ਲਖਨਊ : ਬਸਪਾ ਦੇ ਸਾਰੇ ਅਹੁਦਿਆਂ ਤੋਂ ਹਟਾਏ ਜਾਣ ਤੋਂ ਇੱਕ ਦਿਨ ਬਾਅਦ ਸੋਮਵਾਰ ਪਾਰਟੀ ਮੁਖੀ ਮਾਇਆਵਤੀ ਨੇ ਆਪਣੇ ਭਤੀਜੇ ਤੇ ਸਾਬਕਾ ਕੌਮੀ ਕੋਆਰਡੀਨੇਟਰ ਆਕਾਸ਼ ਆਨੰਦ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ ’ਚ ਪਾਰਟੀ ’ਚੋਂ ਹੀ ਕੱਢ ਦਿੱਤਾ। ਇਸ ਤੋਂ ਪਹਿਲਾਂ ਆਨੰਦ ਨੇ ਕਿਹਾ ਸੀ ਕਿ ਉਹ ਪਾਰਟੀ ਮੁਖੀ ਮਾਇਆਵਤੀ ਦੇ ਹਰ ਫੈਸਲੇ ਦਾ ਸਤਿਕਾਰ ਕਰਦਾ ਹੈ ਅਤੇ ਉਨ੍ਹਾ ਦੇ ਫੈਸਲਿਆਂ ਨੂੰ ਪੱਥਰ ਉਤੇ ਲਕੀਰ ਮੰਨਦਾ ਹੈ।
ਮਾਇਆਵਤੀ ਨੇ ਐਤਵਾਰ ਆਕਾਸ਼ ਆਨੰਦ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਕੇ ਉਸ ਦੇ ਪਿਤਾ ਆਨੰਦ ਕੁਮਾਰ ਅਤੇ ਰਾਜ ਸਭਾ ਮੈਂਬਰ ਰਾਮਜੀ ਗੌਤਮ ਨੂੰ ਕੌਮੀ ਕੋਆਰਡੀਨੇਟਰ ਨਿਯੁਕਤ ਕਰ ਦਿੱਤਾ ਸੀ। ਉਨ੍ਹਾ ਇਹ ਵੀ ਕਿਹਾ ਸੀ ਕਿ ਉਹ ਆਪਣੇ ਜੀਵਨ ਕਾਲ ਵਿੱਚ ਕਿਸੇ ਨੂੰ ਆਪਣਾ ਜਾਨਸ਼ੀਨ ਨਹੀਂ ਐਲਾਨਣਗੇ।
ਆਕਾਸ਼ ਆਨੰਦ ਨੇ ਸੋਮਵਾਰ ਸੋਸ਼ਲ ਮੀਡੀਆ ਪਲੇਟਫਾਰਮ ਐੱਕਸ ’ਤੇ ਹਿੰਦੀ ਵਿੱਚ ਪਾਈ ਇਕ ਪੋਸਟ ਵਿੱਚ ਕਿਹਾਮੈਂ ਮਾਇਆਵਤੀ ਜੀ ਦਾ ਇੱਕ ਕੇਡਰ ਹਾਂ ਅਤੇ ਉਨ੍ਹਾ ਦੀ ਅਗਵਾਈ ਵਿੱਚ ਮੈਂ ਕੁਰਬਾਨੀ, ਵਫ਼ਾਦਾਰੀ ਅਤੇ ਸਮਰਪਣ ਦੇ ਅਭੁੱਲ ਸਬਕ ਸਿੱਖੇ ਹਨ। ਇਹ ਸਭ ਮੇਰੇ ਲਈ ਸਿਰਫ਼ ਇੱਕ ਵਿਚਾਰ ਨਹੀਂ ਹਨ, ਸਗੋਂ ਮੇਰੀ ਜ਼ਿੰਦਗੀ ਦਾ ਉਦੇਸ਼ ਹਨ।ਭੈਣ ਜੀ ਦਾ ਹਰ ਫੈਸਲਾ ਮੇਰੇ ਲਈ ਪੱਥਰ ’ਤੇ ਲਕੀਰ ਵਰਗਾ ਹੈ। ਮੈਂ ਉਨ੍ਹਾ ਵੱਲੋਂ ਲਏ ਗਏ ਹਰ ਫੈਸਲੇ ਦਾ ਸਤਿਕਾਰ ਕਰਦਾ ਹਾਂ ਅਤੇ ਉਨ੍ਹਾ ਨਾਲ ਖੜ੍ਹਾ ਹਾਂ। ਇਸ ਫੈਸਲੇ ਨੇ ਮੈਨੂੰ ਭਾਵੁਕ ਕਰ ਦਿੱਤਾ, ਪਰ ਇਹ ਹੁਣ ਇੱਕ ਵੱਡੀ ਚੁਣੌਤੀ ਹੈ, ਪ੍ਰੀਖਿਆ ਔਖੀ ਹੈ ਅਤੇ ਅੱਗੇ ਇੱਕ ਲੰਮੀ ਲੜਾਈ ਹੈ।ਵਿਰੋਧੀ ਪਾਰਟੀਆਂ ਦੇ ਕੁਝ ਲੋਕ ਸੋਚ ਰਹੇ ਹਨ ਕਿ ਮੇਰਾ ਸਿਆਸੀ ਕੈਰੀਅਰ ਖਤਮ ਹੋ ਗਿਆ ਹੈ। ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਬਹੁਜਨ ਅੰਦੋਲਨ ਕੋਈ ਕੈਰੀਅਰ ਨਹੀਂ , ਸਗੋਂ ਕਰੋੜਾਂ ਦਲਿਤਾਂ, ਸ਼ੋਸ਼ਿਤਾਂ, ਵਾਂਝੇ ਅਤੇ ਗਰੀਬ ਲੋਕਾਂ ਦੇ ਸਵੈ-ਮਾਣ ਲਈ ਲੜਾਈ ਹੈ।




