ਫਿਰੋਜ਼ਪੁਰ : ਭਾਰਤੀ ਕਮਿਊਨਿਸਟ ਪਾਰਟੀ ਫਿਰੋਜ਼ਪੁਰ ਦੀ ਜ਼ਿਲ੍ਹਾ ਕੌਂਸਲ ਦੀ ਮੀਟਿੰਗ ਜੀਤ ਕੁਮਾਰ ਚੌਹਾਨਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸੂਬਾ ਸਕੱਤਰ ਬੰਤ ਸਿੰਘ ਬਰਾੜ ਤੇ ਮਹਿੰਦਰ ਪਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਜ਼ਿਲ੍ਹਾ ਕੌਂਸਲ ਦੀ ਭਰਵੀਂ ਮੀਟਿੰਗ ’ਚ ਕਸ਼ਮੀਰ ਸਿੰਘ ਜ਼ਿਲ੍ਹਾ ਸਕੱਤਰ ਫਿਰੋਜ਼ਪੁਰ ਨੇ ਵਿਚਾਰੇ ਜਾਣ ਲਈ ਏਜੰਡੇ ਪੇਸ਼ ਕਰਨ ਤੋਂ ਬਾਅਦ ਜ਼ਿਲ੍ਹੇ ਵਿੱਚ ਪਾਰਟੀ ਦੀ ਹਾਲਤ ਤੋਂ ਜਾਣੂ ਕਰਵਾਇਆ ਅਤੇ ਮੈਂਬਰਾਂ ਨੂੰ ਆਪਣੀ-ਆਪਣੀ ਬ੍ਰਾਂਚ ਵਿੱਚੋਂ ਪਾਰਟੀ ਦੀ ਨਵੀਨੀਕਰਨ ਲੈਵੀ ਫੀਸ ਨੂੰ ਜਲਦੀ ਜਮ੍ਹਾਂ ਕਰਾਉਣ ਦੀ ਅਪੀਲ ਕੀਤੀ।
ਇਸ ਮੌਕੇ ਬੰਤ ਸਿੰਘ ਬਰਾੜ ਨੇ ਕਿਹਾ ਕਿ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਪਾਰਟੀ ਦਾ ਮੈਨੀਫੈਸਟੋ, ਜਿਸ ਨੂੰ ਕਾਮਰੇਡਾਂ ਦਾ ਗੁਟਕਾ ਕਿਹਾ ਜਾਂਦਾ ਹੈ, ਜ਼ਰੂਰ ਪੜ੍ਹਨਾ ਚਾਹੀਦਾ ਹੈ। ਉਹਨਾ ਮੀਟਿੰਗ ਵਿੱਚ ਪਹੁੰਚੇ ਆਗੂਆਂ ਨੂੰ ਸਰਮਾਏਦਾਰ ਅਤੇ ਸੱਜ-ਪਿਛਾਖੜੀ ਪਾਰਟੀਆਂ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਲਈ ਕਿਹਾ। ਉਹਨਾ ਦੱਸਿਆ ਕਿ 2024 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਬੇਹੂਦਾ ਅਤੇ ਮਿਆਰ ਤੋਂ ਗਿਰਿਆ ਪ੍ਰਚਾਰ ਕੀਤਾ ਗਿਆ, ਜਿਸ ਨੇ ਦੇਸ਼ ਦੇ ਲੋਕਤੰਤਰੀ ਢਾਂਚੇ ਦਾ ਇਖਲਾਕੀ ਤੌਰ ’ਤੇ ਨੁਕਸਾਨ ਕੀਤਾ ਹੈ। ਦੇਸ਼ ਦੇ ਸਾਹਮਣੇ ਸਮੱਸਿਆਵਾਂ ਤੇ ਖਤਰਿਆਂ ਨੂੰ ਦਰਕਿਨਾਰ ਕਰਕੇ ਵੋਟਰਾਂ ਨੂੰ ਗੰੁਮਰਾਹ ਕੀਤਾ ਗਿਆ ਕਿ ਵਿਰੋਧੀ ਪਾਰਟੀਆਂ ਵਾਲੇ ਤੁਹਾਡੀਆਂ ਜਾਇਦਾਦਾਂ ਖੋਲ੍ਹ ਲੈਣਗੇ, ਤੁਹਾਡੀਆਂ ਮੱਝਾਂ ਲੈ ਜਾਣਗੇ, ਤੁਹਾਡੇ ਜੇਵਰਾਤ, ਗਹਿਣੇ ਅਤੇ ਹੋਰ ਸਮਾਨ ਖੋਹ ਕੇ ਲੈ ਜਾਣਗੇ, ਜੋ ਕਿ ਹਾਸੋਹੀਣਾ ਤੇ ਬੇਤੁਕਾ ਸੀ। ਉਹਨਾ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ, ਕਿਸਾਨਾਂ ਨੂੰ, ਮੁਲਾਜ਼ਮਾਂ ਨੂੰ ਉਨ੍ਹਾਂ ਦੇ ਸੰਵਿਧਾਨਿਕ ਹੱਕਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਦੇਸ਼ ਵਿੱਚ ਬੇਰੁਜ਼ਗਾਰੀ, ਭੁੱਖਮਰੀ, ਗੁੰਡਾਗਰਦੀ ਵਿੱਚ ਬੇਇੰਤਹਾ ਵਾਧਾ ਦਰਜ ਕੀਤਾ ਗਿਆ ਹੈ। ਉਹਨਾ ਕਿਹਾ ਕਿ ਜੇ ਭਾਜਪਾ ਦੇ ਸ਼ਾਸਨ ਵਿੱਚ ਜਿਵੇਂ ਭਾਜਪਾਈ ਦੇਸ਼ ਦੀ ਤਰੱਕੀ ਕਰਨ ਦੀਆਂ ਟਾਹਰਾਂ ਮਾਰ ਰਹੇ ਹਨ ਤਾਂ ਫਿਰ ਦੇਸ਼ ਦੀ 80 ਫੀਸਦੀ ਜਨਤਾ ਨੂੰ ਜ਼ਿੰਦਗੀ ਬਸ਼ਰ ਕਰਨ ਲਈ ਪੰਜ ਕਿਲੋ ਅਨਾਜ ਕਿਉ ਦਿੱਤਾ ਜਾ ਰਿਹਾ ਹੈ। ਕਿਸਾਨੀ ਦੀ ਗੱਲ ਕਰਦਿਆਂ ਕਾਮਰੇਡ ਬਰਾੜ ਨੇ ਕਿਹਾ ਕਿ ਦੇਸ਼ ਦੀ ਕਿਸਾਨੀ ਨੂੰ ਪੈਦਾਵਾਰ ਲਈ ਉਚਿਤ ਭਾਅ ਨਾ ਮਿਲਣ ਕਰਕੇ ਕਿਸਾਨਾਂ ਵਿੱਚ ਬੇਚੈਨੀ ਹੈ ਅਤੇ ਦੇਸ਼ ਦਾ ਅੰਨਦਾਤਾ ਖੁਦਕਸ਼ੀਆਂ ਦੇ ਰਾਹ ਪਿਆ ਹੋਇਆ ਹੈ। ਰਾਮ ਰਾਜ ਦੇ ਰਾਜ ਦੀਆਂ ਟਾਹਰਾਂ ਮਾਰਨ ਵਾਲੀ ਸਰਕਾਰ ਹਵਾਈ ਅੱਡੇ, ਬੰਦਰਗਾਹਾਂ ਤੇ ਦੇਸ਼ ਦੀ ਸਨਅਤ ਆਪਣੇ ਖਾਸ ਦੋਸਤਾਂ ਨੂੰ ਦੇਣ ਲਈ ਕੰਮ ਕਰ ਰਹੀ ਹੈ । ਲੋਕਾਂ ਵੱਲੋਂ ਉਗਰਾਹੇ ਟੈਕਸਾਂ ਦੇ ਪੈਸੇ ਨਾਲ ਅੰਬਾਨੀ, ਅਡਾਨੀ ਤੇ ਹੋਰ ਕਾਰਪੋਰੇਟ ਅਦਾਰਿਆਂ ਨੂੰ 16 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ ਕਰਕੇ ਦੇਸ਼ ਨੂੰ ਤਬਾਹੀ ਵੱਲ ਧੱਕਿਆ ਜਾ ਰਿਹਾ ਹੈ।
ਉਹਨਾ ਹਾਜ਼ਰ ਪਾਰਟੀ ਵਰਕਰਾਂ ਤੇ ਆਗੂਆਂ ਨੂੰ ਸਤੰਬਰ ਵਿੱਚ ਚੰਡੀਗੜ੍ਹ ਵਿੱਚ ਹੋ ਰਹੀ ਪਾਰਟੀ ਕਾਨਫਰੰਸ ਬਾਰੇ ਵਿਸਥਾਰਪੂਰਵਕ ਦੱਸਿਆ ਅਤੇ ਕਾਨਫਰੰਸ ’ਤੇ ਆਉਣ ਵਾਲੇ ਖਰਚੇ ਤੋਂ ਜਾਣੂ ਕਰਵਾਇਆ ਅਤੇ ਫੰਡ ਦੀ ਅਪੀਲ ਕੀਤੀ ।
ਇਸ ਮੌਕੇ ਹਰੇਕ ਬਲਾਕ ਨੂੰ ਫੰਡ ਦਾ ਕੋਟਾ ਲਾਇਆ ਗਿਆ। ਮੀਟਿੰਗ ਦੌਰਾਨ ਆਗੂਆਂ ਵੱਲੋਂ ਲਗਭਗ ਪੰਜ ਲੱਖ ਰੁਪਏ ਇਕੱਠੇ ਕਰਕੇ ਪਾਰਟੀ ਕਾਨਫਰੰਸ ਨੂੰ ਸਫਲ ਬਣਾਉਣ ਲਈ ਸੂਬਾ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਕੌਂਸਲ ਆਗੂਆਂ ਨੂੰ ਮਜ਼ਦੂਰ ਆਗੂ ਦੇਵੀ ਕੁਮਾਰੀ, ਜੀਤ ਕੁਮਾਰ ਚੌਹਾਨਾ, ਢੋਲਾ ਮਾਹੀ, ਬਲਵੰਤ ਚੌਹਾਨਾ, ਰਛਪਾਲ ਸਿੰਘ ਤੇ ਰਾਜ ਕੁਮਾਰ ਬਹਾਦਰਕੇ ਨੇ ਵੀ ਸੰਬੋਧਨ ਕੀਤਾ।





