮਾਨਸਿਕਤਾ ਰੱਖਣ ਦਾ ਦੋਸ਼ ਲਗਾਇਆ। ਆਤਿਸ਼ੀ ਨੇ ਕਿਹਾ ਕਿ ਭਾਜਪਾ ਨੇ ਆਪਣਾ ਅਸਲੀ ਦਲਿਤ ਅਤੇ ਸਿੱਖ ਵਿਰੋਧੀ ਚਿਹਰਾ ਦਿਖਾ ਦਿੱਤਾ ਹੈ। ਦਿੱਲੀ ਵਿਧਾਨ ਸਭਾ ਦੇ ਮੁੱਖ ਮੰਤਰੀ ਦਫਤਰ ਤੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀਆਂ ਫੋਟੋਆਂ ਹਟਾ ਦਿੱਤੀਆਂ ਗਈਆਂ ਹਨ।ਉਨ੍ਹਾ ਐੱਕਸ ’ਤੇ ਪਾਈ ਪੋਸਟ ਦੇ ਨਾਲ ਆਪਣੇ ਮੁੱਖ ਮੰਤਰੀ ਕਾਲ ਦੀ ਮੁੱਖ ਮੰਤਰੀ ਦਫਤਰ ਦੀ ਫੋਟੋ ਨੱਥੀ ਕੀਤੀ ਹੈ ਤੇ ਨਾਲ ਹੀ ਮੌਜੂਦਾ ਮੁੱਖ ਮੰਤਰੀ ਰੇਖਾ ਗੁਪਤਾ ਦੇ ਸੀ ਐੱਮ ਦਫਤਰ ਵਾਲੀ ਫੋਟੋ ਨੱਥੀ ਕੀਤੀ ਹੈ। ਦੂਜੀ ਫੋਟੋ ਵਿਚ ਮੁੱਖ ਮੰਤਰੀ ਗੁਪਤਾ ਦੇ ਨਾਲ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਮਹਾਤਮਾ ਗਾਂਧੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਫੋਟੋਆਂ ਦਿਖਾਈ ਦੇ ਰਹੀਆਂ ਹਨ ਅਤੇ ਡਾ. ਅੰਬੇਡਕਰ ਤੇ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਨਹੀਂ ਦਿਖਾਈ ਦੇ ਰਹੀਆਂ।
ਉਧਰ, ਮੁੱਖ ਮੰਤਰੀ ਦੇ ਦਫਤਰ ਨੇ ਵੀ ਜਵਾਬ ’ਚ ਦੋ ਤਸਵੀਰਾਂ ਜਾਰੀ ਕੀਤੀਆਂ ਹਨ। ਇਸ ਵਿੱਚ ਮੁੱਖ ਮੰਤਰੀ ਦੀ ਸੀਟ ਦੇ ਪਿੱਛੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਮਹਾਤਮਾ ਗਾਂਧੀ ਦੀ ਤਸਵੀਰ ਹੈ, ਜਦਕਿ ਨਾਲ ਦੀ ਕੰਧ ’ਤੇ ਬਾਬਾ ਸਾਹਿਬ ਤੇ ਭਗਤ ਸਿੰਘ ਦੀਆਂ ਤਸਵੀਰਾਂ ਹਨ। ਭਾਜਪਾ ਦੇ ਬੁਲਾਰੇ ਆਰ ਪੀ ਸਿੰਘ ਨੇ ਕਿਹਾ ਕਿ ‘ਆਪ’ ਨੂੰ ਹਾਰ ਪਚਾ ਨਹੀਂ ਹੋ ਰਹੀ।


