ਰਣਵੀਰ ਅਲਾਹਾਬਾਦੀਆ ਨੂੰ ਹੋਰ ਰਾਹਤ

0
150

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਪੌਡਕਾਸਟਰ ਰਣਵੀਰ ਅਲਾਹਾਬਾਦੀਆ ਨੂੰ ਨੈਤਿਕਤਾ ਤੇ ਸ਼ਾਲੀਨਤਾ ਨੂੰ ਕਾਇਮ ਰੱਖਣ ਅਤੇ ਇਹ ਹਰ ਉਮਰ ਲਈ ਢੁਕਵਾਂ ਹੋਣ ਦਾ ਵਾਅਦਾ ਕਰਨ ਦੇ ਵਿਸ਼ੇ ’ਤੇ ‘ਦ ਰਣਵੀਰ ਸ਼ੋਅ’ ਨੂੰ ਪ੍ਰਸਾਰਤ ਕਰਨ ਦੀ ਇਜਾਜ਼ਤ ਦੇ ਦਿੱਤੀ। ਜਸਟਿਸ ਸੂਰੀਆ ਕਾਂਤ ਅਤੇ ਐੱਨ ਕੋਟੀਸ਼ਵਰ ਸਿੰਘ ਦੀ ਬੈਂਚ ਨੇ ਅਲਾਹਾਬਾਦੀਆ ਦੀ ਇਸ ਦਲੀਲ ਦਾ ਨੋਟਿਸ ਲਿਆ ਕਿ ਪੌਡਕਾਸਟ ਹੀ ਉਸ ਦੀ ਰੋਜ਼ੀ-ਰੋਟੀ ਦਾ ਇੱਕੋ-ਇੱਕ ਸਾਧਨ ਸੀ ਅਤੇ ਉਸ ਦੁਆਰਾ ਲਗਾਏ ਗਏ ਲਗਭਗ 280 ਲੋਕ ਸ਼ੋਅ ’ਤੇ ਨਿਰਭਰ ਸਨ।
ਬੈਂਚ ਨੇ ਅਗਲੇ ਹੁਕਮਾਂ ਤੱਕ ਅਲਾਹਾਬਾਦੀਆ ਨੂੰ ਦਿੱਤੀ ਗਈ ਗਿ੍ਰਫਤਾਰੀ ਤੋਂ ਅੰਤਰਮ ਸੁਰੱਖਿਆ ਵੀ ਵਧਾ ਦਿੱਤੀ ਹੈ, ਜਦਕਿ ਉਸ ਨੂੰ ਗੁਹਾਟੀ ਵਿੱਚ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਕੇਂਦਰ ਅਤੇ ਮਹਾਰਾਸ਼ਟਰ, ਅਸਾਮ ਤੇ ਉੜੀਸਾ ਸੂਬਿਆਂ ਵੱਲੋਂ ਪੇਸ਼ ਹੋਏ। ਉਨ੍ਹਾ ਕਿਹਾ ਕਿ ਵਿਵਾਦਗ੍ਰਸਤ ਯੂਟਿਊਬ ਸ਼ੋਅ ‘ਇੰਡੀਆਜ਼ ਗੌਟ ਲੇਟੈਂਟ’ ਉੱਤੇ ਕੀਤੀਆਂ ਟਿੱਪਣੀਆਂ ਨਾ ਸਿਰਫ ਅਸ਼ਲੀਲ ਹਨ, ਬਲਕਿ ਵਿਗਾੜ ਪੈਦਾ ਕਰਨ ਵਾਲੀਆਂ ਹਨ ਅਤੇ ਅਦਾਲਤ ਨੂੰ ਅਪੀਲ ਕੀਤੀ, ਉਸ ਨੂੰ ਕੁਝ ਸਮੇਂ ਲਈ ਚੁੱਪ ਰਹਿਣ ਦਿਓ।
ਬੈਂਚ ਨੇ ਅਲਾਹਬਾਦੀਆ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਅਭਿਨਵ ਚੰਦਰਚੂੜ ਨੂੰ ਕਿਹਾ ਕਿ ਮੌਲਿਕ ਅਧਿਕਾਰ ਥਾਲੀ ਵਿੱਚ ਨਹੀਂ ਦਿੱਤੇ ਗਏ ਅਤੇ ਕੁਝ ਪਾਬੰਦੀਆਂ ਦੇ ਨਾਲ ਆਏ ਸਨ। ਜਸਟਿਸ ਸੂਰੀਆ ਕਾਂਤ ਨੇ ਕਿਹਾ ਕਿ ਇਸ ਕੇਸ ਦਾ ਇੱਕ ਮੁਲਜ਼ਮ ਕੈਨੇਡਾ ਗਿਆ ਅਤੇ ਇਸ ਮਾਮਲੇ ’ਤੇ ਗੱਲ ਕੀਤੀ। ਉਨ੍ਹਾ ਚੇਤਾਵਨੀ ਦਿੰਦਿਆਂ ਕਿਹਾਇਹ ਨੌਜਵਾਨ ਸੋਚ ਸਕਦੇ ਹਨ ਕਿ ਅਸੀਂ ਪੁਰਾਣੇ ਹੋ ਗਏ ਹਾਂ, ਪਰ ਅਸੀਂ ਜਾਣਦੇ ਹਾਂ ਕਿ ਉਨ੍ਹਾਂ ਨਾਲ ਕਿਵੇਂ ਨਜਿੱਠਣਾ ਹੈ। ਅਦਾਲਤ ਨੂੰ ਹਲਕੇ ਵਿੱਚ ਨਾ ਲਓ। ਇਸ ਤੋਂ ਬਾਅਦ ਬੈਂਚ ਨੇ ਅਲਾਹਾਬਾਦੀਆ ਨੂੰ ਆਪਣੇ ਸ਼ੋਅ ’ਤੇ ਕੇਸ ਨਾਲ ਸੰਬੰਧਤ ਕੁਝ ਵੀ ਬੋਲਣ ਤੋਂ ਰੋਕ ਦਿੱਤਾ। ਬੈਂਚ ਨੇ ਉਸ ਨੂੰ ਫਿਲਹਾਲ ਵਿਦੇਸ਼ ਜਾਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜਦੋਂ ਉਹ ਮਾਮਲੇ ਦੀ ਜਾਂਚ ਵਿੱਚ ਸ਼ਾਮਲ ਹੋ ਜਾਂਦਾ ਹੈ ਤਾਂ ਉਸ ਦੀ ਅਪੀਲ ’ਤੇ ਵਿਚਾਰ ਕੀਤਾ ਜਾਵੇਗਾ।