ਪਹਿਲਾਂ ਦਬਕੇ, ਫਿਰ ਮੁਆਫੀ!

0
77

ਪਟਿਆਲਾ (ਰਾਜਿੰਦਰ ਸਿੰਘ ਥਿੰਦ) : ਸਾਬਕਾ ਮੰਤਰੀ ਤੇ ‘ਆਪ’ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਵੀਰਵਾਰ ਸਮੁੱਚੇ ਅਧਿਆਪਕ ਜਗਤ ਤੋਂ ਮੁਆਫੀ ਮੰਗਦਿਆਂ ਕਿਹਾ, ‘ਅਧਿਆਪਕ ਸਤਿਕਾਰਯੋਗ ਹਨ ਤੇ ਸਾਡੇ ਗੁਰੂ ਵੀ ਹਨ, ਜੋ ਸਾਨੂੰ ਸੇਧ ਦਿੰਦੇ ਹਨ।’ਚੇਤੇ ਰਹੇ ਕਿ ਪਿਛਲੇ ਦਿਨੀਂ ਰਾਜ ਵਿਆਪੀ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਸਮਾਣਾ ਦੇ ‘ਸਕੂਲ ਆਫ ਐਮੀਨੈਂਸ’ ਵਿੱਚ ਚਾਰਦੀਵਾਰੀ ਦੇ ਉਦਘਾਟਨੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਥਾਨਕ ਵਿਧਾਇਕ ਜੌੜਾਮਾਜਰਾ ਸਕੂਲ ਵਿੱਚ ਕੀਤੇ ਪ੍ਰਬੰਧ ਦੇਖ ਕੇ ਭੜਕ ਗਏ ਸਨ। ਉਨ੍ਹਾ ਅਧਿਆਪਕਾਂ ਨਾਲ ਬਦਸਲੂਕੀ ਕੀਤੀ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। ਅਧਿਆਪਕ ਯੂਨੀਅਨਾਂ ਨੇ ਮੰਗ ਕੀਤੀ ਸੀ ਕਿ ਅਧਿਆਪਕ ਵਰਗ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਲਈ ਜੌੜਾਮਾਜਰਾ ਬਿਨਾਂ ਸ਼ਰਤ ਮੁਆਫੀ ਮੰਗਣ।
ਜਹਾਜ਼ ਦੇ ਉਤਰਨ ਤੋਂ ਬਾਅਦ ਪਾਇਲਟ ਦੀ ਮੌਤ
ਨਵੀਂ ਦਿੱਲੀ : ਸ੍ਰੀਨਗਰ ਤੋਂ ਉਡਾਣ ਭਰਨ ਵਾਲੇ ਏਅਰ ਇੰਡੀਆ ਐੱਕਸਪ੍ਰੈੱਸ ਦੇ ਇਕ ਪਾਇਲਟ ਦੀ ਦਿੱਲੀ ਹਵਾਈ ਅੱਡੇ ਉੱਤੇ ਉਤਰਨ ਤੋਂ ਕੁਝ ਦੇਰ ਬਾਅਦ ਸਿਹਤ ਵਿਗੜਨ ਕਰਕੇ ਮੌਤ ਹੋ ਗਈ। ਪਾਇਲਟ ਦੀ ਉਮਰ 30 ਸਾਲ ਦੱਸੀ ਜਾਂਦੀ ਹੈ। ਦਿੱਲੀ ਹਵਾਈ ਅੱਡੇ ’ਤੇ ਉਤਰਨ ਮੌਕੇ ਉਸ ਦੀ ਸਿਹਤ ਠੀਕ ਨਹੀਂ ਸੀ। ਸੂਤਰ ਨੇ ਦੱਸਿਆ ਕਿ ਪਾਇਲਟ ਨੂੰ ਫੌਰੀ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਮੌਤ ਹੋ ਗਈ।
ਬਿਜਲੀ ਡਿੱਗਣ ਨਾਲ 13 ਮੌਤਾਂ
ਪਟਨਾ : ਬਿਹਾਰ ਦੇ ਚਾਰ ਜ਼ਿਲ੍ਹਿਆਂ ਬੇਗੂਸਰਾਏ, ਦਰਭੰਗਾ, ਮਧੂਬਨੀ ਅਤੇ ਸਮਸਤੀਪੁਰ ਵਿੱਚ ਬਿਜਲੀ ਡਿੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਬੇਗੂਸਰਾਏ ’ਚ ਪੰਜ, ਦਰਭੰਗਾ ’ਚ ਚਾਰ ਅਤੇ ਮਧੂਬਨੀ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਸਮਸਤੀਪੁਰ ਵਿੱਚ ਇੱਕ ਦੀ ਮੌਤ ਦਰਜ ਕੀਤੀ ਗਈ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਲੋਕਾਂ ਨੂੰ ਖਰਾਬ ਮੌਸਮ ਦੌਰਾਨ ਘਰ ਦੇ ਅੰਦਰ ਤੇ ਸੁਰੱਖਿਅਤ ਰਹਿਣ ਅਤੇ ਆਫਤ ਪ੍ਰਬੰਧਨ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।