ਨੈਨੀਤਾਲ ਦੀ ਨੈਨੀ ਝੀਲ ਉੱਤਰਾਖੰਡ ਦੀਆਂ ਸਭ ਤੋਂ ਖੂਬਸੂਰਤ ਥਾਵਾਂ ਵਿੱਚੋਂ ਇੱਕ ਹੈ। ਇਹ ਨੈਨੀਤਾਲ ਸ਼ਹਿਰ ਦੇ ਵਿਚਕਾਰ ਸਥਿਤ ਹੈ ਤੇ ਅਦਭੁੱਤ ਕੁਦਰਤੀ ਸੰੁਦਰਤਾ ਦੇ ਕਾਰਨ ਦੁਨੀਆ ਭਰ ਦੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੀ ਆਈ ਹੈ। ਮਿੱਠੇ ਪਾਣੀ ਦੀ ਇਹ ਝੀਲ ਹਰੀਆਂ-ਭਰੀਆਂ ਪਹਾੜੀਆਂ ਨਾਲ ਘਿਰੀ ਹੋਈ ਹੈ। ਇਸ ਦਾ ਆਕਾਰ ਅੱਧੇ ਚੰਨ ਵਰਗਾ ਹੈ ਅਤੇ ਇਹ ਲਗਭਗ ਡੇਢ ਕਿੱਲੋਮੀਟਰ ਲੰਮੀ, 500 ਮੀਟਰ ਚੌੜੀ ਤੇ 27 ਮੀਟਰ ਡੂੰਘੀ ਹੈ। ਗਰਮੀਆਂ ਵਿੱਚ ਸੈਲਾਨੀ ਇੱਥੇ ਵੱਡੀ ਗਿਣਤੀ ’ਚ ਪੁੱਜਦੇ ਹਨ। ਇਸ ਵਾਰ ਗਰਮੀਆਂ ਤੋਂ ਪਹਿਲਾਂ ਝੀਲ ਬਾਰੇ ਆਈ ਇਸ ਖਬਰ ਨੇ ਕੁਦਰਤ ਪ੍ਰੇਮੀਆਂ ਦਾ ਦਿਲ ਦੁਖਾਇਆ ਹੈ ਕਿ ਇਸ ਦਾ ਜਲ-ਪੱਧਰ ਪੰਜ ਸਾਲ ਦੇ ਸਭ ਤੋਂ ਹੇਠਲੇ ਪੱਧਰ ਯਾਨਿ ਕਿ 4.7 ਫੁੱਟ ਤੱਕ ਡਿੱਗ ਗਿਆ ਹੈ। 2020 ਵਿੱਚ ਇਹ 6 ਫੁੱਟ 10 ਇੰਚ, 2021 ਵਿੱਚ 5 ਫੁੱਟ 4 ਇੰਚ, 2022 ਵਿੱਚ 7 ਫੁੱਟ 9 ਇੰਚ, 2023 ਵਿੱਚ 4 ਫੁੱਟ 8 ਇੰਚ, 2024 ਵਿੱਚ 4 ਫੁੱਟ 9 ਇੰਚ ਸੀ। ਘੱਟ ਮੀਂਹ ਤੇ ਘੱਟ ਬਰਫਬਾਰੀ ਕਾਰਨ ਝੀਲ ਦੀ ਹੋਂਦ ਨੂੰ ਖਤਰਾ ਵਧਦਾ ਜਾ ਰਿਹਾ ਹੈ। ਅਜੇ ਤਾਂ ਗਰਮੀਆਂ ਸ਼ੁਰੂ ਹੀ ਹੋਈਆਂ ਹਨ, ਭਰ ਗਰਮੀਆਂ ਵਿੱਚ ਇਸ ਦੀ ਹੋਣ ਵਾਲੀ ਹਾਲਤ ਦਾ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ। ਪਿਛਲੇ ਸਾਲ ਮਾਨਸੂਨ ਦੌਰਾਨ ਝੀਲ ਦਾ ਪੱਧਰ 12 ਫੁੱਟ ਤੱਕ ਪੁੱਜ ਗਿਆ ਸੀ ਤੇ ਪਾਣੀ ਦੀ ਨਿਕਾਸੀ ਕਰਨੀ ਪਈ ਸੀ, ਪਰ ਇਸ ਸਾਲ ਬਹੁਤ ਘੱਟ ਮੀਂਹ ਤੇ ਬਰਫਬਾਰੀ ਨੇ ਝੀਲ ਨੂੰ ਸੁੱਕਣ ਕੰਢੇ ਪਹੁੰਚਾ ਦਿੱਤਾ ਹੈ। ਇਸ ਵਾਰ ਨੈਨੀਤਾਲ ਵਿੱਚ ਸਰਦੀਆਂ ਵਿੱਚ ਸਿਰਫ 9 ਦਸੰਬਰ ਤੇ 12 ਜਨਵਰੀ ਨੂੰ ਹੀ ਬਰਫ ਦੇਖਣ ਨੂੰ ਮਿਲੀ, ਜੋ ਕਿ ਝੀਲ ਦੇ ਪਾਣੀ ਦੇ ਪੱਧਰ ਨੂੰ ਕਾਇਮ ਰੱਖਣ ਲਈ ਕਾਫੀ ਨਹੀਂ ਸੀ। ਆਮ ਤੌਰ ’ਤੇ ਜਨਵਰੀ ਤੇ ਫਰਵਰੀ ਵਿੱਚ ਝੀਲ ਦੇ ਪਾਣੀ ਦਾ ਪੱਧਰ 5 ਫੁੱਟ ਤੋਂ ਉੱਪਰ ਰਹਿੰਦਾ ਹੈ, ਪਰ ਇਸ ਵਾਰ ਇਹ 4.7 ਫੁੱਟ ਤੱਕ ਡਿੱਗ ਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇ ਪਾਣੀ ਦਾ ਪੱਧਰ ਇਸੇ ਰਫਤਾਰ ਨਾਲ ਡਿੱਗਦਾ ਰਿਹਾ ਤਾਂ ਮਈ-ਜੂਨ ਤੋਂ ਪਹਿਲਾਂ ਹੀ ਝੀਲ ਪੂਰੀ ਤਰ੍ਹਾਂ ਸੁੱਕ ਸਕਦੀ ਹੈ।
ਉੱਘੇ ਪਰਿਆਵਰਣਵਾਦੀ ਯਸ਼ਪਾਲ ਮੁਤਾਬਕ ਇਸ ਸਥਿਤੀ ਲਈ ਸਿਰਫ ਮੀਂਹ ਦੀ ਕਮੀ ਹੀ ਜ਼ਿੰਮੇਵਾਰ ਨਹੀਂ, ਸਗੋਂ ਝੀਲ ਦੇ ਜਲਗ੍ਰਹਿਣ ਖੇਤਰ ਵਿੱਚ ਵਧ ਰਹੀਆਂ ਨਾਜਾਇਜ਼ ਉਸਾਰੀਆਂ, ਜੰਗਲਾਂ ਦੀ ਕਟਾਈ ਤੇ ਕੁਦਰਤੀ ਜਲ-ਭੰਡਾਰ ਖੇਤਰਾਂ ਦਾ ਕੰਕਰੀਟੀਕਰਨ ਇਸ ਦੇ ਵੱਡੇ ਕਾਰਨ ਹਨ। ਇਸ ਤੋਂ ਇਲਾਵਾ ਬਲੂਤ ਦੇ ਦਰੱਖਤਾਂ ਦੀ ਅੰਨੇ੍ਹਵਾਹ ਕਟਾਈ ਵੀ ਇੱਕ ਕਾਰਨ ਹੈ। ਬਲੂਤ ਦਾ ਦਰੱਖਤ ਪਾਣੀ ਨੂੰ ਜਜ਼ਬ ਕਰਨ ਲਈ ਜਾਣਿਆ ਜਾਂਦਾ ਹੈ।
ਨੈਨੀ ਝੀਲ ਨੈਨੀਤਾਲ ਦੀ ਜੀਵਨ ਰੇਖਾ ਹੈ। ਇਹ ਪੀਣ ਵਾਲਾ ਪਾਣੀ ਤਾਂ ਮੁਹੱਈਆ ਕਰਾਉਦੀ ਹੀ ਹੈ, ਸ਼ਹਿਰ ਦੇ ਹੋਟਲ ਵੀ ਇੱਥੇ ਆਉਣ ਵਾਲੇ ਸੈਲਾਨੀਆਂ ਦੇ ਆਸਰੇ ਚਲਦੇ ਹਨ। ਪਾਣੀ ਦੀ ਕਮੀ ਕਾਰਨ ਜੇ ਸੈਲਾਨੀਆਂ ਨੂੰ ਪੀਣ ਤੇ ਨਹਾਉਣ ਲਈ ਪਾਣੀ ਨਾ ਮਿਲਿਆ ਤਾਂ ਉਹ ਇੱਥੇ ਕਿਉ ਆਉਣਗੇ। ਪ੍ਰਸ਼ਾਸਨ ਕਹਿ ਰਿਹਾ ਹੈ ਕਿ ਉਹ ਝੀਲ ਵਿੱਚ ਪਾਣੀ ਲਿਆਉਣ ਦੇ ਜਤਨ ਕਰ ਰਿਹਾ ਹੈ, ਪਰ ਲਗਦਾ ਨਹੀਂ ਕਿ ਉਹ ਕੁਝ ਖਾਸ ਕਰ ਸਕੇਗਾ। ਦਰੱਖਤਾਂ ਨੂੰ ਬਚਾਉਣ ਲਈ ਚਿਪਕੋ ਅੰਦੋਲਨ ਚਲਾਉਣ ਵਾਲੇ ਉੱਤਰਾਖੰਡੀਆਂ ਦੀਆਂ ਸਰਕਾਰਾਂ ਨੇ ਠੇਕੇਦਾਰਾਂ ਨਾਲ ਲਿਹਾਜ਼ ਪਾਲ ਕੇ ਜੰਗਲਾਂ ਦਾ ਨੁਕਸਾਨ ਹੀ ਏਨਾ ਕਰਾ ਦਿੱਤਾ ਹੈ, ਜਿਸ ਦੀ ਭਰਪਾਈ ਹੋਣੀ ਸੰਭਵ ਨਹੀਂ। ਸਰਕਾਰਾਂ ਤੋਂ ਆਸ ਰੱਖਣੀ ਬੇਮਾਅਨੀ ਲੱੱਗਦੀ ਹੈ। ਚਿਪਕੋ ਅੰਦੋਲਨ ਵਰਗਾ ਇੱਕ ਹੋਰ ਅੰਦੋਲਨ ਹੀ ਕੁਝ ਸੁਧਾਰ ਲਿਆ ਸਕਦਾ ਹੈ।