ਬਜਟ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਧੋਖਾ : ਧਾਲੀਵਾਲ, ਲੁਬਾਣਾ

0
14

ਪਟਿਆਲਾ : ਇੱਥੇ ਸ਼ੁੱਕਰਵਾਰ ਮਿੰਨੀ ਸਕੱਤਰੇਤ ਪਟਿਆਲਾ ਦੇ ਸਾਹਮਣੇ ਪ.ਸ.ਸ.ਫ. (1680) ਦੇ ਚੇਅਰਮੈਨ ਅਤੇ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਪ.ਸ.ਸ.ਫ. ਦੇ ਪ੍ਰਧਾਨ ਅਤੇ ਕਲਾਸ ਫੋਰਥ ਜਥੇਬੰਦੀ ਦੇ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ ਅਤੇ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਤਰ ਹੋਏ ਮੁਲਾਜ਼ਮਾਂ-ਮਜ਼ਦੂਰਾਂ ਨੇ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਮੁਲਾਜ਼ਮ-ਮਜ਼ਦੂਰ, ਠੇਕਾ ਮੁਲਾਜ਼ਮ, ਸਕੀਮ ਵਰਕਰਾਂ, ਸੇਵਾ-ਮੁਕਤ ਕਰਮਚਾਰੀਆਂ, ਬੇਰੁਜ਼ਗਾਰਾਂ, ਸਨਅਤੀ ਵਰਕਰਾਂ, ਆਮ ਗਰੀਬ ਕਿਸਾਨ, ਖੇਤ ਮਜ਼ਦੂਰ ਅਤੇ ਦੱਬੇਕੁਚਲੇ ਲੋਕਾਂ ਵਿਰੋਧੀ ਬੱਜਟ ਦਾ ਜ਼ਬਰਦਸਤ ਵਿਰੋਧ ਕਰਦੇ ਹੋਏ ਬੱਜਟ ਦੀਆਂ ਕਾਪੀਆਂ ਅਗਨਭੇਟ ਕਰਕੇ ਸਾੜੀਆਂ ਅਤੇ ਜ਼ੋਰਦਾਰ ਮੁਜ਼ਾਹਰਾ ਕਰਦੇ ਹੋਏ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਕੇ ਪਿੱਟ-ਸਿਆਪਾ ਕੀਤਾ। ਮੁਜ਼ਾਹਰਾਕਾਰੀਆਂ ਨੂੰ ਦਰਸ਼ਨ ਸਿੰਘ ਲੁਬਾਣਾ, ਨਿਰਮਲ ਸਿੰਘ ਧਾਲੀਵਾਲ, ਰਣਜੀਤ ਸਿੰਘ ਰਾਣਵਾਂ ਤੋਂ ਇਲਾਵਾ ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਉੱਤਮ ਸਿੰਘ ਬਾਗੜੀ, ਰਾਮ ਲਾਲ ਰਾਮਾ ਨੇ ਸਰਕਾਰ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਸੰਬੋਧਨ ਕੀਤਾ।
ਆਗੂਆਂ ਨੇ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਬਜਟ ਵਿੱਚ ਮੁਲਾਜ਼ਮਾਂ-ਮਜ਼ਦੂਰਾਂ ਨਾਲ ਧੋਖਾ ਕੀਤਾ ਗਿਆ ਹੈ। ਇੱਕ ਪਾਸੇ ਵਿੱਤ ਮੰਤਰੀ ਵੱਲੋਂ ਬਜਟ ਸਪੀਚ ਵਿੱਚ ਕਰਮਚਾਰੀਆਂ ਨੂੰ ਪ੍ਰਸ਼ਾਸਨ ਦੀ ਰੀੜ੍ਹ ਦੀ ਹੱਡੀ ਦੱਸਿਆ ਗਿਆ ਹੈ। ਦੂਸਰੇ ਪਾਸੇ ਇਸ ਵਰਗ ਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰਦਿਆਂ ਉਨ੍ਹਾਂ ਦੇ ਪੱਲੇ ਕੱਖ ਨਹੀਂ ਪਾਇਆ। ਪੇ ਕਮਿਸ਼ਨ ਦੇ 14000 ਹਜ਼ਾਰ ਕਰੋੜ ਰੁਪਏ ਬਕਾਇਆਂ ਦਾ ਚਲਾਕੀ ਭਰਿਆ ਜ਼ਿਕਰ ਤਾਂ ਬਜਟ ਵਿੱਚ ਹੈ, ਪਰ ਪੈਸਾ ਕੋਈ ਰਾਖਵਾਂ ਨਹੀਂ ਰੱਖਿਆ ਗਿਆ। ਕਿਹਾ ਗਿਆ ਕਿ ਬਕਾਏ ਦੇਣ ਲਈ ਇੱਕ ਢਾਂਚਾਗਤ ਯੋਜਨਾ ਬਣਾਈ ਗਈ ਹੈ। ਉਸ ਯੋਜਨਾ ਦੀ ਮਕਾਰੀ ਦਾ ਮੁਲਾਜ਼ਮ ਵਰਗ ਨੂੰ ਪਤਾ ਹੈ ਕਿ ਇਹ ਭੁਗਤਾਨ ਸਾਲ 2029 ਤੱਕ ਕੀਤਾ ਜਾਵੇਗਾ, ਜਦੋਂ ਕਿ ਸਰਕਾਰ ਦੀ ਮਿਆਦ 2027 ਚੜ੍ਹਦੇ ਹੀ ਖਤਮ ਹੋ ਜਾਣੀ ਹੈ। ਭਾਵ ਕਿ 2016 ਦੇ ਪੇ ਕਮਿਸ਼ਨ ਦਾ ਬਕਾਇਆ 13 ਸਾਲ ਵਿੱਚ ਦਿੱਤਾ ਜਾਵੇਗਾ। ਡੀ.ਏ. ਦਾ ਬਕਾਇਆ ਵੱਖ ਖੜਾ ਹੈ। ਡੀ.ਏ. 12 ਫੀਸਦੀ ਘੱਟ ਦਿੱਤਾ ਜਾ ਰਿਹਾ ਹੈ। ਉਲਟਾ ਵਿਕਾਸ ਟੈਕਸ ਦੇ ਨਾਂਅ ’ਤੇ ਜਜੀਆ ਉਗਰਾਹਿਆ ਜਾ ਰਿਹਾ ਹੈ। ਸੱਤਵੇਂ ਪੇ ਕਮਿਸ਼ਨ ਦੇ ਗਠਨ ਦਾ ਕੋਈ ਜ਼ਿਕਰ ਨਹੀਂ। ਠੇਕਾ ਕਰਮਚਾਰੀਆਂ ਦੇ ਬੇਕਿਰਕੀ ਨਾਲ ਕੀਤੇ ਜਾ ਰਹੇ ਆਰਥਿਕ ਸ਼ੋਸ਼ਣ ਬਾਰੇ ਕੋਈ ਜ਼ਿਕਰ ਨਹੀਂ। ਜਿਨ੍ਹਾਂ ਨੂੰ 10-12 ਹਜ਼ਾਰ ਤਨਖਾਹ ਦੇ ਕੇ ਲੁੱਟਿਆ ਜਾ ਰਿਹਾ ਹੈ ਨਾ ਹੀ ਉਨ੍ਹਾਂ ਨੂੰ ਰੈਗੂਲਰ ਕਰਨ ਬਾਰੇ ਕੋਈ ਭਰੋਸਾ ਹੈ। ਪੁਰਾਣੀ ਪੈਨਸ਼ਨ ਸਕੀਮ ਵਾਅਦਾ ਕਰਨ ਦੇ ਬਾਵਜੂਦ ਬਹਾਲ ਨਹੀਂ ਕੀਤੀ ਗਈ। 50 ਲੱਖ ਦੇ ਲੱਗਭੱਗ ਘੱਟੋ-ਘੱਟ ਉਜਰਤਾਂ ਦੇ ਹੱਕਦਾਰ ਮਜ਼ਦੂਰਾਂ ਦੀਆਂ ਉਜਰਤਾਂ ਵਿੱਚ ਪਿਛਲੇ 12 ਸਾਲਾਂ ਤੋਂ ਕੋਈ ਵਾਧਾ ਨਹੀਂ ਕੀਤਾ ਗਿਆ ਅਤੇ ਬਜਟ ਵਿੱਚ ਇਸ ਬਾਰੇ ਵੱਡੇ ਸਨਅਤਕਾਰਾਂ ਦੇ ਦਬਾਅ ਥੱਲੇ ਅਤੇ ਆਪਣੇ ਦਿੱਲੀ ਵਾਲੇ ਮਾਲਕਾਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਉੱਕਾ ਹੀ ਕੋਈ ਜ਼ਿਕਰ ਨਹੀਂ ਕੀਤਾ ਗਿਆ। ਇਹਨਾਂ ਆਮ ਆਦਮੀ ਦੇ ਨਾਂਅ ’ਤੇ ਦੰਭ ਕਰਨ ਵਾਲੀ ਨਕਲੀ ਇਨਕਲਾਬੀ ਪਾਰਟੀ ਨੇ ਇਨ੍ਹਾਂ ਮਜ਼ਦੂਰਾਂ ਨੂੰ 11000 ਰੁਪਏ ਉਜਰਤਾਂ ਨਾਲ ਹੀ ਬੰਨ੍ਹ ਕੇ ਰੱਖਿਆ ਹੋਇਆ ਹੈ, ਜਦ ਕਿ ਅੱਧੇ ਸਨਅਤਕਾਰ ਇਹ ਉਜਰਤਾਂ ਵੀ ਪੂਰੀਆਂ ਨਹੀਂ ਦਿੰਦੇ। ਜਦ ਕਿ ਮਾਨਯੋਗ ਸੁਪਰੀਮ ਕੋਰਟ ਦੇ ਰੈਪਟਾਕੋਸ ਬਰੈਟ ਬਨਾਮ ਵਰਕਮੈਨ ਕੇਸ ਵਿੱਚ ਦਿੱਤੇ ਮਹੱਤਵਪੂਰਨ ਫੈਸਲੇ ਦੀ ਰੋਸ਼ਨੀ ਵਿੱਚ ਘੱਟੋ-ਘੱਟ ਉਜਰਤ 35000 ਰੁਪਏ ਬਣਦੀ ਹੈ। ਦੂਸਰੇ ਪਾਸੇ ਡਿਫਾਲਟਰ ਸਨਅਤਕਾਰਾਂ ਨੂੰ ਲੱਗਭੱਗ 900 ਕਰੋੜ ਰੁਪਏ ਦੀ ਛੋਟ ਦੇ ਕੇ ਖੁਸ਼ ਕੀਤਾ ਗਿਆ ਹੈ, ਕਿਉਕਿ ਲੁਧਿਆਣੇ ਦੀ ਜ਼ਿਮਨੀ ਚੋਣ ’ਤੇ ਅੱਖ ਰੱਖੀ ਹੋਈ ਹੈ। ਬੇਰੁਜ਼ਗਾਰੀ ਦੇ ਹੱਲ ਦਾ ਕੋਈ ਰੋਡ ਮੈਪ ਨਹੀਂ। ਗਰੀਬ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਕੋਈ ਕਰਜ਼ਾ ਮਾਫੀ ਜਾਂ ਛੋਟ ਨਹੀਂ। ਬੱਜਟ ਭਾਵੇਂ 236000 ਕਰੋੜ ਰੁਪਏ ਦਾ ਅੰਕੜਾ ਦਰਸਾਉਦਾ ਹੈ, ਪਰ ਆਮਦਨ ਦੇ ਸਾਧਨਾਂ ਤੋਂ ਇਹ ਬਜਟ ਰਕਮ ਕਿਤੇ ਵੱਧ ਹੈ। ਜਿਸ ਤੋਂ ਸਪੱਸ਼ਟ ਹੈ ਕਿ ਸਾਲ ਦੇ ਦੌਰਾਨ ਹਰ ਵਰਗ ’ਤੇ ਸਿੱਧੇ ਅਤੇ ਅਸਿੱਧੇ ਢੰੰਗ ਨਾਲ ਵਿੱਤੀ ਬੋਝ ਲੱਦਿਆ ਜਾਵੇਗਾ। ਸੀਨੀਅਰ ਸਿਟੀਜ਼ਨ ਸੇਵਾ-ਮੁਕਤ ਕਰਮਚਾਰੀਆਂ ਦੀ ਪੈਨਸ਼ਨ ਵਿਚੋਂ ਵੀ 200 ਰੁਪਏ ਪ੍ਰਤੀ ਮਹੀਨਾ ਦੀ ਕਟੌਤੀ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਟਰਾਂਸਪੋਰਟ ਮਹਿਕਮੇ ਵਿੱਚ ਤਿੰਨ ਸਾਲਾਂ ਵਿੱਚ ਇੱਕ ਵੀ ਨਵੀਂ ਬੱਸ ਨਹੀਂ ਪਾਈ ਗਈ, ਜਿਸ ਤੋਂ ਪ੍ਰਾਈਵੇਟ ਬੱਸ ਮਾਫੀਏ ਨਾਲ ਸਿੱਧੀ ਮਿਲੀਭੁਗਤ ਨਜ਼ਰ ਆ ਰਹੀ ਹੈ। ਔਰਤਾਂ ਦੇ ਮੁਫ਼ਤ ਸਫਰ ਦੀ ਰਕਮ ਸਾਲ ਵਿੱਚ 900 ਕਰੋੜ ਰੁਪਏ ਤੋਂ ਵੱਧ ਬਣਦੀ ਹੈ ਪਰ ਬਜਟ ਵਿੱਚ ਸਿਰਫ 450 ਕਰੋੜ ਰੁਪਏ ਰੱਖੇ ਗਏ ਹਨ। ਜਿਸ ਦਾ ਸਿੱਧਾ ਖਮਿਆਜ਼ਾ ਪੀ.ਆਰ.ਟੀ.ਸੀ. ਦੇ ਵਰਕਰਾਂ ਦੀਆਂ ਤਨਖਾਹਾਂਪੈਨਸ਼ਨ ਲੇਟ ਮਿਲਣ ਦੇ ਰੂਪ ਵਿੱਚ ਭੁਗਤਣਗੇ ਅਤੇ ਸੇਵਾ ਮੁਕਤੀ ਬਕਾਏ ਜੋ ਪਹਿਲਾਂ ਹੀ ਡੇਢ ਸਾਲ ਤੋਂ ਨਹੀਂ ਦਿੱਤੇ ਗਏ, ਉਹ ਹੋਰ ਵੀ ਲਟਕਣਗੇ। ਸਕੀਮ ਵਰਕਰਾਂ ਜਿਵੇਂ ਕਿ ਆਗਣਵਾੜੀ, ਆਸ਼ਾ ਵਰਕਰ ਅਤੇ ਮਿਡ ਡੇ ਮੀਲ ਵਰਕਰਾਂ ਦੀਆਂ ਸੇਵਾਵਾਂ ਨਿਯਮਤ ਕਰਨ ਦਾ ਕੋਈ ਜ਼ਿਕਰ ਤੱਕ ਨਹੀਂ। ਸਫਾਈ ਸੇਵਕਾ ਅਤੇ ਸੀਵਰਮੈਨਾਂ ਦੀਆਂ ਮੁਸ਼ਕਲਾਂ ਅਤੇ ਜ਼ੋਖਮ ਭਰੀਆਂ ਸੇਵਾਵਾਂ ਵਾਲੇ ਵਰਗ ਦੀ ਭਲਾਈ ਲਈ ਕੋਈ ਯੋਜਨਾ ਨਹੀਂ।ਆਗੂਆਂ ਨੇ ਮੁਜ਼ਾਹਰੇ ਵਿੱਚ ਇਕੱਤਰ ਹੋਏ ਮੁਲਾਜ਼ਮਾਂ-ਮਜ਼ਦੂਰਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਸ ਸਰਕਾਰ ਨੇ ਸਖਤ ਸੰਘਰਸ਼ਾਂ ਤੋਂ ਬਿਨਾਂ ਕੁੱਝ ਨਹੀਂ ਦੇਣਾ, ਜਿਸ ਕਰਕੇ ਸਾਨੂੰ ਤਿਆਰ-ਬਰ ਤਿਆਰ ਰਹਿਣਾ ਚਾਹੀਦਾ ਹੈ।ਆਗੂਆਂ ਨੇ ਇਹ ਵੀ ਅਪੀਲ ਕੀਤੀ ਕਿ 03 ਅਪ੍ਰੈਲ ਨੂੰ ਮੁਹਾਲੀ ਵਿਖੇ ਲੇਬਰ ਭਵਨ ਦੇ ਸਾਹਮਣੇ ਘੱਟੋਘੱਟ ਉਜਰਤਾਂ 35000/ ਰੁਪਏ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਏਟਕ ਅਤੇ ਸਹਿਯੋਗੀ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਹੁੰਮ ਹੁੰਮਾ ਕੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਇਆ ਜਾਵੇ।ਰੋਸ ਰੈਲੀ ਵਿੱਚ ਜਿਹੜੇ ਹੋਰ ਆਗੂ ਸ਼ਾਮਲ ਸਨ, ਉਨ੍ਹਾਂ ਵਿੱਚ ਉਤਮ ਸਿੰਘ ਬਾਗੜੀ, ਭਿੰਦਰ ਸਿੰਘ ਚਹਿਲ, ਸ਼ਿਵ ਚਰਨ, ਰਾਜੇਸ਼ ਗੋਲੂ, ਤਰਲੋਚਨ ਮਾੜੂ, ਸੁਖਵਿੰਦਰ ਸਿੰਘ, ਵਿਕਰਮਜੀਤ ਸਿੰਘ, ਹਰਬੰਸ ਵਰਮਾ, ਪ੍ਰਕਾਸ਼ ਲੁਬਾਣਾ, ਬਲਬੀਰ ਸਿੰਘ, ਮੱਖਣ ਸਿੰਘ, ਵੇਦ ਪ੍ਰਕਾਸ਼, ਹਰਬੰਸ ਵਰਮਾ, ਤਰਲੋਚਨ ਮੰਡੋਲੀ, ਮੇਘ ਰਾਜ, ਮੋਦ ਨਾਥ, ਨਿਸ਼ਾ ਰਾਣੀ, ਚੰਦਰ ਭਾਨ, ਸੁਨੀਲ ਦੱਤ, ਰਾਮ ਕੈਲਾਸ਼, ਰਾਜੇਸ਼ ਕੁਮਾਰ, ਰਾਜ ਕੁਮਾਰ, ਸਤਿਨਰਾਇਣ ਗੋਨੀ, ਸੁਭਾਸ਼ ਆਦਿ ਹਾਜ਼ਰ ਸਨ।