-ਇਸ ਬਜਟ ਨੂੰ ਪੇਸ਼ ਕਰਨ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ’ਤੇ ਲਿਖਿਆਪੰਜਾਬ ਵਿਧਾਨ ਸਭਾ ’ਚ ਪੇਸ਼ ਕੀਤਾ ਗਿਆ ਵਿੱਤੀ ਵਰ੍ਹੇ 2025-26 ਦਾ 2,36,080 ਕਰੋੜ ਰੁਪਏ ਦਾ ਬਜਟ ਹੁਣ ਤੱਕ ਪੰਜਾਬ ਦਾ ਸਭ ਤੋਂ ਵੱਡਾ ਬਜਟ ਹੈ।ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਕਾਰਨ ਪੰਜਾਬ ’ਤੇ ਕਦੇ ‘ਉੱਡਦਾ ਪੰਜਾਬ’, ‘ਪਰਵਾਰਵਾਦ ਵਾਲਾ ਪੰਜਾਬ’, ‘ਕੰਗਾਲ ਪੰਜਾਬ’ ਦਾ ਟੈਗ ਲੱਗਿਆ। ਮਾਨ ਨੇ ਕਿਹਾ ਕਿ ਸਾਡੀ ਸਰਕਾਰ ਦੀ ਲਗਾਤਾਰ ਇਹੀ ਕੋਸ਼ਿਸ਼ ਹੈ ਕਿ ਪੰਜਾਬ ਨੂੰ ਦੁਨੀਆ ‘ਰੰਗਲਾ ਪੰਜਾਬ’, ’ਤੰਦਰੁਸਤ ਪੰਜਾਬ’, ‘ਹੱਸਦਾ-ਵੱਸਦਾ ਪੰਜਾਬ’ ਦੇ ਨਾਂਅ ਨਾਲ ਜਾਣੇ।ਆਮ ਲੋਕਾਂ ਦੀ ਸਰਕਾਰ ਵੱਲੋਂ ਲਗਾਤਾਰ ਚੌਥੇ ਸਾਲ ਲਈ ਲੋਕਾਂ ’ਤੇ ਕੋਈ ਵੀ ਨਵਾਂ ਟੈਕਸ ਨਹੀਂ ਲਗਾਇਆ ਗਿਆ। ਮਾਨ ਨੇ ਕਿਹਾ ਕਿ ਸਿਹਤ, ਸਿੱਖਿਆ, ਰੁਜ਼ਗਾਰ, ਕਿਸਾਨ, ਉਦਯੋਗ ਦੇ ਨਾਲ-ਨਾਲ ਪੇਂਡੂ ਤੇ ਸ਼ਹਿਰੀ ਖੇਤਰ ਦੇ ਵਿਕਾਸ ਲਈ ਰੱਖੇ ਫੰਡਾਂ ਨਾਲ ਸਹੀ ਮਾਅਨੇ ’ਚ ਪੰਜਾਬੀਆਂ ਨੂੰ ਬਦਲਦੇ ਪੰਜਾਬ ਦੀ ਤਸਵੀਰ ਦਿਖੇਗੀ। ਵਿੱਤ ਮੰਤਰੀ ਸਮੇਤ ਵਿੱਤ ਮੰਤਰਾਲੇ ਦੇ ਸਾਰੇ ਅਫ਼ਸਰ-ਅਧਿਕਾਰੀ ਇੱਕ ਹੋਰ ਲੋਕ-ਪੱਖੀ ਬਜਟ ਬਣਾਉਣ ਲਈ ਵਧਾਈ ਦੇ ਪਾਤਰ ਨੇ।
ਹਰ ਵਰਗ ਦਾ ਧਿਆਨ ਰੱਖਿਆ : ਅਮਨ ਅਰੋੜਾ
-ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਬਜਟ ਵਿਚ ਹਰ ਵਰਗ ਦਾ ਧਿਆਨ ਰੱਖਿਆ ਗਿਆ ਹੈ। ਸਦਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾ ਕਿਹਾ ਕਿ ਐਤਕੀਂ ਬਜਟ ਵਿੱਚ ਖੇਡਾਂ, ਸਿੱਖਿਆ, ਸਿਹਤ, ਉਦਯੋਗ ਸਣੇ ਹਰ ਵਰਗ ਨੂੰ ਵੱਡੇ ਫੰਡ ਦਿੱਤੇ ਗਏ ਹਨ। ਖੇਡਾਂ ਲਈ 979 ਕਰੋੜ ਰੁਪਏ ਦਾ ਫੰਡ ਰੱਖਿਆ ਗਿਆ ਹੈ, ਜੋ ਕਿ ਸਾਲ 2010 ਤੋਂ 2022 ਤੱਕ ਦੇ ਫੰਡਾਂ ਨਾਲੋਂ ਕਿਤੇ ਵੱਧ ਹੈ। ਇਸੇ ਤਰ੍ਹਾਂ ਸਿਹਤ ਸਹੂਲਤਾਂ ਲਈ 5600 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਤੇ ਸੜਕਾਂ ਦੇ ਨਿਰਮਾਣ ਲਈ 28 ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ। ਅਰੋੜਾ ਨੇ ਕਿਹਾ ਕਿ ਇਹ ਬਜਟ ਪੰਜਾਬ ਨੂੰ ਖੁਸ਼ਹਾਲ ਅਤੇ ਰੰਗਲਾ ਪੰਜਾਬ ਬਣਾਉਣ ਦੀ ਦਿਸ਼ਾ ਵਿੱਚ ਵੱਡਾ ਕਦਮ ਹੈ।




