ਸ੍ਰੀਨਗਰ : ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿੱਚ ਇੱਕ ਜਲੂਸ ਦੇ ਪ੍ਰਬੰਧਕਾਂ ਅਤੇ ਭਾਗੀਦਾਰਾਂ ਵਿਰੁੱਧ ਸ਼ੁੱਕਰਵਾਰ ਨੂੰ ਇਤਰਾਜ਼ਯੋਗ ਨਾਅਰੇ ਲਗਾ ਕੇ ਅਮਨ-ਕਾਨੂੰਨ ਦੀ ਸਥਿਤੀ ਪੈਦਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਪੁਲਸ ਦੇ ਬੁਲਾਰੇ ਨੇ ਕਿਹਾ ਕਿ ਕੇਂਦਰੀ ਕਸ਼ਮੀਰ ਵਿਚ ਪੈਂਦੇ ਇਸ ਜ਼ਿਲ੍ਹੇ ਦੇ ਬੀਰਵਾਹ ਦੇ ਸੋਨਪਾਹ ਪਿੰਡ ਵਿੱਚ ਯੌਮ-ਏ-ਕੁਦਸ ਜਲੂਸ ਦੇ ਪ੍ਰਬੰਧਕਾਂ ਅਤੇ ਭਾਗੀਦਾਰਾਂ ਵਿਰੁੱਧ ਇਹ ਮਾਮਲਾ ਦਰਜ ਕੀਤਾ ਗਿਆ ਹੈ। ਯੌਮ-ਏ-ਕੁਦਸ ਜਾਂ ਕੁਦਸ ਦਿਵਸ, ਜਿਸ ਨੂੰ ਅਧਿਕਾਰਤ ਤੌਰ ’ਤੇ ਕੌਮਾਂਤਰੀ ਕੁਦਸ ਦਿਵਸ ਵਜੋਂ ਜਾਣਿਆ ਜਾਂਦਾ ਹੈ, ਇੱਕ ਸਾਲਾਨਾ ਫਲਸਤੀਨ ਪੱਖੀ ਸਮਾਗਮ ਹੈ, ਜੋ ਇਸਲਾਮ ਦੇ ਪਵਿੱਤਰ ਮਹੀਨੇ ਰਮਜ਼ਾਨ ਦੇ ਆਖਰੀ ਜੁੰਮੇ ਨੂੰ ਫਲਸਤੀਨੀਆਂ ਪ੍ਰਤੀ ਇਕਮੁੱਠਤਾ ਦਾ ਇਜ਼ਹਾਰ ਕਰਨ ਲਈ ਮਨਾਇਆ ਜਾਂਦਾ ਹੈ। ਪੁਲਸ ਬੁਲਾਰੇ ਨੇ ਕਿਹਾ ਕਿ ਨਾਅਰੇਬਾਜ਼ੀ ਕਰਕੇ ਪ੍ਰਬੰਧਕਾਂ ਨੇ ਕਾਨੂੰਨ ਵਿਵਸਥਾ ਦੀ ਸਥਿਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸੋਨਪਾਹ-ਬੀਰਵਾਹ ਸੜਕ ਨੂੰ ਜਾਮ ਕਰ ਦਿੱਤਾ, ਜਿਸ ਨਾਲ ਜਨਤਾ ਨੂੰ ਰੁਕਾਵਟਾਂ ਆਈਆਂ। ਪੁਲਸ ਨੇ ਘਟਨਾ ਦਾ ਨੋਟਿਸ ਲਿਆ ਅਤੇ ਭਾਰਤੀ ਨਿਆਏ ਸੰਹਿਤਾ ਦੀ ਧਾਰਾ 126 (2) ਅਤੇ 189 (6) ਦੇ ਤਹਿਤ ਬੀਰਵਾਹ ਪੁਲਸ ਸਟੇਸ਼ਨ ਵਿੱਚ ਮਾਮਲਾ ਦਰਜ ਕੀਤਾ। ਸ਼ਾਮਲ ਲੋਕਾਂ ਵਿਰੁੱਧ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।