ਮੁੰਬਈ : ਅਮਰੀਕਾ ਵੱਲੋਂ ਇਸ ਸਾਲ 9 ਜੁਲਾਈ ਤੱਕ 90 ਦਿਨਾਂ ਲਈ ਭਾਰਤ ’ਤੇ ਵਾਧੂ ਟੈਕਸ ਮੁਅੱਤਲ ਕਰਨ ਦੇ ਐਲਾਨ ਤੋਂ ਬਾਅਦ ਸ਼ੁੱਕਰਵਾਰ ਸੈਂਸੈਕਸ ਤੇ ਨਿਫਟੀ ਚੜ੍ਹ ਕੇ ਬੰਦ ਹੋਏ। ਸੈਂਸੈਕਸ 1,310.11 ਅੰਕ ਜਾਂ 1.77 ਪ੍ਰਤੀਸ਼ਤ ਵਧ ਕੇ 75,157.26 ’ਤੇ ਬੰਦ ਹੋਇਆ। ਦਿਨ ਦੌਰਾਨ ਇਸ ਨੇ 1,620.18 ਅੰਕ ਜਾਂ 2.19 ਪ੍ਰਤੀਸ਼ਤ ਵਧ ਕੇ 75,467.33 ’ਤੇ ਵੀ ਕਾਰੋਬਾਰ ਕੀਤਾ। ਨਿਫਟੀ 429.40 ਅੰਕ ਜਾਂ 1.92 ਪ੍ਰਤੀਸ਼ਤ ਵਧ ਕੇ 22,828.55 ’ਤੇ ਬੰਦ ਹੋਇਆ। ਟਾਟਾ ਸਟੀਲ, ਪਾਵਰ ਗਰਿੱਡ, ਐੱਨ ਟੀ ਪੀ ਸੀ, ਕੋਟਕ ਮਹਿੰਦਰਾ ਬੈਂਕ, ਰਿਲਾਇੰਸ ਇੰਡਸਟਰੀਜ਼ ਅਤੇ ਅਡਾਨੀ ਪੋਰਟਸ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲਿਆਂ ਵਿੱਚ ਸ਼ਾਮਲ ਸਨ।
ਸੋਨਾ-ਚਾਂਦੀ ਚੜ੍ਹੇ
ਨਵੀਂ ਦਿੱਲੀ : ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਅਨੁਸਾਰ 10 ਗਰਾਮ 24 ਕੈਰੇਟ ਸੋਨੇ ਦਾ ਭਾਅ 2913 ਰੁਪਏ ਵਧ ਕੇ 93,074 ਰੁਪਏ ਹੋ ਗਿਆ ਹੈ। ਚਾਂਦੀ ਦੀ ਕੀਮਤ 1958 ਰੁਪਏ ਵਧ ਕੇ 92627 ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। 28 ਮਾਰਚ ਨੂੰ ਚਾਂਦੀ ਇੱਕ ਲੱਖ ਰੁਪਏ ਪ੍ਰਤੀ ਕਿੱਲੋ ਤੋਂ ਪਾਰ ਹੋ ਗਈ ਸੀ। ਸੋਨੇ ਦੀਆਂ ਕੀਮਤਾਂ ਵਿਚ ਵਾਧੇ ਦੇ ਮੁੱਖ ਕਾਰਨਾਂ ’ਚ ਡਾਲਰ ਦੇ ਮੁਕਾਬਲੇ ਰੁਪਈਆ ਕਮਜ਼ੋਰ ਹੋ ਰਿਹਾ ਹੈ। ਇਸ ਸਾਲ ਰੁਪਏ ਵਿੱਚ ਲੱਗਭੱਗ ਚਾਰ ਫੀਸਦੀ ਦੀ ਕਮੀ ਦੇਖਣ ਨੂੰ ਮਿਲੀ ਹੈ। ਅਮਰੀਕਾ ਦੀ ਟੈਕਸ ਪਾਲਿਸੀ ਕਾਰਨ ਵਪਾਰਕ ਜੰਗ ਦਾ ਖਤਰਾ ਵਧ ਗਿਆ ਹੈ। ਇਸ ਕਾਰਨ ਆਲਮੀ ਮੰਦੀ ਦਾ ਸੰਕਟ ਪੈਦਾ ਹੋ ਸਕਦਾ ਹੈ।