ਧੀ ਦੇ ਮੰਗੇਤਰ ਨਾਲ ਭੱਜ ਗਈ

0
84

ਅਲੀਗੜ੍ਹ : ਯੂ ਪੀ ਦੇ ਅਲੀਗੜ੍ਹ ’ਚ ਅਨੀਤਾ ਦੇਵੀ ਆਪਣੀ ਧੀ ਦੇ 16 ਅਪ੍ਰੈਲ ਨੂੰ ਹੋਣ ਵਾਲੇ ਵਿਆਹ ਤੋਂ ਪਹਿਲਾਂ ਉਸ ਦੇ ਮੰਗੇਤਰ ਰਾਹੁਲ (ਸ਼ਿਵਾ) ਨਾਲ ਭੱਜ ਗਈ। ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਅਨੀਤਾ ਦੇਵੀ ਘਰ ਤੋਂ ਲਗਭਗ 5 ਲੱਖ ਰੁਪਏ ਦੇ ਗਹਿਣੇ ਅਤੇ 3.50 ਲੱਖ ਰੁਪਏ ਨਕਦ ਵੀ ਲੈ ਗਈ। ਹੁਣ ਘਰ ਵਿਚ ਸਿਰਫ ਖਾਲੀ ਅਲਮਾਰੀਆਂ ਅਤੇ ਟੁੱਟੀਆਂ ਆਸਾਂ ਹੀ ਬਚੀਆਂ ਹਨ। ਉਸ ਦੀ ਧੀ ਗਹਿਰੇ ਸਦਮੇ ਵਿੱਚ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਮਡਰਕ ਥਾਣਾ ਖੇਤਰ ਵਿੱਚ ਅਨੀਤਾ ਦੇ ਗਾਇਬ ਹੋਣ ਦੀ ਸੂਚਨਾ ਮਿਲਣ ’ਤੇ ਪੁਲਸ ਵੱਲੋਂ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਦੋਹਾਂ (ਸੱਸ ਤੇ ਮੰਗੇਤਰ) ਵਿਚਕਾਰ ਪਿਛਲੇ 3-4 ਮਹੀਨਿਆਂ ਤੋਂ ਲਗਾਤਾਰ ਗੱਲਬਾਤ ਹੋ ਰਹੀ ਸੀ। ਇਥੋਂ ਤੱਕ ਕਿ ਮਹਿਲਾ ਨੇ ਖੁਦ ਰਾਹੁਲ ਨੂੰ ਸਮਾਰਟ ਫੋਨ ਵੀ ਦਿਵਾਇਆ, ਜਿਸ ਰਾਹੀਂ ਉਹ ਘੰਟਿਆਂਬੱਧੀ ਗੱਲਾਂ ਕਰਦੇ ਸਨ। ਧੀ ਨੇ ਦੱਸਿਆ ਕਿ ਉਸ ਦੀ ਮਾਂ ਰਾਹੁਲ ਨਾਲ ਦਿਨ ਵਿੱਚ 20-20 ਘੰਟੇ ਗੱਲਾਂ ਕਰਦੀ ਸੀ, ਜਦਕਿ ਰਾਹੁਲ ਉਸ ਨਾਲ ਬਿਲਕੁਲ ਗੱਲ ਨਹੀਂ ਕਰਦਾ ਸੀ। ਦੁੱਖ ਜਤਾਉਂਦਿਆਂ ਧੀ ਨੇ ਕਿਹਾ, ‘ਹੁਣ ਮੇਰਾ ਮਾਂ ਨਾਲ ਕੋਈ ਰਿਸ਼ਤਾ ਨਹੀਂ ਰਿਹਾ। ਮਾਂ ਨੇ ਮੇਰੀਆਂ ਸਾਰੀਆਂ ਖੁਸ਼ੀਆਂ ਖੋਹ ਲਈਆਂ, ਹੁਣ ਉਹ ਜੀਵੇ ਜਾਂ ਮਰੇ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਸਾਨੂੰ ਸਿਰਫ ਆਪਣੇ ਪੈਸੇ ਅਤੇ ਗਹਿਣੇ ਵਾਪਸ ਚਾਹੀਦੇ ਹਨ।’ਅਨੀਤਾ ਦੇ ਪਤੀ ਜਿਤੇਂਦਰ ਕੁਮਾਰ ਨੇ ਦੱਸਿਆ ਕਿ ਜਦ ਉਨ੍ਹਾ ਰਾਹੁਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਸ਼ੁਰੂ ਵਿੱਚ ਉਸ ਨੇ ਇਸ ਸਭ ਨੂੰ ਝੂਠ ਦੱਸਿਆ, ਪਰ ਬਾਅਦ ਵਿੱਚ ਕਿਹਾ, ‘ਤੁਸੀਂ ਲੋਕਾਂ ਨੇ ਉਸ ਨੂੰ 20 ਸਾਲ ਤੱਕ ਬਹੁਤ ਤੰਗ ਕੀਤਾ, ਹੁਣ ਭੁੱਲ ਜਾਓ।’