ਮਹਿਲਾਵਾਂ ਨੂੰ 1100 ਰੁਪਏ ਲਈ ਹਾਲੇ ਕਰਨਾ ਹੋਵੇਗਾ ਇੰਤਜ਼ਾਰ

0
104

-ਬਜਟ ਵਿੱਚ ਮਹਿਲਾਵਾਂ ਨੂੰ 1100 ਦੇਣ ਦਾ ਐਲਾਨ ਨਹੀਂ ਕੀਤਾ ਗਿਆ, ਜੋ ਕਿ ਆਮ ਆਦਮੀ ਪਾਰਟੀ ਦੀ ਵੱਡੀ ਗਾਰੰਟੀ ਸੀ। ਇਸ ’ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਦਾ ਤਰਕ ਨਾਲ ਜਵਾਬ ਦਿੱਤਾ ਹੈ।ਬਜਟ ਤੋਂ ਬਾਅਦ ਮੀਡੀਆ ਨਾਲ ਰਾਬਤਾ ਕਰਦਿਆਂ ਉਹਨਾ ਕਿਹਾ ਕਿ ‘ਆਪ’ ਨੇ ਜੋ 5 ਵੱਡੀਆਂ ਗਾਰੰਟੀਆਂ ਦਿੱਤੀਆਂ ਸਨ, ਉਨ੍ਹਾਂ ਵਿੱਚੋਂ 2 ਪੂਰੀਆਂ ਹੋ ਚੁੱਕੀਆਂ ਹਨ ਤੇ 2 ਚੱਲ ਰਹੀਆਂ ਹਨ ਤੇ ਔਰਤਾਂ ਨੂੰ ਪੈਸੇ ਦੇਣ ਵਾਲੀ ਗਾਰੰਟੀ ਵੀ ਛੇਤੀ ਹੀ ਪੂਰੀ ਕੀਤੀ ਜਾਵੇਗੀ। ਅਸੀਂ 300 ਯੂਨਿਟ ਮੁਫਤ ਬਿਜਲੀ ਕਰਨ ਦੀ ਗਾਰੰਟੀ ਦਿੱਤੀ ਸੀ, ਜੋ ਕਿ 3 ਮਹੀਨਿਆਂ ਵਿੱਚ ਹੀ ਪੂਰੀ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਅਗਲੀ ਗਾਰੰਟੀ ਸ਼ਹੀਦਾਂ ਨੂੰ 1 ਕਰੋੜ ਦੀ ਸਨਮਾਨ ਰਾਸ਼ੀ ਦੇਣ ਦੀ ਗੱਲ ਕਹੀ ਸੀ, ਉਹ ਵੀ ਅਸੀਂ ਸੱਤਾ ਵਿੱਚ ਆਉਦਿਆ ਹੀ ਪੂਰੀ ਕਰ ਦਿੱਤੀ ਹੈ।ਵਿੱਤ ਮੰਤਰੀ ਨੇ ਕਿਹਾ ਕਿ ਸਾਡੀ ਅਗਲੀ ਗਾਰੰਟੀ ਸਿੱਖਿਆ ਸੀ, ਜਿਸ ਉਤੇ ਲਗਾਤਾਰ ਕੰਮ ਹੋ ਰਿਹਾ ਹੈ, ਸਕੂਲ ਆਫ਼ ਐਮੀਨੈਂਸ ਬਣਾਏ ਜਾ ਰਹੇ ਹਨ। ਅਧਿਆਪਕਾਂ ਨੂੰ ਸਿਖਲਾਈ ਲਈ ਬਾਹਰ ਭੇਜਿਆ ਜਾ ਰਿਹਾ ਹੈ, ਜਿਸ ਦੇ ਹੁਣ ਚੰਗੇ ਨਤੀਜੇ ਵੀ ਨਿਕਲ ਕੇ ਸਾਹਮਣੇ ਆ ਰਹੇ ਹਨ। ਇਸ ਤੋਂ ਇਲਾਵਾ ਅਸੀਂ ਸਿਹਤ ਦੀ ਗਾਰੰਟੀ ਦਿੱਤੀ ਸੀ, ਜਿਸ ਦੇ ਤਹਿਤ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ। ਹੁਣ ਜੇ ਗੱਲ ਔਰਤਾਂ ਨੂੰ ਪੈਸੇ ਦੇਣ ਦੀ ਕਰੀਏ ਤਾਂ ਸਿਰਫ਼ ਉਹ ਗਾਰੰਟੀ ਹੀ ਬਚਦੀ ਹੈ, ਜਿਸ ਲਈ ਅਸੀਂ ਸਰਵੇ ਕਰਵਾ ਰਹੇ ਹਾਂ, ਵੱਖ-ਵੱਖ ਵਿਭਾਗਾਂ ਤੋਂ ਜਾਣਕਾਰੀ ਲਈ ਜਾ ਰਹੀ ਹੈ, ਜਿਸ ਤੋਂ ਬਾਅਦ ਇਹ ਸਕੀਮ ਛੇਤੀ ਹੀ ਲਾਗੂ ਕੀਤੀ ਜਾਵੇਗੀ।