ਜਿਊਣ ਦਾ ਅੰਦਾਜ਼ ਕੋਈ ਕਮਿਊਨਿਸਟਾਂ ਕੋਲੋਂ ਸਿੱਖੇ : ਲਾਡੀ ਸ਼ੇਰੋਵਾਲੀਆ

0
12

ਸ਼ਾਹਕੋਟ (ਗਿਆਨ ਸੈਦਪੁਰੀ)
‘ਅਸੀਂ ਆਪਣੇ ਵਡੇਰਿਆਂ ਵੱਲੋਂ ਦਿੱਤੀ ਸੇਧ ਦੇ ਅਨੁਸਾਰੀ ਬਣ ਕੇ ਹੱਥੀਂ ਕਿਰਤ ਕਰਦਿਆਂ ਵੀ ਉਚੇ ਮੁਰਾਤਬੇ ਹਾਸਲ ਕਰ ਸਕਦੇ ਹਾਂ। ਬਰਾੜ ਪਰਵਾਰ ਵਡੇਰਿਆਂ ਦੀਆਂ ਘਾਲਣਾਵਾਂ ਸਦਕਾ ਹੀ ਅੱਜ ਆਰਥਕ, ਸਮਾਜਕ ਤੇ ਸਿਆਸੀ ਖੇਤਰ ਵਿੱਚ ਮਾਣਮੱਤਾ ਸਥਾਨ ਪ੍ਰਾਪਤ ਕਰ ਸਕਿਆ ਹੈ।’ ਉਕਤ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕੀਤਾ। ਉਹ ਬੁੱਧਵਾਰ ਪਿੰਡ ਫਤਿਹਪੁਰ ਭਗਵਾਂ ਵਿੱਚ ਮਾਤਾ ਗੁਰਦੀਪ ਕੌਰ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਸਨ। ਕਾਮਰੇਡ ਗੁਰਪਾਲ ਸਿੰਘ ਫਤਿਹਪੁਰ ਦੀ ਪਤਨੀ, ‘ਨਵਾਂ ਜ਼ਮਾਨਾ’ ਦੇ ਸੰਪਾਦਕ ਚੰਦ ਫਤਿਹਪੁਰੀ ਦੀ ਭਰਜਾਈ ਅਤੇ ਗੁਰਜੀਤ ਸਿੰਘ ਤੇ ਸੁਖਜੀਤ ਸਿੰਘ ਦੀ ਮਾਤਾ ਲੰਘੀ 10 ਮਾਰਚ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਸ਼ੇਰੋਵਾਲੀਆ ਨੇ ਕਿਹਾ ਕਿ ਬਰਾੜ ਪਰਵਾਰ ਨੇ ਮੰਡ ਖੇਤਰ ਵਿੱਚ ਬੰਜਰ ਜ਼ਮੀਨ ਨੂੰ ਸਖ਼ਤ ਮਿਹਨਤ ਕਰਕੇ ਆਬਾਦ ਕੀਤਾ। ਇੱਕ ਦੌਰ ਵਿੱਚ ਪਰਵਾਰ ਵੱਲੋਂ ਸਰਕੜੇ ਅਤੇ ਦਿੱਬਾਂ ਪੁੱਟ ਪੁੱਟ ਕੇ ਵਾਹੀ ਯੋਗ ਬਣਾਈ ਜ਼ਮੀਨ ਦੇ ਕੰਮ ਵਿੱਚ ਮਾਤਾ ਗੁਰਦੀਪ ਕੌਰ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ। ਬਰਾੜ ਪਰਵਾਰ ਦੇ ਕਮਿਊਨਿਸਟ ਹੋਣ ਦੇ ਹਵਾਲੇ ਨਾਲ ਸ਼ੇਰੋਵਾਲੀਆ ਨੇ ਕਿਹਾ ਕਿ ਜ਼ਿੰਦਗੀ ਜਿਊਣ ਦਾ ਅੰਦਾਜ਼ ਕੋਈ ਕਮਿਊਨਿਸਟਾਂ ਕੋਲੋਂ ਸਿੱਖੇ। ਹਲਕਾ ਵਿਧਾਇਕ ਨੇ ਆਪਣੇ ਤਾਇਆ ਸਵਰਗੀ ਦਰਬਾਰਾ ਸਿੰਘ (ਗਵਰਨਰ ਰਾਜਸਥਾਨ) ਨਾਲ ਬਰਾੜ ਪਰਵਾਰ ਦੀਆਂ ਸਾਂਝਾਂ ਨੂੰ ਯਾਦ ਕਰਦਿਆਂ ਕਿਹਾ ਕਿ ਸਮਾਜਕ ਤੇ ਪਰਵਾਰਕ ਸਾਂਝਾ ਸਦੀਵੀ ਰੱਖਣ ਲਈ ਸੁਹਿਰਦ ਕੋਸ਼ਿਸ਼ਾਂ ਕਰਦੇ ਰਹਿਣਾ ਚਾਹੀਦਾ ਹੈ।ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾਈ ਆਗੂ ਬਲਦੇਵ ਸਿੰਘ ਜੋਸਨ ਨੇ ਵੀ ਮਾਤਾ ਗੁਰਦੀਪ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਮੈਂਬਰ ਦਲਜੀਤ ਸਿੰਘ ਗੱਟੀ ਰਾਏਪੁਰ ਨੇ ਸਟੇਜ ਸੰਚਾਲਨ ਕਰਦਿਆਂ ਬੀਬੀ ਗੁਰਦੀਪ ਕੌਰ ਦੀ ਸ਼ਖ਼ਸੀਅਤ ਬਾਰੇ ਗੱਲ ਕਰਦਿਆਂ ਬਰਾੜ ਪਰਵਾਰ ਦੀਆਂ ਵੱਖ-ਵੱਖ ਖੇਤਰ ਵਿੱਚ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾ ਪ੍ਰਸਿੱਧ ਪੱਤਰਕਾਰ ਤੇ ਵਿਸ਼ਲੇਸ਼ਕ ਜਤਿੰਦਰ ਪਨੂੰ ਅਤੇ ਕੁਝ ਹੋਰ ਸੰਸਥਾਵਾਂ ਵੱਲੋਂ ਆਏ ਸ਼ੋਕ ਸੰਦੇਸ਼ ਪੜ੍ਹ ਕੇ ਸੁਣਾਏ। ਇਸ ਤੋਂ ਪਹਿਲਾਂ ਸਹਿਜ ਪਾਠ ਦੇ ਭੋਗ ਪੈਣ ਉਪਰੰਤ ਬੇਅੰਤ ਸਿੰਘ ਦੇ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਸ਼ਰਧਾਂਜਲੀ ਸਮਾਗਮ ਵਿੱਚ ਕੁਲ ਹਿੰਦ ਕਿਸਾਨ ਸਭਾ ਦੇ ਸੀਨੀਅਰ ਆਗੂ ਸੂਰਤ ਸਿੰਘ ਧਰਮਕੋਟ, ਜਥੇਦਾਰ ਰੇਸ਼ਮ ਸਿੰਘ ਰੇੜਵਾਂ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਪ੍ਰੈੱਸ ਸਕੱਤਰ ਗਿਆਨ ਸਿੰਘ, ਸੁਖਦੇਵ ਸਿੰਘ ਧੰਜੂ, ਇਲਾਕੇ ਦੇ ਪੰਚ, ਸਰਪੰਚ, ਰਿਸ਼ਤੇਦਾਰ ਤੇ ਪਰਵਾਰ ਦੇ ਸਨੇਹੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।