‘ਬਾਬਾਣੀਆ ਕਹਾਣੀਆ, ਪੁਤ ਸਪੁਤ ਕਰੇਨਿ॥’

0
19

ਸ਼ਾਹਕੋਟ (ਸਟਾਫ ਰਿਪੋਰਟਰ)
ਕੁਲ ਹਿੰਦ ਕਿਸਾਨ ਸਭਾ ਦੇ ਮੀਤ ਪ੍ਰਧਾਨ ਤੇ ਸੀ ਪੀ ਆਈ (ਐੱਮ) ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ਦਰਸ਼ਨ ਸਿੰਘ ਮੱਟੂ ਨੇ ਗੁਰਬਾਣੀ ਦੇ ਇੱਕ ਸ਼ਲੋਕ, ‘ਬਾਬਾਣੀਆ ਕਹਾਣੀਆਂ, ਪੁਤ ਸਪੁਤ ਕਰੇਨਿ॥’ ਦੇ ਹਵਾਲੇ ਨਾਲ ਲਾਲ ਝੰਡੇ ਦੇ ਪੈਰੋਕਾਰਾਂ ਨੂੰ ਹੋਕਾ ਦਿੱਤਾ ਕਿ ਉਹ ਆਪਣੇ ਸੂਰਬੀਰਾਂ ਅਤੇ ਮਹਾਨ ਸਿਆਸੀ ਤੇ ਸਮਾਜੀ ਰਹਿਬਰਾਂ ਵੱਲੋਂ ਪ੍ਰਦਾਨ ਕੀਤੇ ਗਏ ਸੋਹਣੇ ਵਿਰਸੇ ਨੂੰ ਸੋਹਣੇਰਾ ਬਣਾਉਣ ਲਈ ਵਧੇਰੇ ਕਾਰਜਸ਼ੀਲ ਹੋਣ। ਕਾਮਰੇਡ ਮੱਟੂ ਸ਼ਾਹਕੋਟ ਦੇ ਨੇੜਲੇ ਪਿੰਡ ਮਾਣਕਪੁਰ ਦੇ ਇਨਕਲਾਬੀ ਯੋਧੇ ਅਜੀਤ ਸਿੰਘ ਦੀ 58ਵੀਂ ਬਰਸੀ ਮਨਾਉਣ ਲਈ ਰੱਖੇ ਗਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾ ਵੇਲੇ ਦੇ ਪੰਜਾਬੀ ਨਾਇਕ ਦੁੱਲਾ ਭੱਟੀ ਨੂੰ ਵੀ ਯਾਦ ਕੀਤਾ। ਉਨ੍ਹਾ ਹਲ ਵਾਹਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਦੀ ਇਨਕਲਾਬੀ ਵਿਰਾਸਤ ਤੋਂ ਸੇਧ ਲੈਣ ਦੀ ਵੀ ਸਲਾਹ ਦਿੱਤੀ। ਕਾਮਰੇਡ ਮੱਟੂ ਨੇ ਸੰਸਾਰ ਪੱਧਰੀ ਇੱਕ ਕਿਤਾਬ, ਜਿਸ ਵਿੱਚ ਦੁਨੀਆ ਦੀਆਂ ਇੱਕ ਸੌ ਮਾਵਾਂ ਦੇ ਜ਼ਿਕਰ ਵਿੱਚ ਮਾਤਾ ਗੁਜਰੀ ਦਾ ਨਾਂਅ ਵੀ ਸ਼ਾਮਲ ਹੈ, ਦੇ ਹਵਾਲੇ ਨਾਲ ਪੰਜਾਬੀ ਮਾਵਾਂ ਨੂੰ ਵੀ ਸਿਜਦਾ ਕੀਤਾ। ਕਮਿਊਨਿਸਟ ਆਗੂ ਨੇ ਪੰਜਾਬ ਦੇ ਮੌਜੂਦਾ ਹਾਲਾਤ ਦਾ ਹਾਲ ਬਿਆਨ ਕਰਦਿਆਂ ਕਿਹਾ ਕਿ ਇੱਥੇ ਸਕੂਲੀ ਸਿੱਖਿਆ, ਸਿਹਤ ਸੇਵਾਵਾਂ ਤੇ ਸੁਰੱਖਿਆ ਮੰਦੇ ਹਾਲੀਂ ਹੈ। ਬਿਜਲੀ ਖੇਤਰ ਦਾ ਕੋਈ ਵਾਲੀ ਵਾਰਿਸ ਨਜ਼ਰ ਨਹੀਂ ਆਉਂਦਾ। ਮੰਡੀ ਪ੍ਰਬੰਧ ਟੁੱਟਣ ਕਿਨਾਰੇ ਹੈ। ਇਹ ਨਾ ਰਿਹਾ ਤਾਂ ਕਿਸਾਨ ਦੇ ਨਾਲ ਮਜ਼ਦੂਰ ਅਤੇ ਆੜ੍ਹਤੀ ਵਰਗ ਵੀ ਰੁਲੇਗਾ। ਅਡਾਨੀ ਤੇ ਉਸ ਵਰਗੇ ਹੋਰ ਵੱਡੇ ਕਾਰਪੋਰੇਟ ਪੰਜਾਬ ਦੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਸਮਝ ਚੁੱਕੇ ਹਨ, ਇਸੇ ਲਈ ਉਹ ਪੰਜਾਬ ਦੀਆਂ ਜ਼ਮੀਨਾਂ ਨੂੰ ਹੜੱਪਣ ਲਈ ਹਰ ਕੁਚੱਜਾ ਹੀਲਾ ਵਰਤ ਰਹੇ ਹਨ। ਇਹ ਵੇਲਾ ਫ਼ਸਲਾਂ ਤੇ ਨਸਲਾਂ ਨੂੰ ਬਚਾਉਣ ਲਈ ਹਾਕਮ ਦੀ ਧੌਣ ’ਤੇ ਗੋਡਾ ਰੱਖਣ ਦਾ ਹੈ। ਕਾਮਰੇਡ ਮੱਟੂ ਨੇ ਸੰਸਾਰ ਪ੍ਰਸਿੱਧ ਰੂਸੀ ਨਾਵਲ ‘ਮੇਰਾ ਦਾਗਿਸਤਾਨ’ ਵਿਚਲੀ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਮਾਂ ਬੋਲੀ ਨੂੰ ਸਤਿਕਾਰ ਤੇ ਵਡਿਉਣ ਲਈ ਵੀ ਸੁਚੇਤ ਹੋਣ ਦਾ ਸੱਦਾ ਦਿੱਤਾ। ਕਮਿਊਨਿਸਟ ਆਗੂ ਨੇ ਪੰਜਾਬ ਦੇ ਜਵਾਨ ਮੰੁਡੇ-ਕੁੜੀਆਂ ਨੂੰ ਹੱਥਕੜੀਆਂ ਤੇ ਬੇੜੀਆਂ ਲਾ ਕੇ ਵਾਪਸ ਭੇਜਣ ਦੇ ਅਮਰੀਕਾ ਦੇ ਨਿੰਦਣਯੋਗ ਕਾਰੇ ਸੰਬੰਧੀ ਪ੍ਰਧਾਨ ਮੰਤਰੀ ਦੀ ਸਾਜ਼ਿਸ਼ੀ ਚੁੱਪ ’ਤੇ ਵੀ ਸਵਾਲ ਉਠਾਇਆ। ਕੁਲ ਹਿੰਦ ਕਿਸਾਨ ਸਭਾ ਤਹਿਸੀਲ ਸ਼ਾਹਕੋਟ ਦੇ ਪ੍ਰਧਾਨ ਕਾਮਰੇਡ ਕੇਵਲ ਸਿੰਘ ਦਾਨੇਵਾਲ ਨੇ ਕਾਮਰੇਡ ਅਜੀਤ ਸਿੰਘ ਮਾਣਕਪੁਰੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮੌਜੂਦਾ ਦੌਰ ਦੀਆਂ ਸਿਆਸੀ, ਸਮਾਜੀ ਤੇ ਆਰਥਿਕ ਹਾਲਤਾਂ ਦੀ ਚੀਰਫਾੜ ਕੀਤੀ। ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਪੈ੍ਰੱਸ ਸਕੱਤਰ ਗਿਆਨ ਸਿੰਘ ਸੈਦਪੁਰੀ ਨੇ ਆਰ ਐੱਸ ਯਾਦਵ ਦੀ ਲਿਖੀ ਇੱਕ ਕਿਤਾਬ ਦੇ ਹਵਾਲੇ ਨਾਲ ਖੱਬੀਆਂ ਧਿਰਾਂ ਦੇ ਏਕੇ ਨੂੰ ਅਣਸਰਦੀ ਲੋੜ ਦੱਸਿਆ। ਉਨ੍ਹਾ ਕੁਲ ਹਿੰਦ ਕਿਸਾਨ ਸਭਾ (ਅਜੈ ਭਵਨ) ਦੇ ਸੂਬਾਈ ਆਗੂ ਕਾਮਰੇਡ ਸੂਰਤ ਸਿੰਘ ਧਰਮਕੋਟ ਵੱਲੋਂ ਪ੍ਰਬੰਧਕਾਂ ਦੇ ਨਾਂਅ ਸੰਗਰਾਮੀ ਸੁਨੇਹਾ ਵੀ ਦਿੱਤਾ। ਸਮਾਗਮ ਨੂੰ ਬਲਾਕ ਸੰਮਤੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਤੇ ਅਕਾਲੀ ਆਗੂ ਜਥੇਦਾਰ ਤੇਜਾ ਸਿੰਘ ਮਾਣਕਪੁਰ, ਕੁਹਾੜ ਕਲਾਂ ਦੇ ਸਰਪੰਚ ਕੁਲਦੀਪ ਸਿੰਘ ਨੇ ਸੰਬੋਧਨ ਕਰਦਿਆਂ ਭਰਾਤਰੀ ਸੰਦੇਸ਼ ਵਿੱਚ ਕਮਿਊਨਿਸਟ ਵਿਚਾਰਧਾਰਾ ਦੀ ਭਰਪੂਰ ਸ਼ਲਾਘਾ ਕੀਤੀ। ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਵਿੱਤ ਸਕੱਤਰ ਸਾਥੀ ਸੀਤਲ ਸਿੰਘ ਸੰਘਾ ਨੇ ਵੀ ਅਜੀਤ ਸਿੰਘ ਮਾਣਕਪੁਰੀ ਨੂੰ ਭਾਵਪੂਰਤ ਸ਼ਬਦਾਂ ਰਾਹੀਂ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਤੋਂ ਪਹਿਲਾਂ ਅਜੀਤ ਸਿੰਘ ਮਾਣਕਪੁਰੀ ਦੀ ਯਾਦਗਾਰ ’ਤੇ ਇਨਕਲਾਬੀ ਨਾਹਰਿਆਂ ਦੀ ਗੰੂਜ ਵਿੱਚ ਆਗੂਆਂ ਨੇ ਝੰਡਾ ਲਹਿਰਾਇਆ। ਸਮਾਗਮ ਵਿੱਚ ਗਾਇਕ ਜੋੜੀ ਸੁਭਾਸ਼ ਭੱਟੀ ਤੇ ਸੋਨੀਆ ਭੱਟੀ, ਗਾਇਕ ਪ੍ਰੀਤ ਕੰਠ, ਕੁਲਜੀਤ ਬਾਈ ਤੇ ਬਾਲ ਗਾਇਕਾ ਨਮਰਤਾ ਸਾਦਿਕਪੁਰੀ ਨੇ ਇਨਕਲਾਬੀ ਗੀਤਾਂ ਨਾਲ ਹਾਜ਼ਰੀ ਲਵਾਈ। ਹਾਸਰਸ ਕਲਾਕਾਰ ਬੂਟਾ ਸਿੰਘ ਖਹਿਰਾ ਨੇ ਵੱਖ-ਵੱਖ ਆਵਾਜ਼ਾਂ ਰਾਹੀਂ ਸਰੋਤਿਆਂ ਦਾ ਮਨੋਰੰਜਨ ਕੀਤਾ। ਜੀਵਨ ਸ਼ਾਹਕੋਟ ਦੀ ਟੀਮ ਨੇ ‘ਪਖੰਡੀ ਸਾਧ’ ਨਾਟਕ ਦੀ ਪੇਸ਼ਕਾਰੀ ਕੀਤੀ। ਸਟੇਜ ਸੰਚਾਲਨ ਦਾ ਕੰਮ ਕਿਸਾਨ ਆਗੂ ਬਚਿੱਤਰ ਸਿੰਘ ਤੱਗੜ ਨੇ ਕੀਤਾ ਤੇ ਨਾਲ ਹੀ ਉਹ ਅਜੀਤ ਸਿੰਘ ਮਾਣਕਪੁਰੀ ਬਾਰੇ ਵੀ ਦੱਸਦੇ ਰਹੇ।
ਇਨਕਲਾਬੀ ਯੋਧੇ ਅਜੀਤ ਸਿੰਘ ਮਾਣਕਪੁਰੀ ਦੇ ਪੋਤਰੇ ਗਿਆਨ ਸਿੰਘ ਸਿੱਧੂ ਦੀ ਦੇਖ-ਰੇਖ ਵਿੱਚ ਹੋਏ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਉੱਘੇ ਵਿਦਵਾਨ ਡਾ. ਰਾਮ ਮੂਰਤੀ, ਸੁਰਜੀਤ ਸਿੰਘ ਕੋਹਾੜ, ਕਾਮਰੇਡ ਜਸਕਰਨ ਸਿੰਘ ਕੰਗ, ਗੁਰਨਾਮ ਸਿੰਘ ਨਿਧੜਕ ਤੇ ਸੰਤੋਖ ਸਿੰਘ ਸਿੰਧੜ ਵੀ ਮੌਜੂਦ ਸਨ।