ਲੁਧਿਆਣਾ : ਗੋਲੀਆਂ ਚਲਾਉਣ ਦੇ ਕੇਸ ਵਿੱਚ ਨਾਮਜ਼ਦ ਮੁਲਜ਼ਮਾਂ ਦਾ ਪਿੱਛਾ ਕਰ ਰਹੀ ਪੁਲਸ ਥਾਣਾ ਦੁਗਰੀ ਦੀ ਟੀਮ ’ਤੇ ਦੋ ਮੁਲਜ਼ਮਾਂ ਨੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ’ਚ ਦੋ ਮੁਲਜ਼ਮ ਜ਼ਖਮੀ ਹੋ ਗਏ ਤੇ ਪੁਲਸ ਨੇ ਕਾਬੂ ਕਰ ਲਏ।
ਦੋਵਾਂ ਦੇ ਕਬਜ਼ੇ ਵਿੱਚੋਂ ਇੱਕ 32 ਬੋਰ ਦਾ ਪਿਸਤੌਲ ਅਤੇ ਇੱਕ 315 ਬੋਰ ਦਾ ਦੇਸੀ ਪਿਸਤੌਲ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ਦੀ ਪਛਾਣ ਸੁਮਿਤ ਅਤੇ ਮਨੀਸ਼ ਉਰਫ ਟੋਨੀ ਵਜੋਂ ਹੋਈ ਹੈ। ਇਹ ਘਟਨਾ ਐਤਵਾਰ ਤੜਕੇ ਸਾਢੇ ਤਿੰਨ ਵਜੇ ਦੇ ਕਰੀਬ ਵਾਪਰੀ।
ਥਾਣਾ ਦੁਗਰੀ ਦੇ ਐੱਸ ਐੱਚ ਓ ਸਬ ਇੰਸਪੈਕਟਰ ਨਰਪਿੰਦਰ ਸਿੰਘ ਨੇ ਦੱਸਿਆ ਕਿ ਸੁਮਿਤ ਅਤੇ ਟੋਨੀ ’ਤੇ ਦੁਗਰੀ ਸਥਿਤ ਜੈਤੋ ਚੌਕ ਨੇੜੇ ਅਭਿਨਵ ਮੰਡ ਨਾਂਅ ਦੇ ਨੌਜਵਾਨ ’ਤੇ ਗੋਲੀਆਂ ਚਲਾਉਣ ਦਾ ਕੇਸ ਦਰਜ ਹੈ। ਦੋਵੇਂ ਕਾਫੀ ਸਮੇਂ ਤੋਂ ਚਕਮਾ ਦੇ ਰਹੇ ਸਨ। ਸੂਚਨਾ ਮਿਲੀ ਸੀ ਕਿ ਇਹ ਇਲਾਕੇ ਵਿੱਚ ਘੁੰਮ ਰਹੇ ਹਨ। ਪਿੱਛਾ ਕਰਨ ’ਤੇ ਚਕਮਾ ਦਿੰਦੇ ਹੋਏ ਗਿੱਲ ਰੇਲਵੇ ਸਟੇਸ਼ਨ ਵੱਲ ਪਹੁੰਚ ਗਏ ਤੇ ਪੁਲਸ ਟੀਮ ’ਤੇ ਗੋਲੀਆਂ ਚਲਾ ਦਿੱਤੀਆਂ। ਦੋਵਾਂ ਵਿਰੁੱਧ ਪਹਿਲਾਂ ਹੀ ਦਸ ਤੋਂ ਵੱਧ ਕੇਸ ਦਰਜ ਹਨ।




