ਮਸ਼ਾਲਾਂ ਬਾਲ ਕੇ ਰੱਖਣਾ, ਜਦੋਂ ਤੱਕ ਰਾਤ ਬਾਕੀ ਹੈ

0
9

ਸ਼ਾਹਕੋਟ (ਗਿਆਨ ਸੈਦਪੁਰੀ)
ਸੰਸਾਰ ਪ੍ਰਸਿੱਧ ਇਨਕਲਾਬੀ ਕਵੀ ਪਾਸ਼ ਦੇ ਪਿੰਡ ਤਲਵੰਡੀ ਸਲੇਮ ਵਿੱਚ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਅਤੇ ਪਾਸ਼ ਤੇ ਉਸ ਦੇ ਦੋਸਤ ਹੰਸ ਰਾਜ ਦਾ ਸ਼ਹੀਦੀ ਦਿਨ, ‘ਮਸ਼ਾਲਾਂ ਬਾਲ ਕੇ ਰੱਖਣਾ, ਜਦੋਂ ਤੱਕ ਰਾਤ ਬਾਕੀ ਹੈ’ ਦਾ ਸੰਗਰਾਮੀ ਸੁਨੇਹਾ ਦੇ ਗਿਆ। ਇਸ ਸਮਾਗਮ ਵਿੱਚ ਪੇਸ਼ ਕੀਤਾ ਗਿਆ ਉਪੇਰਾ ਨਾਟਕ ਤੇ ਇਨਕਲਾਬੀ ਕਾਰਕੁੰਨਾਂ ਦੀਆਂ ਤਕਰੀਰਾਂ ਅੰਦਰਲਾ ਸੁਨੇਹਾ ਸ਼ਹੀਦਾਂ ਨੂੰ ਸੱਚੀ-ਸੁੱਚੀ ਸ਼ਰਧਾਂਜਲੀ ਦੇਣ ਲਈ ਪ੍ਰੇਰਨਾ ਦੇ ਗਿਆ, ਉੱਥੇ ਲੁਟੇਰੇ ਨਿਜ਼ਾਮ ਨੂੰ ਬਦਲ ਕੇ ਲੋਕਾਂ ਦੀ ਪੁੱਗਤ ਵਾਲਾ ਸਮਾਜ ਸਿਰਜਣ ਲਈ ਲੋਕ ਮਨਾਂ ਅੰਦਰ ਤਾਂਘ ਵੀ ਪੈਦਾ ਕਰ ਗਿਆ। ਸਮਾਗਮ ਦਾ ਆਗਾਜ਼ ਇਨਕਲਾਬੀ ਗੀਤਾਂ ਤੇ ਕਵਿਤਾਵਾਂ ਨਾਲ ਹੋਇਆ। ਮੀਨਾਕਸ਼ੀ ਮਾਲੜੀ ਨੇ ਪਾਸ਼ ਦੀ ਕਵਿਤਾ ‘ਸਭ ਤੋਂ ਖਤਰਨਾਕ’ ਸੁਣਾਈ। ਸਾਥੀ ਸ਼ੰਭੂ ਨੇ ਸੰਤ ਰਾਮ ਉਦਾਸੀ ਦਾ ਗੀਤ ‘ਅਸੀਂ ਜੜ੍ਹ ਨਾ ਗੁਲਾਮੀ ਵਾਲੀ ਛੱਡਣੀ, ਸਾਡੀ ਭਾਵੇਂ ਜੜ੍ਹ ਨਾ ਰਹੇ’ ਪੇਸ਼ ਕੀਤਾ। ਆਮੀਸ਼ ਬਾਗਪੁਰ ਨੇ ਆਪਣੀ ਕਵਿਤਾ ਰਾਹੀਂ ਕਿਸਾਨਾਂ, ਮਜ਼ਦੂਰਾਂ ਨੂੰ ਉਤਸ਼ਾਹੀ ਸੁਨੇਹਾ ਦਿੱਤਾ। ਨਮਰਤਾ ਸਾਦਕ ਪੁਰੀ ਨੇ ਆਪਣੇ ਗੀਤ ਰਾਹੀਂ ਭਗਤ ਸਿੰਘ ਨੂੰ ‘ਵਾਜ਼ਾਂ’ ਮਾਰੀਆਂ। ਬਿਅੰਤ ਔਜਲਾ ਨੇ ਅੰਤਰਰਾਸ਼ਟਰੀ ਗੀਤ ‘ਲਹਿਰਾਂ ਬਣ ਉੱਠੋ ਭੁੱਖਾਂ ਦੇ ਲਿਤਾੜਿਓ, ਦੁਨੀਆ ਦਾ ਸਾਰਾ ਦੁੱਖ ਪੀਣ ਵਾਲਿਓ’ ਦੇ ਅਧਾਰਤ ਕੋਰੀਓਗ੍ਰਾਫੀ ਦੀ ਖੂਬਸੂਰਤ ਪੇਸ਼ਕਾਰੀ ਕਰਵਾਈ। ਆਗੂਆਂ ਵੱਲੋਂ ਸ਼ਹੀਦਾਂ ਨੂੰ ਫੁੱਲ ਅਰਪਣ ਕਰਨ ਉਪਰੰਤ ਅਮੋਲਕ ਸਿੰਘ ਦੀ ਰਚਨਾ ‘ਰੰਗ ਸੰਗਰਾਮਾਂ ਦੇ’ ਉਪੇਰਾ ਪੀਪਲਜ਼ ਆਰਟਸ ਪਟਿਆਲਾ ਵੱਲੋਂ ਸੱਤਪਾਲ ਬੰਗਾ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਗਿਆ। ਇਸ ਉਪੇਰੇ ਵਿੱਚ ਫਲਸਤੀਨ ਦੇ ਫੁੱਲਾਂ ਵਰਗੇ ਬੱਚਿਆਂ ਨੂੰ ਗੋਲੀਆਂ ਨਾਲ ਭੁੰਨੇ ਜਾਣ ਦੀ ਦਰਦਨਾਕ ਵਿੱਥਿਆ ਪੇਸ਼ ਕਰਦਿਆਂ ਤਕੜੇ ਹੋ ਕੇ ਜ਼ਾਲਮਾਂ ਦੇ ਬੁਥਾੜ ਭੰਨਣ ਦਾ ਹੋਕਾ ਦਿੱਤਾ ਗਿਆ।
ਕੌਮਾਂਤਰੀ ਪਾਸ਼ ਯਾਦਗਾਰੀ ਟਰੱਸਟ ਦੇ ਕਨਵੀਨਰ ਸੁਰਿੰਦਰ ਧੰਜਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 94 ਸਾਲ ਪਹਿਲਾਂ ਬਰਤਾਨਵੀ ਸਾਮਰਾਜ ਨੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸਾਡੇ ਕੋਲੋਂ ਖੋਹਿਆ ਸੀ। 23 ਮਾਰਚ 1988 ਨੂੰ ਖਾਲਿਸਤਾਨੀਆਂ ਨੇ ਸਾਥੋਂ ਪਾਸ਼ ਤੇ ਉਸ ਦਾ ਦੋਸਤ ਹੰਸ ਰਾਜ ਖੋਹ ਲਿਆ। ਇਹ ਪੰਜਾਬ ਨਾਲ ਵੱਡਾ ਧ੍ਰੋਹ ਸੀ। ਸਾਥੀ ਧੰਜਲ ਨੇ ਕਿਹਾ ਕਿ ਸਾਨੂੰ ਪਿਸਤੌਲ ਵਾਲੇ ਭਗਤ ਸਿੰਘ ਦੀ ਹੀ ਨਹੀਂ ਸਗੋਂ ‘ਗੋਰਕੀ ਦੀ ਮਾਂ’ ਵਾਲੇ ਅਤੇ ਕਿਤਾਬਾਂ ਵਾਲੇ ਭਗਤ ਸਿੰਘ ਦੀ ਵਧੇਰੇ ਲੋੜ ਹੈ। ਉਨ੍ਹਾਂ ਨੇ ਪਾਸ਼ ਦੀ ਕਾਵਿ ਪ੍ਰਤਿਭਾ ਬਾਰੇ ਗੱਲ ਕਰਦਿਆਂ ਕਿਹਾ ਕਿ ਸੰਸਾਰ ਦੇ 10 ਵੱਡੇ ਲੇਖਕਾਂ ਨਾਲ ਪਾਸ਼ ਦੀਆਂ ਰਚਨਾਵਾਂ ਦੀ ਤੁਲਨਾ ਕੀਤੀ ਜਾਂਦੀ ਹੈ। ਧੰਜਲ ਨੇ ਕਿਹਾ ਕਿ ਪਾਸ਼ ਦੀ ਕਵਿਤਾ ਦੀ ਇੱਕ ਸਤਰ ਹੀ ਲੋਕਾਂ ਨੂੰ ਬਹੁਤ ਵੱਡਾ ਸੰਦੇਸ਼ ਦੇ ਜਾਂਦੀ ਹੈ। ਉਹ ਸਤਰ ਹੈ, ‘ਅਸੀਂ ਲੜਾਂਗੇ ਸਾਥੀ ਜਦੋਂ ਤੱਕ ਦੁਨੀਆ ਵਿੱਚ ਲੜਨ ਦੀ ਲੋੜ ਬਾਕੀ ਹੈ’। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਸਮਾਗਮ ਦੀ ਮਹੱਤਤਾ ਬਿਆਨ ਕਰਦਿਆਂ ਕਿਹਾ ਕਿ ਅੱਜ ਵਿਚਾਰਾਂ ਦੇ ਵਗਦੇ ਦਰਿਆਵਾਂ ਦਾ ਸੰਗਮ ਪਾਸ਼ ਦੀ ਧਰਤੀ ’ਤੇ ਹੋਇਆ ਹੈ। ਸਾਥੀ ਅਮੋਲਕ ਸਿੰਘ ਨੇ ਕਿਹਾ, ‘ਕੈਸਾ ਮੌਕਾ ਮੇਲ ਹੈ ਕਿ ਭਗਤ ਸਿੰਘ ਤੇ ਪਾਸ਼ ਸਤੰਬਰ ਮਹੀਨੇ ਵਿੱਚ ਪੈਦਾ ਹੋਏ ਤੇ ਦੋਵੇਂ ਹੀ ਮਾਰਚ ਮਹੀਨੇ ਵਿੱਚ ਸਾਡੇ ਕੋਲੋਂ ਖੋਹ ਲਏ ਗਏ। ਉਨ੍ਹਾਂ ਨੇ ਲੋਕਾਂ ਨੂੰ ਸੁਚੇਤ ਹੋਣ ਅਤੇ ਲੜਨ ਵਾਸਤੇ ਤਿਆਰ ਰਹਿਣ ਲਈ ਪ੍ਰੇਰਨਾ ਦਿੰਦਿਆਂ ਕਿਹਾ ਕਿ ਆਰ.ਐੱਸ.ਐੱਸ ਅਤੇ ਕਾਰਪੋਰੇਟਾਂ ਨੇ ਸਰੇਆਮ ਆਖਿਆ ਹੋਇਆ ਹੈ ਕਿ 31 ਮਾਰਚ 2026 ਤੋਂ ਬਾਅਦ ਭਗਤ ਸਿੰਘ ਦੀ ਕੋਈ ਗੱਲ ਨਹੀਂ ਕਰ ਸਕੇਗਾ। ਭਾਰਤੀ ਸਟੇਟ ਨੇ ਪੂੰਜੀਪਤੀਆਂ ਨਾਲ ਵਾਅਦਾ ਕੀਤਾ ਹੋਇਆ ਹੈ ਕਿ 2026 ਤੱਕ ਉਨ੍ਹਾਂ ਨੂੰ ਭਾਰਤ ਸੌਂਪ ਦਿੱਤਾ ਜਾਵੇਗਾ। ਅਮੋਲਕ ਸਿੰਘ ਨੇ ਕਾਰਪੋਰੇਟਾਂ ਦੇ ਲੋਕ ਵਿਰੋਧੀ ਬੁਣੇ ਹੋਏ ‘ਤਾਣੇ ਪੇਟੇ’ ਦਾ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਹੁਣ ਇਹ ਗੱਲ ਸਮਝ ਆ ਜਾਣੀ ਹੈ ਕਿ ਚਰਖੇ ਦੀ ਘੂਕ ਕਿਹਦੇ ਲਈ ਹੈ। ਉਨ੍ਹਾਂ ਨੇ ਪੰਜਾਬੀ ਮੁੰਡੇ-ਕੁੜੀਆਂ ਨੂੰ ਬੇੜੀਆਂ ਪਾ ਕੇ ਵਾਪਸ ਕਰਨ ਦੀ ਅਮਰੀਕਾ ਦੀ ਕਰਤੂਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਵਾਨੀ ਪ੍ਰਦੇਸਾਂ ਵੱਲ ਜਾਣ ਦੀ ਥਾਂ ਆਪਣਾ ਵਿਰਸਾ ਸੰਭਾਲੇ ਤੇ ਯਾਦ ਕਰੇ ਆਪਣੇ ਬਜ਼ੁਰਗਾਂ ਨੂੰ, ਜਿਨ੍ਹਾਂ ਨੇ ਜ਼ਾਲਮਾਂ ਅੱਗੇ ਆਪਣੀਆਂ ਹਿੱਕਾਂ ਡਾਹੀਆਂ।
ਮਨੁੱਖੀ ਹੱਕਾਂ ਲਈ ਸੰਗਰਾਮ ’ਚ ਕੁੱਦੇ ਹੋਏ ਹਿਮਾਂਸ਼ੂ ਕੁਮਾਰ ਨੇ ਛੱਤੀਸਗੜ੍ਹ ਵਿੱਚ ਆਦਿਵਾਸੀਆਂ ’ਤੇ ਹੋ ਰਹੇ ਜ਼ੁਲਮਾਂ ਦਾ ਵਿਸਥਾਰ ਨਾਲ ਵਰਣਨ ਕੀਤਾ। ਉਨ੍ਹਾ ਕਿਹਾ ਕਿ ਮਨੁੱਖ ਦਾ ਪਹਿਲਾ ਹੱਕ ਜਿਊਂਦਾ ਰਹਿਣ ਦਾ ਹੈ, ਪਰ ਛੱਤੀਸਗੜ੍ਹ ਵਿੱਚ ਹਾਕਮਾਂ ਨੇ ਉਹ ਵੀ ਖੋਹ ਲਿਆ ਹੈ। ਉਨ੍ਹਾ ਦੱਸਿਆ ਕਿ ਛੱਤੀਸਗੜ੍ਹ ਵਿੱਚ ਸੁਰੱਖਿਆ ਫੋਰਸਾਂ ਦੀ ਵੱਡੀ ਗਿਣਤੀ ਹੈ। ਇਹ ਉੱਥੋਂ ਦੇ ਲੋਕਾਂ ਦੀ ਸੁਰੱਖਿਆ ਲਈ ਨਹੀਂ, ਸਗੋਂ ਸਾਰੇ ਸਾਧਨ ਕਾਰਪੋਰੇਟਾਂ ਨੂੰ ਦੇਣ ਦੀ ਲਈ ਹੈ। ਪਹਿਲਾਂ ਖਣਿਜ ਪਦਾਰਥਾਂ ’ਤੇ ਕਬਜ਼ਾ ਕੀਤਾ ਗਿਆ, ਹੁਣ ਨਜ਼ਰਾਂ ਉਪਜਾਊ ਜ਼ਮੀਨਾਂ ’ਤੇ ਹਨ। ਇਹ ਧਾਰਨਾ ਸੱਚ ਹੈ ਕਿ ਪੂੰਜੀਪਤੀ ਰੁਕ ਜਾਵੇ ਤਾਂ ਉਹ ਖਤਮ ਹੋ ਜਾਂਦਾ ਹੈ। ਇਸ ਲਈ ਉਹ ਰੁਕਣਗੇ ਨਹੀਂ। ਨਾ ਤਾਂ ਉੱਥੇ ਜ਼ਮੀਨ ਬਚੇਗੀ, ਨਾ ਰੁਜ਼ਗਾਰ ਤੇ ਨਾ ਪੈਸਾ। ਜੇਕਰ ਹਿੱਕਾਂ ਡਾਹ ਕੇ ਨਾ ਲੜੇ ਤਾਂ ਇਹ ਸਾਰਾ ਕੁਝ ਪੰਜਾਬ ਵਿੱਚ ਵੀ ਵਾਪਰੇਗਾ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਹਰਮੇਸ਼ ਮਾਲੜੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜ਼ਮੀਨ, ਰੋਜ਼ਗਾਰ ਤੇ ਜਮਹੂਰੀ ਹੱਕ ਬਚਾਉਣ ਲਈ ਜੰਗ ਜਾਰੀ ਹੈ, ਪਰ ਇਸ ਵਿੱਚ ਅਜੇ ਲੋਕ ਥੋੜੇ੍ਹ ਹਨ। ਜਿੱਥੇ ਇਸ ਜੰਗ ਨੂੰ ਹੋਰ ਤੇਜ਼ ਕਰਨ ਦੀ ਲੋੜ ਹੈ, ਉੱਥੇ ਦੁਸ਼ਮਣ ਤੇ ਦੋਸਤ ਦੀ ਪਛਾਣ ਦੀ ਵੀ ਜ਼ਰੂਰਤ ਹੈ। ਸ਼ਹੀਦੀ ਸਮਾਗਮ ਨੂੰ ਜਸਪਾਲ ਜੱਸੀ, ਬੂਟਾ ਸਿੰਘ ਮਹਿਮੂਦਪੁਰ ਤੇ ਮੋਹਣ ਸਿੰਘ ਬੱਲ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਪਾਸ਼ ਦੀਆਂ ਭੈਣਾਂ ਰਜਿੰਦਰ ਕੌਰ ਤੇ ਧਰਮਿੰਦਰ ਕੌਰ ਵੀ ਮੌਜੂਦ ਸਨ। ਸਮਾਗਮ ਦੇ ਆਖਰੀ ਪੜਾਅ ਵਿੱਚ ਭਾਜੀ ਗੁਰਸ਼ਰਨ ਸਿੰਘ ਦਾ ਲਿਖਿਆ ਅਤੇ ਸੱਤਪਾਲ ਬੰਗਾ ਵੱਲੋਂ ਨਿਰਦੇਸ਼ਤ ਨਾਟਕ ‘ਇਹ ਜ਼ਮੀਨ ਸਾਡੀ ਹੈ’ ਖੇਡਿਆ ਗਿਆ। ਇਸ ਵਿੱਚ ਦਲਿਤਾਂ ਦੇ ਹਿੱਸੇ ਆਉਂਦੀ ਜ਼ਮੀਨ ਦਾ ਮੁੱਦਾ ਬੜੀ ਸ਼ਿੱਦਤ ਨਾਲ ਉਭਾਰਿਆ ਗਿਆ। ਸਮਾਗਮ ਵਿੱਚ ਡਾ. ਪਰਮਿੰਦਰ ਸਿੰਘ (ਅੰਮਿ੍ਰਤਸਰ), ਭਾਰਤੀ ਮਜ਼ਦੂਰ ਯੂਨੀਅਨ ਦੇ ਆਗੂ ਭਗਵੰਤ ਸਿੰਘ (ਬਰਮਿੰਘਮ), ਪਿ੍ਰੰਸੀਪਲ ਮਨਜੀਤ ਸਿੰਘ ਮਲਸੀਆਂ, ਸੁਖਵਿੰਦਰ ਬਾਗਪੁਰ ਅਤੇ ਹੋਰ ਤਰਕਸ਼ੀਲ ਅਤੇ ਕਮਿਊਨਿਸਟ ਕਾਰਕੁਨ ਸ਼ਾਮਲ ਸਨ।