ਤਲਵੰਡੀ ਸਾਬੋ (ਜਗਦੀਪ ਗਿੱਲ/ਪਰਵਿੰਦਰਜੀਤ ਸਿੰਘ)
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਵੱਲੋਂ ਇੱਥੇ ਐਤਵਾਰ ਮੇਲਾ ਵਿਸਾਖੀ ਮੌਕੇ ਕਾਨਫਰੰਸ ਕੀਤੀ ਗਈ। ਕਾਨਫਰੰਸ ਨੂੰ ਸੁਖਬੀਰ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਸੰਬੋਧਨ ਕੀਤਾ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਰਕਾਰਾਂ ਦੀਆਂ ਸਾਰੀਆਂ ਸ਼ਕਤੀਆਂ ਅਕਾਲੀ ਦਲ ਨੂੰ ਕਮਜ਼ੋਰ ਕਰਨ ਉਪਰ ਲੱਗੀਆਂ ਹੋਈਆਂ ਹਨ ਅਤੇ ਉਹ ਹਰ ਹੀਲੇ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੀਆਂ ਹਨ।ਉਨ੍ਹਾ ਕਿਹਾ ਕਿ ਹੋਰ ਤਾਂ ਹੋਰ ਪਿਛਲੇ ਸਮੇਂ ਜਦੋਂ ਤਖਤਾਂ ਤੱਕ ਦੇ ਜਥੇਦਾਰਾਂ ਨੂੰ ਵੀ ਸਰਕਾਰਾਂ ਵੱਲੋਂ ਕੰਟਰੋਲ ਕਰ ਲਿਆ ਗਿਆ ਤਾਂ ਜਥੇਦਾਰ ਹੀ ਕੌਮ ਦੀ ਜਥੇਬੰਦੀ ਨੂੰ ਖਤਮ ਕਰਨ ’ਤੇ ਲੱਗ ਗਏ।ਉਨ੍ਹਾ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਤੇ ਹੋਰਨਾਂ ਨੇ ਪੰਥ ਨੂੰ ਮਜ਼ਬੂਤ ਕਰਨ ਦੀ ਥਾਂ ਇਸ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੌ ਸਾਲ ਪੁਰਾਣੀ ਪਾਰਟੀ ਹੈ, ਜਿਸ ਵਿਚ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਵਜੋਂ ਦਾਸ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਹਨਾਂ ਕਿਹਾ ਕਿ ਜਦੋਂ ਅਕਾਲੀ ਦਲ ਐੱਨ ਡੀ ਏ ਦਾ ਹਿੱਸਾ ਸੀ, ਉਦੋਂ ਸਰਕਾਰਾਂ ਅਕਾਲੀ ਦਲ ਦਾ ਕੁਝ ਨਾ ਵਿਗਾੜ ਸਕੀਆਂ ਪ੍ਰੰਤੂ ਪਿੱਛੋਂ ਹਜੂਰ ਸਾਹਿਬ ਅਤੇ ਦਿੱਲੀ ਵਰਗੀਆਂ ਸਿੱਖ ਗੁਰਦੁਆਰਾ ਕਮੇਟੀਆਂ ਉਪਰ ਵੀ ਕੇਂਦਰ ਸਰਕਾਰ ਨੇ ਕਬਜ਼ਾ ਕਰ ਲਿਆ ਅਤੇ ਹਰਿਆਣਾ ਕਮੇਟੀ ਵਿੱਚ ਵੀ ਜਥੇਦਾਰ ਦਾਦੂਵਾਲ ਵਰਗੇ ਗਦਾਰਾਂ ਨੂੰ ਚੌਧਰਾਂ ਦੇ ਦਿੱਤੀਆਂ ਗਈਆਂ।ਪੂਰੇ ਪੰਜਾਬੀਆਂ ਨੂੰ ਮੇਲਾ ਵਿਸਾਖੀ ਦੀ ਵਧਾਈ ਦਿੰਦਿਆਂ ਉਹਨਾਂ ਕਿਹਾ ਕਿ ਦਸਮੇਸ਼ ਪਿਤਾ ਦਾ ਨਿਸ਼ਾਨਾ ਸੀ ਕਿ ਮੇਰਾ ਸਿੱਖ ਮਿਹਨਤੀ ਤੇ ਜ਼ੁਲਮ ਖਿਲਾਫ ਲੜਨ ਵਾਲਾ ਹੋਵੇਗਾ। ਉਹਨਾਂ ਕਿਹਾ ਕਿ ਸਿੱਖ ਕਿਤੇ ਵੀ ਰਹਿੰਦੇ ਹੋਣ, ਆਪਣਾ ਨਾਂਅ ਕਮਾਉਦੇ ਹਨ। ਉਨ੍ਹਾ ਕਿਹਾ ਕਿ ਰਾਜਸਥਾਨ, ਉਤਰਾਂਚਲ ਅਤੇ ਜੰਮੂ ਕਸ਼ਮੀਰ ਵਰਗੇ ਸੂਬਿਆਂ ਵਿੱਚ ਪੰਜਾਬੀਆਂ ਨੂੰ ਜ਼ਮੀਨਾਂ ਖਰੀਦਣ ਦੀ ਇਜਾਜ਼ਤ ਨਹੀਂ ਹੈ।
ਉਨ੍ਹਾ ਕਿਹਾ ਕਿ ਅਗਲੀ ਸਰਕਾਰ ਪੰਜਾਬ ਵਿੱਚ ਜਦੋਂ ਅਕਾਲੀ ਦਲ ਦੀ ਬਣੇਗੀ ਤਾਂ ਸਾਰੇ ਪੰਜਾਬ ਵਿੱਚ ਜਿੱਥੇ ਅਮਨ ਅਤੇ ਭਾਈਚਾਰਕ ਸਾਂਝ ਬਣਾ ਕੇ ਰੱਖੀ ਜਾਵੇਗੀ, ਉੱਥੇ ਪੰਜਾਬ ਦੀ ਜ਼ਮੀਨ ਕੇਵਲ ਪੰਜਾਬੀਆਂ ਕੋਲ ਹੀ ਰਹੇਗੀ, ਨਾ ਕਿ ਕਿਸੇ ਹੋਰ ਸੂਬਿਆਂ ਦੇ ਸ਼ਹਿਰੀਆਂ ਕੋਲ।ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਤਲਵੰਡੀ ਸਾਬੋ ਤੋਂ 16 ਕਿਲੋਮੀਟਰ ਦੂਰ ਪਿੰਡ ਕੋਟਸ਼ਮੀਰ ਤੋਂ ਇੱਕ ਕਾਫਲੇ ਦੇ ਰੂਪ ਵਿੱਚ ਤਲਵੰਡੀ ਸਾਬੋ ਲਿਆਂਦਾ ਗਿਆ ਅਤੇ ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿੱਚ ਯੂਥ ਅਕਾਲੀ ਦਲ ਦੇ ਵਰਕਰ ਆਪਣੀਆਂ-ਆਪਣੀਆਂ ਗੱਡੀਆਂ ਸਮੇਤ ਚੱਲ ਰਹੇ ਸਨ।