ਭਲਕ ਦੀ ਮੁਹਾਲੀ ਰੈਲੀ ’ਚ ਹਜ਼ਾਰਾਂ ਮਜ਼ਦੂਰ ਪੁੱਜਣਗੇ : ਬਰਾੜ, ਧਾਲੀਵਾਲ

0
103

ਪਟਿਆਲਾ : ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ 3 ਅਪ੍ਰੈਲ ਨੂੰ ਲੇਬਰ ਭਵਨ ਮੁਹਾਲੀ ਦੇ ਸਾਹਮਣੇ ਪੰਜਾਬ ਏਟਕ ਦੇ ਸੱਦੇ ’ਤੇ ਘੱਟੋ-ਘੱਟ ਉਜਰਤਾਂ ਵਿੱਚ ਲੰਮੇ ਸਮੇਂ ਤੋਂ ਵਾਧਾ ਨਾ ਕਰਨ ਦੇ ਵਿਰੋਧ ਵਿੱਚ ਕੀਤੀ ਜਾ ਰਹੀ ਵਿਸ਼ਾਲ ਰੋਸ ਰੈਲੀ ਦੀਆਂ ਤਿਆਰੀਆਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਾਜ਼ਮਾਂ-ਮਜ਼ਦੂਰਾਂ ਵਿੱਚ ਇਸ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਕਿਰਤ ਵਿਭਾਗ ਦੀ ਬੇਰੁਖੀ ਵਿਰੁੱਧ ਬੇਹੱਦ ਗੁੱਸਾ ਪਾਇਆ ਜਾ ਰਿਹਾ ਹੈ, ਜਿਸ ਦਾ ਪ੍ਰਗਟਾਵਾ ਉਹ ਇਸ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪੁੱਜ ਕੇ ਕਰਨ ਦੇ ਰੌਂਅ ਵਿੱਚ ਨਜ਼ਰ ਆ ਰਹੇ ਹਨ। ਬਰਾੜ ਤੇ ਧਾਲੀਵਾਲ ਨੇ ਦੱਸਿਆ ਕਿ ਪੂਰੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਮਿਲ ਰਹੀਆਂ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਅੰਮਿ੍ਰਤਸਰ, ਤਰਨ ਤਾਰਨ, ਮੋਗਾ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ ਵਰਗੇ ਦੂਰ-ਦੁਰਾਡੇ ਜ਼ਿਲ੍ਹਿਆਂ ਤੋਂ ਵੀ ਮਜ਼ਦੂਰ ਵੱਡੀ ਗਿਣਤੀ ਵਿੱਚ ਇਸ ਰੈਲੀ ਵਿੱਚ ਪੁੱਜਣ ਲਈ ਪੂਰੀ ਤਿਆਰੀ ਕਰ ਚੁੱਕੇ ਹਨ। ਪਟਿਆਲਾ, ਮੁਹਾਲੀ, ਚੰਡੀਗੜ੍ਹ, ਸੰਗਰੂਰ, ਬਰਨਾਲਾ, ਲੁਧਿਆਣਾ, ਰੋਪੜ ਆਦਿ ਜ਼ਿਲ੍ਹਿਆਂ ਤੋਂ ਪਹਿਲਾਂ ਹੀ ਕੀਤੀ ਤਿਆਰੀ ਤੋਂ ਸਪੱਸ਼ਟ ਹੈ ਕਿ ਇਨ੍ਹਾਂ ਥਾਵਾਂ ਤੋਂ ਕਾਫੀ ਗਿਣਤੀ ਵਿੱਚ ਮਜ਼ਦੂਰ ਇਸ ਰੈਲੀ ਵਿੱਚ ਸ਼ਾਮਲ ਹੋਣ ਦੀ ਤਿਆਰੀ ਮੁਕੰਮਲ ਕਰੀ ਬੈਠੇ ਹਨ।ਬਿਜਲੀ, ਟਰਾਂਸਪੋਰਟ, ਸਕੀਮ ਵਰਕਰ, ਦਰਜਾ ਚਾਰ ਮੁਲਾਜ਼ਮ, ਠੇਕਾ ਪ੍ਰਣਾਲੀ ਅਧੀਨ ਕੰਮ ਕਰਦੇ ਵਰਕਰਾਂ, ਗੈਰ-ਜਥੇਬੰਦ ਮਜ਼ਦੂਰ, ਭੱਠਿਆਂ ਦੇ ਵਰਕਰ, ਨਰੇਗਾ ਵਰਕਰ, ਸਹਿਯੋਗ ਵਜੋਂ ਬਿਜਲੀ ਅਤੇ ਟਰਾਂਸਪੋਰਟ ਦੇ ਸੇਵਾ-ਮੁਕਤ ਕਰਮਚਾਰੀ ਆਦਿ ਸਭ ਹੁੰਮ-ਹੁਮਾ ਕੇ ਰੈਲੀ ਵਿੱਚ ਪਹੁੰਚ ਰਹੇ ਹਨ।
ਪੂਰੇ ਪੰਜਾਬ ਦੀ ਮਜ਼ਦੂਰ ਜਮਾਤ ਵਿੱਚ ਘੱਟੋ-ਘੱਟ ਉਜਰਤਾਂ 35000 ਰੁਪਏ ਪ੍ਰਤੀ ਮਹੀਨਾ ਦੀ ਵਾਜਬ ਮੰਗ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਰੈਲੀ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਜੇਕਰ ਸਰਕਾਰ ਨੇ ਮਜ਼ਦੂਰਾਂ ਵਿੱਚ ਪਾਏ ਜਾ ਰਹੇ ਰੋਸ ਨੂੰ ਸਮਝ ਕੇ ਮਿਨੀਮਮ ਵੇਜ ਵਿੱਚ ਤੁਰੰਤ ਵਾਧਾ ਨਾ ਕੀਤਾ ਤਾਂ ਲਗਾਤਾਰ ਸੰਘਰਸ਼ ਕੀਤਾ ਜਾਵੇਗਾ।