ਨਵੀਂ ਦਿੱਲੀ : ਕਸਟਮ ਵਿਭਾਗ ਨੇ ਸੋਮਵਾਰ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ 11 ਕਰੋੜ ਰੁਪਏ ਤੋਂ ਵੱਧ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ਵਿੱਚ ਨੋਇਡਾ ਦੀ 20 ਸਾਲਾ ਔਰਤ ਨੂੰ ਗਿ੍ਰਫਤਾਰ ਕੀਤਾ ਹੈ। ਬਿਸਕੁਟ ਅਤੇ ਚੌਲਾਂ ਦੇ ਪੈਕਟਾਂ ਵਿੱਚ ਨਸ਼ੀਲੇ ਪਦਾਰਥ ਲਿਜਾ ਰਹੀ ਮਹਿਲਾ ਨੂੰ 21 ਫਰਵਰੀ ਨੂੰ ਬੈਂਕਾਕ ਤੋਂ ਆਉਣ ਮੌਕੇ ਰੋਕਿਆ ਗਿਆ ਸੀ। ਕਾਲੇ ਟਰਾਲੀ ਬੈਗ ਦੀ ਜਾਂਚ ਦੌਰਾਨ ਅੱਠ ਕੁਕੀਜ਼ ਅਤੇ ਚੌਲਾਂ ਦੇ ਪੈਕੇਟਾਂ ਫੜੇ ਗਏ। ਇਨ੍ਹਾਂ ਵਿੱਚ ਹਰੇ ਰੰਗ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਇਨ੍ਹਾਂ ਦਾ ਕੁੱਲ ਵਜ਼ਨ 11,284 ਗ੍ਰਾਮ ਹੈ। ਪਦਾਰਥਾਂ ’ਤੇ ਕੀਤੇ ਗਏ ਡਾਇਗਨੋਸਟਿਕ ਟੈਸਟ ਨੇ ਪਹਿਲੀ ਨਜ਼ਰੇ ਇਹ ਗਾਂਜਾ ਜਾਂ ਭੰਗ ਹੋਣ ਦੀ ਪੁਸ਼ਟੀ ਕੀਤੀ ਹੈ। ਪਦਾਰਥ ਦੀ ਗੈਰ-ਕਾਨੂੰਨੀ ਬਜ਼ਾਰ ਵਿੱਚ ਕੀਮਤ ਲਗਭਗ 11.28 ਕਰੋੜ ਰੁਪਏ ਹੈ।


