ਰਾਣਾ ਸ਼ੂਗਰਜ਼ ਲਿਮਟਿਡ ਦੀਆਂ 22.02 ਕਰੋੜ ਰੁਪਏ ਦੀਆਂ ਅਚੱਲ ਜਾਇਦਾਦਾਂ ਜ਼ਬਤ

0
93

ਜਲੰਧਰ : ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਜਲੰਧਰ ਨੇ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਧਾਰਾ 4 ਦੀ ਉਲੰਘਣਾ ਲਈ ਭਾਰਤ ਤੋਂ ਬਾਹਰ ਵਿਦੇਸ਼ੀ ਮੁਦਰਾ ਰੱਖਣ ਦੇ ਦੋਸ਼ ਵਿੱਚ ਰਾਣਾ ਸ਼ੂਗਰਜ਼ ਲਿਮਟਿਡ ਦੀਆਂ 22.02 ਕਰੋੜ ਰੁਪਏ ਦੀਆਂ ਅਚੱਲ ਜਾਇਦਾਦਾਂ ਜ਼ਬਤ ਕੀਤੀਆਂ ਹਨ। ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਤੇ ਕਾਂਗਰਸ ਦੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਇਸ ਕੰਪਨੀ ਦੇ ਐੱਮ ਡੀ ਹਨ। ਈ ਡੀ ਨੇ ਫੇਮਾ ਦੇ ਉਪਬੰਧਾਂ ਦੀ ਧਾਰਾ 37-ਏ ਦੇ ਤਹਿਤ ਜਾਇਦਾਦਾਂ ਨੂੰ ਜ਼ਬਤ ਕੀਤਾ ਹੈ। ਜ਼ਿਕਰਯੋਗ ਹੈ ਕਿ ਈ ਡੀ ਰਾਣਾ ਸ਼ੂਗਰਜ਼ ਲਿਮਟਿਡ, ਇਸ ਦੇ ਪ੍ਰਮੋਟਰਾਂ, ਡਾਇਰੈਕਟਰਾਂ ਅਤੇ ਹੋਰਨਾਂ ਵਿਰੁੱਧ ਗਲੋਬਲ ਡਿਪਾਜ਼ਿਟਰੀ ਰਸੀਦਾਂ (ਜੀ ਡੀ ਆਰ) ਜਾਰੀ ਕਰਨ ਅਤੇ ਪੂਰੀ ਜੀ ਡੀ ਆਰ ਕਮਾਈ ਦੀ ਆਪਣੇ ਉਦੇਸ਼ ਲਈ ਵਰਤੋਂ ਨਾ ਕਰਨ ਦੇ ਸੰਬੰਧ ਵਿੱਚ ਕੇਸ ਦੀ ਪੈਰਵੀ ਕਰ ਰਹੀ ਸੀ।
ਈ ਡੀ ਦੀ ਜਾਂਚ ਤੋਂ ਪਤਾ ਲੱਗਾ ਕਿ ਕੁੱਲ ਜੀ ਡੀ ਆਰ ਪ੍ਰਾਪਤੀਆਂ ਵਿੱਚੋਂ ਮੈਸਰਜ਼ ਰਾਣਾ ਸ਼ੂਗਰਜ਼ ਲਿਮਟਿਡ ਨੇ ਜੀ ਡੀ ਆਰ ਦੀ ਪੂਰੀ ਕਮਾਈ ਭਾਰਤ ਵਾਪਸ ਨਹੀਂ ਭੇਜੀ ਅਤੇ 25.6 ਲੱਖ ਅਮਰੀਕੀ ਡਾਲਰ (22.02 ਕਰੋੜ ਰੁਪਏ) ਦੀ ਜੀ ਡੀ ਆਰ ਦੀ ਕਮਾਈ ਭਾਰਤ ਤੋਂ ਬਾਹਰ ਰੱਖੀ।
ਈ ਡੀ ਦਸੰਬਰ 2017 ਤੋਂ ਇਸ ਮਾਮਲੇ ਬਾਰੇ ਪੁੱਛਗਿੱਛ ਕਰ ਰਹੀ ਸੀ। ਰਾਣਾ ਇੰਦਰ ਪ੍ਰਤਾਪ ਨੂੰ ਈ ਡੀ ਨੇ ਜਨਵਰੀ 2018 ਵਿੱਚ ਇਸ ਮਾਮਲੇ ’ਚ ਤਲਬ ਕਰਦਿਆਂ ਛੇ ਘੰਟਿਆਂ ਤੋਂ ਵੱਧ ਸਮੇਂ ਤੱਕ ਪੁੱਛ-ਪੜਤਾਲ ਕੀਤੀ ਸੀ।
ਇਹ ਮੁੱਦਾ ਉਦੋਂ ਸਾਹਮਣੇ ਆਇਆ, ਜਦੋਂ ਸਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਈ ਡੀ ਨੂੰ ਸੂਚਿਤ ਕੀਤਾ ਕਿ ਇਹ ਪੈਸਾ ਉਸ ਨੂੰ ਸੂਚਿਤ ਕੀਤੇ ਬਿਨਾਂ ਇਕੱਠਾ ਕੀਤਾ ਗਿਆ ਸੀ ਅਤੇ ਇਹ ਫੇਮਾ ਦੀ ਸਪੱਸ਼ਟ ਉਲੰਘਣਾ ਸੀ। ਸੇਬੀ ਨੇ ਰਾਣਾ ਸ਼ੂਗਰਜ਼ ਲਿਮਟਿਡ ’ਤੇ 63 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਆਮਦਨ ਕਰ ਵਿਭਾਗ ਨੇ ਵੀ ਦੋ ਮਹੀਨੇ ਪਹਿਲਾਂ ਰਾਣਾ ਦੇ 35 ਤੋਂ ਵੱਧ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਇਹ ਛਾਪੇ ਲਗਾਤਾਰ ਪੰਜ ਦਿਨਾਂ ਤੱਕ ਮਾਰੇ ਗਏ ਸਨ।