ਸਵਾ 18 ਕਿੱਲੋ ਹੈਰੋਇਨ ਬਰਾਮਦ

0
125

ਅੰਮਿ੍ਰਤਸਰ (ਨਰਿੰਦਰਜੀਤ ਸਿੰਘ)-ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਘਰਿੰਡਾ ਪੁਲਸ ਥਾਣੇ ਅਧੀਨ ਆਉਂਦੇ ਖੈਰਾ ਪਿੰਡ ਵਿੱਚੋਂ 18.22 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਫੋਰਸ ਨੇ ਹੀਰਾ ਸਿੰਘ ਉਰਫ ਹੀਰਾ ਨਾਂਅ ਦੇ ਸ਼ਖ਼ਸ ਨੂੰ ਗਿ੍ਰਫਤਾਰ ਕੀਤਾ ਹੈ, ਜਿਸ ਦੇ ਪਾਕਿਸਤਾਨ ਅਧਾਰਤ ਦੇਸ਼ ਵਿਰੋਧੀ ਜਥੇਬੰਦੀਆਂ ਤੇ ਨਸ਼ਾ ਤਸਕਰਾਂ ਨਾਲ ਸੰਬੰਧ ਦੱਸੇ ਜਾਂਦੇ ਹਨ। ਡੀ ਜੀ ਪੀ ਗੌਰਵ ਯਾਦਵ ਨੇ ਕਿਹਾ, ‘‘ਐਂਟੀ ਨਾਰਕੋਟਿਕਸ ਟਾਸਕ ਫੋਰਸ, ਬਾਰਡਰ ਰੇਂਜ ਅੰਮਿ੍ਰਤਸਰ ਨੇ ਆਪਸੀ ਤਾਲਮੇਲ ਨਾਲ ਕੀਤੀ ਕਾਰਵਾਈ ਦੌਰਾਨ ਹੀਰਾ ਨੂੰ ਕਾਬੂ ਕੀਤਾ। ਮੁੱਢਲੀ ਜਾਂਚ ਮੁਤਾਬਕ ਹੀਰਾ ਸਿੰਘ ਅਤੇ ਉਸ ਦਾ ਸਾਥੀ ਕੁਲਵਿੰਦਰ ਸਿੰਘ ਉਰਫ ਕਿੰਦਾ, ਜੋ ਕਿ ਦਾਉਕੇ ਸਰਹੱਦੀ ਪਿੰਡ ਦਾ ਰਹਿਣ ਵਾਲਾ ਹੈ, ਪਾਕਿਸਤਾਨ ਸਥਿਤ ਨਸ਼ਾ ਤਸਕਰ ਬਿੱਲਾ ਦੇ ਸੰਪਰਕ ਵਿੱਚ ਸਨ। ਉਹ ਸਰਹੱਦ ਪਾਰੋਂ ਹੈਰੋਇਨ ਦੀ ਤਸਕਰੀ ਕਰਦੇ ਸਨ ਅਤੇ ਤਸਕਰ ਦੇ ਨਿਰਦੇਸ਼ਾਂ ਅਨੁਸਾਰ ਅੱਗੇ ਇਸ ਦੀ ਸਪਲਾਈ ਕਰ ਰਹੇ ਸਨ। ਕੁਲਵਿੰਦਰ ਸਿੰਘ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪੂਰੇ ਨੈੱਟਵਰਕ ਨੂੰ ਖਤਮ ਕਰਨ ਲਈ ਸਾਰੀਆਂ ਕੜੀਆਂ ਨੂੰ ਜੋੜਿਆ ਜਾ ਰਿਹਾ ਹੈ।