ਨਵੀਂ ਦਿੱਲੀ : ਅਨੇਕਾਂ ਦੇਸ਼ਾਂ ਖਿਲਾਫ ਜਵਾਬੀ ਟੈਰਿਫ ਲਾਉਣ ਤੇ ਫਿਰ ਚੀਨ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਖਿਲਾਫ ਇਸ ’ਤੇ ਅਮਲ ਡੇਢ ਮਹੀਨਾ ਰੋਕਣ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਇਹ ਦੋਸ਼ ਲੱਗਣ ਲੱਗ ਪਏ ਹਨ ਕਿ ਉਸ ਨੇ ਅਮਰੀਕੀ ਸਟਾਕ ਮਾਰਕਿਟ ਵਿੱਚ ‘ਇਨਸਾਈਡਰ ਟਰੇਡਿੰਗ’ ਕੀਤੀ ਹੈ।
(ਇਨਸਾਈਡਰ ਟਰੇਡਿੰਗ ਦਾ ਮਤਲਬ ਹੁੰਦਾ ਹੈ ਕਿਸੇ ਕੰਪਨੀ ਦੇ ਅੰਦਰਲੇ ਲੋਕਾਂ, ਜਿਵੇਂ ਮੁਲਾਜ਼ਮਾਂ ਤੇ ਡਾਇਰੈਕਟਰਾਂ ਵੱਲੋਂ ਕੰਪਨੀ ਬਾਰੇ ਖੁਫੀਆ ਤੇ ਗੈਰ-ਜਨਤਕ ਜਾਣਕਾਰੀ ਦੀ ਵਰਤੋਂ ਕਰਕੇ ਸ਼ੇਅਰ ਜਾਂ ਹੋਰਨਾਂ ਪ੍ਰਤੀਭੂਤੀਆਂ ਵਿੱਚ ਲਾਭ ਕਮਾਉਣ ਲਈ ਖਰੀਦ-ਵਿਕਰੀ ਕਰਨਾ, ਜੋ ਕਿ ਗੈਰਕਾਨੂੰਨੀ ਹੈ। ਮਿਸਾਲ ਦੇ ਤੌਰ ’ਤੇ ਇੱਕ ਕੰਪਨੀ ਦੇ ਡਾਇਰੈਕਟਰ ਨੂੰ ਪਤਾ ਹੈ ਕਿ ਕੰਪਨੀ ਵੱਡਾ ਸੌਦਾ ਮਾਰਨ ਵਾਲੀ ਹੈ, ਜਿਸ ਨਾਲ ਕੰਪਨੀ ਦੇ ਸ਼ੇਅਰ ਦੀ ਕੀਮਤ ਵਧ ਸਕਦੀ ਹੈ, ਜੇ ਉਹ ਇਸ ਜਾਣਕਾਰੀ ਦੀ ਵਰਤੋਂ ਕਰਕੇ ਸ਼ੇਅਰ ਖਰੀਦਦਾ ਹੈ ਤਾਂ ਉਹ ਇਨਸਾਈਡਰ ਟਰੇਡਿੰਗ ਹੋਵੇਗੀ।)
ਕੁਝ ਕਾਨੂੰਨਦਾਨ ਪੁੱਛ ਰਹੇ ਹਨ ਕਿ ਕੀ ਟਰੰਪ ਨੇ ਸਟਾਕ ਮਾਰਕਿਟ ਨਾਲ ਚਾਲਬਾਜ਼ੀ ਕੀਤੀ? ਟਰੰਪ ਵੱਲੋਂ ਲਾਏ ਗਏ ਟੈਰਿਫ ਨਾਲ ਸੰਸਾਰ ਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਭੁਚਾਲ ਆ ਗਿਆ ਸੀ। ਲੰਘੇ ਬੁੱਧਵਾਰ ਸਵੇਰੇ ਨਿਊ ਯਾਰਕ ਸਟਾਕ ਐਕਸਚੇਂਜ ਵਿੱਚ ਕਾਰੋਬਾਰ ਭਾਰੀ ਗਿਰਾਵਟ ਨਾਲ ਸ਼ੁਰੂ ਹੋਇਆ। ਅਮਰੀਕੀ ਸਮੇਂ ਮੁਤਾਬਕ ਸਵੇਰੇ 9 ਵੱਜ ਕੇ 37 ਮਿੰਟ ’ਤੇ ਟਰੰਪ ਨੇ ਟਰੁੱਥ ਸਪੈਸ਼ਲ ’ਤੇ ਪੋਸਟ ਪਾ ਦਿੱਤੀਇਹ ਸ਼ੇਅਰ ਖਰੀਦਣ ਦਾ ਵੱਡਾ ਮੌਕਾ ਹੈ! ਇਸ ਦੇ ਚਾਰ ਘੰਟਿਆਂ ਬਾਅਦ ਟਰੰਪ ਨੇ ਐਲਾਨ ਦਿੱਤਾ ਕਿ ਉਹ ਜਵਾਬੀ ਟੈਰਿਫ ’ਤੇ ਅਮਲ 90 ਦਿਨਾਂ ਲਈ ਰੋਕ ਰਿਹਾ ਹੈ, ਪਰ ਚੀਨ ਨੂੰ ਨਹੀਂ ਬਖਸ਼ਿਆ ਤੇ ਉਸ ਦੇ ਮਾਲ ’ਤੇ ਟੈਰਿਫ ਵਧਾ ਕੇ 125 ਫੀਸਦੀ ਕਰ ਦਿੱਤਾ। ਇਸ ਤੋਂ ਬਾਅਦ ਸ਼ੇਅਰ ਬਾਜ਼ਾਰ ਫਿਰ ਚੜ੍ਹ ਗਿਆ। ਐੱਸ ਐਂਡ ਪੀ ਨੇ 9.5 ਫੀਸਦੀ ਦੀ ਛਾਲ ਮਾਰੀ ਤੇ ਮਾਰਕਿਟ ਕਦਰ ਵਿੱਚ ਕਰੀਬ ਚਾਰ ਟਿ੍ਰਲੀਅਨ ਡਾਲਰ (ਇੱਕ ਟਿ੍ਰਲੀਅਨ ਬਰਾਬਰ ਦਹਿਖਰਬ) ਮੁੜ ਹਾਸਲ ਕਰ ਲਏ। ਇਹ ਪਿਛਲੇ ਚਾਰ ਦਿਨਾਂ ਵਿੱਚ ਗੁਆਏ ਧਨ ਦਾ ਕਰੀਬ 70 ਫੀਸਦੀ ਬਣਦਾ ਹੈ। ਡੋਅ ਜੋਨਜ਼ ਦੇ ਸ਼ੇਅਰਾਂ ਵਿੱਚ ਵੀ 2800 ਨੁਕਤਿਆਂ ਦਾ ਵਾਧਾ ਹੋਇਆ, ਜਿਨ੍ਹਾਂ ਸਵੇਰੇ ਘੱਟ ਕੀਮਤ ’ਤੇ ਸ਼ੇਅਰ ਖਰੀਦੇ ਸਨ, ਬਾਅਦ ਵਿੱਚ ਨੋਟਾਂ ਦੀਆਂ ਬੋਰੀਆਂ ਭਰ ਕੇ ਲੈ ਗਏ। ਤ੍ਰਭਕੇ ਆਮ ਨਿਵੇਸ਼ਕਾਂ ਨੇ ਮਾਰਕਿਟ ਡਾਊਨ ਜਾਂਦੀ ਵੇਖ ਸ਼ੇਅਰ ਵੇਚ ਦਿੱਤੇ ਸਨ, ਜਿਹੜੇ ਮੁੜ ਕੰਪਨੀਆਂ ਕੋਲ ਚਲੇ ਗਏ। ਮਾਰਕਿਟ ਚੜ੍ਹਨ ਨਾਲ ਕੰਪਨੀਆਂ ਦੇ ਵਾਰੇ-ਨਿਆਰੇ ਹੋ ਗਏ। ਇਸ ਤੋਂ ਪਹਿਲਾਂ ਨੈਸਡੈਕ ਨੇ 2008 ਵਿੱਚ ਸਭ ਤੋਂ ਵੱਧ ਕਮਾਈ ਕੀਤੀ ਸੀ, ਜਦੋਂ ਸ਼ੇਅਰਾਂ ਵਿੱਚ ਕਰੀਬ 12 ਫੀਸਦੀ ਉਛਾਲਾ ਆਇਆ ਸੀ।
ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਵਿੱਚ ਸ਼ੇਅਰ ਮਾਰਕਿਟ ’ਚ ਇਹ ਭਾਣਾ ਵਰਤਿਆ ਸੀ। ਟਰੰਪ ਦੇ ਨਵੇਂ ਐਲਾਨ ਨਾਲ ਜਾਪਾਨ ਦਾ ਨਿੱਕੀ ਸ਼ੇਅਰ ਬਾਜ਼ਾਰ 8 ਫੀਸਦੀ ਚੜ੍ਹਿਆ, ਜਦਕਿ ਯੂਰਪੀ ਬਾਜ਼ਾਰਾਂ ਵਿੱਚ ਵੀ ਕਾਫੀ ਰੌਣਕ ਆਈ। ਇੱਥੋਂ ਤੱਕ ਕਿ ਟਰੰਪ ਦੇ ਆਤਾਬ ਦਾ ਸ਼ਿਕਾਰ ਚੀਨ ਦੇ ਸ਼ੇਅਰ ਬਾਜ਼ਾਰ ਵੀ ਚੜ੍ਹੇ।
ਅਮਰੀਕਾ ਦੇ ਡੈਮੋਕਰੇਟਿਕ ਸੈਨੇਟਰ �ਿਸ ਮਰਫੀ ਨੇ ਕਿਹਾ ਹੈ ਕਿ ਇਨਸਾਈਡਰ ਟਰੇਡਿੰਗ ਸਕੈਂਡਲ ਹਵਾੜ ਮਾਰਨ ਲੱਗ ਪਿਆ ਹੈ। ਟਰੰਪ ਦੇ ਸਵੇਰੇ ਸਾਢੇ 9 ਵਜੇ ਦੇ ਟਵੀਟ ਨੇ ਸਪੱਸ਼ਟ ਕਰ ਦਿੱਤਾ ਕਿ ਉਹ ਆਪਣਿਆਂ ਨੂੰ ਮਾਲਾਮਾਲ ਕਰਨ ਲਈ ਉਤਾਵਲਾ ਸੀ, ਕਿਉਕਿ ਨਿੱਜੀ ਜਾਣਕਾਰੀ ਉਸ ਨੂੰ ਹੀ ਸੀ। ਇਹ ਸਵਾਲ ਪੈਦਾ ਹੁੰਦਾ ਹੈ ਕਿ ਸ਼ੇਅਰ ਮਾਰਕਿਟ ਦੀ ਉਥਲ-ਪੁਥਲ ਨਾਲ ਉਸ ਦੇ ਬੰਦਿਆਂ ਨੇ ਕਿੰਨੀ ਕਮਾਈ ਕੀਤੀ? ਕੈਲੀਫੋਰਨੀਆ ਦੇ ਸੈਨੇਟਰ ਐਡਮ ਸ਼ਿਫ ਨੇ ਕਿਹਾ ਕਿ ਟਰੰਪ ਟੈਰਿਫ ਲਾ ਕੇ ਤੇ ਰੋਕ ਕੇ ਸ਼ੇਅਰ ਮਾਰਕਿਟ ਵਿੱਚ ਜ਼ਬਰਦਸਤ ਉਥਲ-ਪੁਥਲ ਕਰ ਰਿਹਾ ਹੈ। ਟਰੰਪ ਵੱਲੋਂ ਟੈਰਿਫ ’ਤੇ ਰੋਕ ਲਾਉਣ ਬਾਰੇ ਪ੍ਰਸ਼ਾਸਨ ਵਿੱਚ ਕਿਸ ਨੂੰ ਪਤਾ ਸੀ? ਕੀ ਕਿਸੇ ਨੇ ਸ਼ੇਅਰ ਖਰੀਦ ਕੇ ਤੇ ਵੇਚ ਕੇ ਲੋਕਾਂ ਦੀ ਕੀਮਤ ’ਤੇ ਫਾਇਦਾ ਉਠਾਇਆ? ਲੋਕ ਇਹ ਜਾਨਣਾ ਚਾਹੁੰਦੇ ਹਨ। ਕੀ ਇਨਸਾਈਡਰ ਟਰੇਡਿੰਗ ਨਾਲ ਟਰੰਪ ਦੇ ਜੋਟੀਦਾਰਾਂ ਨੇ ਮੁਨਾਫਾ ਕਮਾਇਆ? ਕਾਂਗਰਸ (ਸੰਸਦ) ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ। ਪ੍ਰਤੀਨਿਧ ਸਭਾ ਦੀ ਮੈਂਬਰ ਮੇਲੈਨੀ ਸਟਾਂਸਬਰੀ ਨੇ ਕਿਹਾ ਕਿ ਟਰੰਪ ਵੱਲੋਂ ਪੋਸਟ ਪਾਉਣਾ ਪਹਿਲਾਂ ਤੋਂ ਫਿਕਸ ਸੀ? ਇਹ ਮੈਨੂੰ ਇਨਸਾਈਡਰ ਟਰੇਡਿੰਗ ਵਰਗਾ ਲੱਗਦਾ ਹੈ। ਨਾ ਸਿਰਫ ਇਹ ਗੈਰਕਾਨੂੰਨੀ ਹੈ, ਇਸ ਨੇ ਅਮਰੀਕੀ ਅਰਥਚਾਰੇ ਤੇ ਮਾਰਕਿਟਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਟਰੰਪ ਆਪਣੇ ਆੜੀਆਂ ਨੂੰ ਫਾਇਦਾ ਪਹੁੰਚਾ ਰਿਹਾ ਹੈ। ਸੋਸ਼ਲ ਮੀਡੀਆ ’ਤੇ ਲੋਕ ਟਰੰਪ ਦੀ ਹਰਕਤ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਪੋਸਟਾਂ ਪਾ ਰਹੇ ਹਨ।



