ਜਲੰਧਰ (ਰਾਜੇਸ਼ ਥਾਪਾ)
ਭਾਰਤੀ ਕਮਿਊਨਿਸਟ ਪਾਰਟੀ ਦੀ ਚੰਡੀਗੜ੍ਹ ਵਿੱਚ 21 ਤੋਂ 25 ਸਤੰਬਰ ਤੱਕ ਹੋਣ ਵਾਲੀ 25ਵੀਂ ਕਾਂਗਰਸ ਦੀ ਰਿਸੈਪਸ਼ਨ ਕਮੇਟੀ ਦੇ ਜਨਰਲ ਸਕੱਤਰ ਪਾਰਟੀ ਦੇ ਪੰਜਾਬ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੂੰ ਬਣਾਇਆ ਗਿਆ ਹੈ। ਇਹ ਜਾਣਕਾਰੀ ਪਾਰਟੀ ਦੀ ਕੌਮੀ ਸਕੱਤਰ ਅਮਰਜੀਤ ਕੌਰ ਨੇ ਮੰਗਲਵਾਰ ਇੱਥੇ ਪ੍ਰੱੈਸ ਕਾਨਫਰੰਸ ਵਿੱਚ ਦਿੱਤੀ। ਉਨ੍ਹਾ ਦੱਸਿਆ ਕਿ ਪੰਜਾਬੀ ਟਿ੍ਰਬਿਊਨ ਦੇ ਸਾਬਕਾ ਐਡੀਟਰ ਡਾ. ਸਵਰਾਜਬੀਰ, ਜੋ ਸਾਹਿਤ, ਕਲਾ ਤੇ ਸੱਭਿਆਚਾਰ ਦੇ ਖੇਤਰ ਵਿੱਚ ਇੱਕ ਪ੍ਰਸਿੱਧ ਸ਼ਖਸੀਅਤ ਹਨ, ਰਿਸੈਪਸ਼ਨ ਕਮੇਟੀ ਦੇ ਚੇਅਰਮੈਨ ਹੋਣਗੇ। ਪਾਰਟੀ ਦੀ ਸੂਬਾ ਕੌਂਸਲ ਦੇ ਮੈਂਬਰਾਂ ਤੋਂ ਇਲਾਵਾ ਖੱਬੀ ਤੇ ਪ੍ਰਗਤੀਸ਼ੀਲ ਸੋਚ ਵਾਲੇ ਹੋਰ ਅਨੇਕਾਂ ਵਿਅਕਤੀਆਂ, ਜਿਨ੍ਹਾਂ ਦਾ ਸਮਾਜ ਦੀ ਤਰੱਕੀ ਵਿੱਚ ਯੋਗਦਾਨ ਰਿਹਾ ਹੈ, ਨੂੰ ਵੀ ਰਿਸੈਪਸ਼ਨ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਲਗਭਗ ਇੱਕ ਹਜ਼ਾਰ ਡੈਲੀਗੇਟ ਕਾਂਗਰਸ ਵਿੱਚ ਸ਼ਾਮਲ ਹੋਣਗੇ। ਭਰਾਤਰੀ ਪਾਰਟੀਆਂ ਆਪਣੇ ਸੁਨੇਹੇ ਭੇਜ ਰਹੀਆਂ ਹਨ।
ਪ੍ਰੈੱਸ ਕਾਨਫਰੰਸ ਵਿੱਚ ਅਮਰਜੀਤ ਕੌਰ ਤੋਂ ਇਲਾਵਾ ਬੰਤ ਸਿੰਘ ਬਰਾੜ, ਜਲੰਧਰ ਦੇ ਸਕੱਤਰ ਰਸ਼ਪਾਲ ਕੈਲੇ ਤੇ ਰਜਿੰਦਰ ਸਿੰਘ ਮੌਜੀ ਵੀ ਮੌਜੂਦ ਸਨ। ਆਗੂਆਂ ਨੇ ਦੱਸਿਆ ਕਿ ਪੰਜਾਬ ਇਕਾਈ ਲਈ ਇਹ ਮਾਣ ਵਾਲੀ ਗੱਲ ਹੈ ਕਿ ਕਾਂਗਰਸ ਜਥੇਬੰਦ ਕਰਨ ਦੀ ਜ਼ਿੰਮੇਵਾਰੀ ਉਸ ਨੂੰ ਸੌਂਪੀ ਗਈ ਹੈ। ਕਾਂਗਰਸ ਉਦੋਂ ਹੋ ਰਹੀ ਹੈ, ਜਦੋਂ ਪਾਰਟੀ ਆਪਣੇ 100 ਸਾਲ ਪੂਰੇ ਹੋਣ ਦੇ ਜਸ਼ਨ ਮਨਾ ਰਹੀ ਹੈ। ਇਹ ਵੇਲਾ ਕਾਮਿਆਂ, ਕਿਸਾਨਾਂ, ਵਿਦਿਆਰਥੀਆਂ, ਨੌਜਵਾਨਾਂ ਤੇ ਸਮਾਜ ਦੇ ਹਾਸ਼ੀਏ ’ਤੇ ਪਏ ਲੋਕਾਂ ਲਈ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਨੂੰ ਉਜਾਗਰ ਕਰਨ ਦਾ ਇੱਕ ਵਧੀਆ ਮੌਕਾ ਹੈ।ਭਾਰਤੀ ਕਮਿਊਨਿਸਟ ਪਾਰਟੀ ਨੇ ਬਰਤਾਨਵੀ ਸਾਮਰਾਜ ਦੇ ਖਿਲਾਫ ਹੋਰ ਪ੍ਰਗਤੀਸ਼ੀਲ ਸ਼ਕਤੀਆਂ ਦੇ ਨਾਲ ਮਿਲ ਕੇ ਸੁਤੰਤਰਤਾ ਸੰਗਰਾਮ ਵਿੱਚ ਸ਼ਾਨਦਾਰ ਭੂਮਿਕਾ ਨਿਭਾਈ ਹੈ। ਪੰਜਾਬ ਦੇ ਲੋਕਾਂ ਦੀ ਇਸ ਸੰਦਰਭ ਵਿੱਚ ਬਹੁਤ ਵੱਡੀ ਭੂਮਿਕਾ ਰਹੀ ਹੈ, ਜਿਸ ਵਿੱਚ ਨੌਜਵਾਨ, ਵਿਦਿਆਰਥੀ, ਕਾਮੇ, ਕਿਸਾਨ, ਇਸਤਰੀਆਂ, ਬੁੱਧੀਜੀਵੀ ਤੇ ਹੋਰ ਸਾਰੇ ਵਰਗ ਵੀ ਸ਼ਾਮਲ ਸਨ।ਕਾਂਗਰਸ ਭਾਰਤ ਦੀ ਵਿਗੜਦੀ ਹੋਈ ਆਰਥਕ ਸਥਿਤੀ ਦਾ ਵਿਸ਼ਲੇਸ਼ਣ ਕਰੇਗੀ, ਜੋ ਕਿ ਡੂੰਘੇ ਸੰਕਟ ਵਿੱਚ ਫਸੀ ਹੋਈ ਹੈ। ਖੇਤੀਬਾੜੀ ਸੰਕਟ, ਵਧਦੀ ਬੇਰੁਜ਼ਗਾਰੀ, ਨਿਘਰਦਾ ਪਰਿਆਵਰਨ, ਲੋੜੀਂਦੀਆਂ ਵਸਤਾਂ ਦੀ ਵਧਦੀ ਕੀਮਤ, ਸਿੱਖਿਆ, ਸਿਹਤ, ਆਵਾਸ, ਜਲ ਤੇ ਨਾਗਰਿਕ ਸੇਵਾਵਾਂ ਵਿੱਚ ਆ ਰਹੀ ਗਿਰਾਵਟ ਦੇ ਨਾਲ-ਨਾਲ ਦਲਿਤਾਂ, ਘੱਟ ਗਿਣਤੀਆਂ, ਇਸਤਰੀਆਂ ਤੇ ਹੋਰ ਕੰਮਕਾਜੀ ਲੋਕਾਂ ਦੇ ਸ਼ੋਸ਼ਣ ਦੇ ਮਸਲੇ ਵਿਚਾਰੇ ਜਾਣਗੇ।
ਅਮਰਜੀਤ ਕੌਰ ਨੇ ਕਿਹਾ ਕਿ ਅਸਮਾਨਤਾਵਾਂ ਵਧ ਰਹੀਆਂ ਹਨ, ਕਿਉਕਿ ਕਾਰਪੋਰੇਟ ਮਿਹਨਤਕਸ਼ ਲੋਕਾਂ ਵੱਲੋਂ ਉਤਪਾਦਤ ਧਨ ਨੂੰ ਲੁੱਟ ਰਹੇ ਹਨ। ਕਾਰਪੋਰੇਟਾਂ ਉੱਪਰ ਟੈਕਸ 35 ਪ੍ਰਤੀਸ਼ਤ ਤੋਂ ਘਟਾ ਕੇ 15 ਪ੍ਰਤੀਸ਼ਤ ਕਰ ਦਿੱਤਾ ਗਿਆ ਹੈ, ਜਦੋਂ ਕਿ ਆਮ ਜਨਤਾ ’ਤੇ ਜੀ ਐੱਸ ਟੀ ਅਤੇ ਸੈੱਸ ਦੇ ਜ਼ਰੀਏ ਅਸਿੱਧੇ ਟੈਕਸ ਲਗਾਤਾਰ ਵਧ ਰਹੇ ਹਨ। ਇਸ ਸਮੇਂ ਅਮੀਰਾਂ ਦੀ 5 ਪ੍ਰਤੀਸ਼ਤ ਆਬਾਦੀ ਕੋਲ ਰਾਸ਼ਟਰੀ ਦੌਲਤ ਦਾ 60 ਪ੍ਰਤੀਸ਼ਤ ਹਿੱਸਾ ਹੈ, ਜਦੋਂ ਕਿ ਆਰਥਕ ਤੌਰ ’ਤੇ ਨੀਵੇ ਪੱਧਰ ਦੀ 50 ਪ੍ਰਤੀਸ਼ਤ ਆਬਾਦੀ ਦੇ ਕੋਲ ਕੁੱਲ ਰਾਸ਼ਟਰੀ ਦੌਲਤ ਦਾ ਸਿਰਫ 3 ਪ੍ਰਤੀਸ਼ਤ ਹਿੱਸਾ ਹੈ। ਕੌਮੀ ਪੱਧਰ ’ਤੇ ਸਿਹਤ, ਭੁੱਖ, ਗਰੀਬੀ ਅਤੇ ਲਿੰਗ ਭੇਦ ਦਾ ਸੂਚਕ ਅੰਕ ਡਿੱਗ ਗਿਆ ਹੈ, ਜਿਸ ਕਰਕੇ ਦੇਸ਼ ਨੂੰ ਦੁਨੀਆ ਵਿੱਚ ਸ਼ਰਮਿੰਦਾ ਹੋਣਾ ਪਿਆ ਹੈ।ਵਧ ਰਹੀ ਬੇਰੁਜ਼ਗਾਰੀ ਕਾਰਨ ਨੌਜਵਾਨਾਂ ਦਾ ਭਵਿੱਖ ਅਨਿਸਚਿਤ ਹੋ ਗਿਆ ਹੈ, ਜਿਸ ਕਾਰਨ ਉਹ ਨਿਰਾਸ਼ਾ ਵਿੱਚ ਹਨ।
ਇਸ ਦੇ ਨਾਲ-ਨਾਲ ਸਮਾਜ ਵਿੱਚ ਫਿਰਕੂ ਲੀਹਾਂ ’ਤੇ ਧਰੁਵੀਕਰਨ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਫਾਸ਼ੀਵਾਦੀ ਰੁਝਾਨ ਵਧ ਰਹੇ ਹਨ।
ਇਕ ਸਵਾਲ ਦੇ ਜਵਾਬ ਵਿੱਚ ਅਮਰਜੀਤ ਕੌਰ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਜਦੋਂ ਦੇਸ਼ ਫਾਸ਼ੀਵਾਦ ਵੱਲ ਵਧ ਰਹਾ ਹੈ ਤਾਂ ਖੱਬੇ-ਪੱਖੀ ਪਾਰਟੀਆਂ ਦਾ ਇਕੱਠਾ ਹੋਣਾ ਬਹੁਤ ਜ਼ਰੂਰੀ ਹੈ। ਆਰ ਐੱਸ ਐੱਸ-ਭਾਜਪਾ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਕਰਕੇ ਕਾਮਿਆਂ, ਕਿਸਾਨਾਂ, ਬੁੱਧੀਜੀਵੀਆਂ, ਪੱਤਰਕਾਰਾਂ ਤੇ ਹੋਰ ਮਿਹਨਤਕਸ਼ ਲੋਕਾਂ ’ਤੇ ਮਾਰੂ ਪ੍ਰਭਾਵ ਪੈ ਰਹੇ ਹਨ। ਇਨ੍ਹਾਂ ਹਾਲਤਾਂ ਵਿੱਚ ਲੋਕਾਂ ਦੇ ਵਿਰੋਧ ਦੀ ਆਵਾਜ਼ ਨੂੰ ਦਬਾਉਣ ਦੇ ਲਈ ਸ਼ਾਸਨ ਵੱਲੋਂ ਲੋਕਤੰਤਰਿਕ ਅਦਾਰਿਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਘੱਟ ਗਿਣਤੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਗਿਆ ਹੈ, ਇਸ ਦੀ ਮਿਸਾਲ ਵਿਰੋਧੀ ਦਲਾਂ ਦੇ ਵਿਰੋਧ ਦੀ ਆਵਾਜ਼ ਦੀ ਪਰਵਾਹ ਕੀਤੇ ਬਿਨਾਂ ਵਕਫ ਬੋਰਡ ਸੋਧ ਬਿੱਲ ਪਾਸ ਕਰਨਾ ਹੈ। ਧਰਮ ਨਿਰਪੱਖਤਾ, ਲੋਕਤੰਤਰ ਅਤੇ ਫੈਡਰਲਿਜ਼ਮ ਵਰਗੇ ਸੰਵਿਧਾਨ ਦੇ ਬੁਨਿਆਦੀ ਸਿਧਾਂਤਾਂ ’ਤੇ ਹਮਲਾ ਵਧ ਗਿਆ ਹੈ। ਗੈਰ-ਭਾਜਪਾ ਸ਼ਾਸਤ ਰਾਜਾਂ ਵਿੱਚ ਰਾਜਪਾਲਾਂ ਦੀ ਭੂਮਿਕਾ ਸਵਾਲਾਂ ਦੇ ਘੇਰੇ ਵਿੱਚ ਆਈ ਹੈ, ਜਿੱਥੇ ਕਿ ਇਹ ਰਾਜਪਾਲ ਸੰਵਿਧਾਨ ਵਿਰੁੱਧ ਹੀ ਕੰਮ ਕਰ ਰਹੇ ਹਨ। ਸੀ ਪੀ ਆਈ ਕਾਂਗਰਸ ਦੇਸ਼ ਦੀ ਏਕਤਾ, ਅਖੰਡਤਾ ਤੇ ਸਾਂਝੀਵਾਲਤਾ ਦੇ ਸੱਭਿਆਚਾਰ ਲਈ ਖਤਰਾ ਬਣੇ ਹੋਏ ਮੁੱਦਿਆਂ ’ਤੇ ਗੰਭੀਰਤਾ ਨਾਲ ਚਰਚਾ ਕਰੇਗੀ। ਸਮਕਾਲੀ ਮੁੱਦਿਆਂ ’ਤੇ ਸੈਮੀਨਾਰਾਂ ਦਾ ਆਯੋਜਨ ਕੀਤਾ ਜਾਏਗਾ।
ਉਨ੍ਹਾ ਕਿਹਾ ਕਿ ਫਲਸਤੀਨੀਆਂ ਦੀ ਨਿਰੰਤਰ ਨਸਲਕੁਸ਼ੀ ਅਤੇ ਅਮਰੀਕਾ ਦਾ ਇਜ਼ਰਾਈਲ ਦੇ ਜ਼ਾਇਨਵਾਦੀ ਸ਼ਾਸਨ ਦੇ ਨਾਲ ਗੱਠਜੋੜ ਉਸ ਦੀਆਂ ਵਿਸਤਾਰਵਾਦੀ ਨੀਤੀਆਂ ਨੂੰ ਦਰਸਾਉਦਾ ਹੈ, ਜੋ ਕਿ ਨਾ ਕੇਵਲ ਮੱਧ-ਪੂਰਬ ਲਈ, ਬਲਕਿ ਸਮੁੱਚੇ ਏਸ਼ੀਆਈ ਦੇਸ਼ਾਂ ਦੇ ਲਈ ਖਤਰਾ ਹੈ।ਰੂਸ ਅਤੇ ਨਾਟੋ ਵੱਲੋਂ ਸਮਰਥਤ ਯੂਕਰੇਨ ਵਿਚਕਾਰ ਚੱਲ ਰਿਹਾ ਯੁੱਧ ਦੁਨੀਆ ਦੇ ਅਮਨਪਸੰਦ ਲੋਕਾਂ ਲਈ ਗੰਭੀਰ ਖਤਰਾ ਬਣਿਆ ਹੋਇਆ ਹੈ।ਇਨ੍ਹਾਂ ਮੁੱਦਿਆਂ ’ਤੇ ਵੀ ਡੂੰਘੀ ਚਰਚਾ ਕੀਤੀ ਜਾਏਗੀ।ਪਾਰਟੀ ਕਾਂਗਰਸ ਦੇਸ਼ ਤੇ ਇਸ ਦੇ ਲੋਕਾਂ ਦੇ ਭਲੇ ਲਈ ਬਹੁਤ ਮਹੱਤਵਪੂਰਨ ਘਟਨਾ ਹੋਏਗੀ।
ਕਾਮਰੇਡ ਬਰਾੜ ਨੇ ਕਿਹਾ ਕਿ ਪੰਜਾਬ ਦੀ ਬਦਲਾਅ ਵਾਲੀ ਸਰਕਾਰ ਵਿਰੋਧੀਆਂ ਦੀ ਆਵਾਜ਼ ਨੂੰ ਦਬਾਉਣ ਦਾ ਕੰਮ ਕਰ ਰਹੀ ਹੈ। ਕਾਨੂੰਨ-ਵਿਵਸਥਾ ਦੀ ਸਥਿਤੀ ਬੇਹੱਦ ਖ਼ਤਰਨਾਕ ਮੁਕਾਮ ’ਤੇ ਪਹੁੰਚ ਗਈ ਹੈ। ਨਸ਼ਿਆਂ ਨੂੰ ਖਤਮ ਕਰਨ ਵਿੱਚ ਪੰਜਾਬ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾ ਕਿਹਾ ਕਿ ਪੰਜਾਬ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਦਾ ਪਾਰਟੀ ਲਗਾਤਾਰ ਵਿਰੋਧ ਕਰਦੀ ਹੈ। ਉਨ੍ਹਾ ਕਿਹਾ ਕਿ ਪਾਰਟੀ ਕਾਂਗਰਸ ਵਿੱਚ ਸੁਤੰਤਰਤਾ ਸੰਗਰਾਮ ਵਿੱਚ ਕਮਿਊਨਿਸਟਾਂ ਅਤੇ ਹੋਰ ਪ੍ਰਗਤੀਸ਼ੀਲ ਲੋਕਾਂ ਦੇ ਯੋਗਦਾਨ ਨੂੰ ਉਜਾਗਰ ਕੀਤਾ ਜਾਏਗਾ। ਰਾਸ਼ਟਰ ਨਿਰਮਾਣ ਵਿੱਚ ਕਾਮਿਆਂ, ਕਿਸਾਨਾਂ ਤੇ ਹੋਰ ਵਰਗਾਂ ਦੇ ਯੋਗਦਾਨ ਅਤੇ ਦੇਸ਼ ਦੀ ਏਕਤਾ, ਅਖੰਡਤਾ ਦੀ ਰਾਖੀ ਲਈ ਕੁਰਬਾਨੀਆਂ ਦੇ ਇਤਿਹਾਸ ਨੂੰ ਯਾਦ ਕੀਤਾ ਜਾਏਗਾ। ਸ਼ਹੀਦਾਂ ਦੇ ਪਰਵਾਰਾਂ ਨੂੰ ਸਨਮਾਨਤ ਕੀਤਾ ਜਾਏਗਾ ਅਤੇ ਇਸ ਲਈ ਵੱਖ-ਵੱਖ ਥਾਵਾਂ ਤੋਂ ਜਥੇ ਤੋਰੇ ਜਾਣਗੇ।ਕਾਂਗਰਸ ਦੇ ਪਹਿਲੇ ਦਿਨ 21 ਸਤੰਬਰ ਨੂੰ ਵਿਸ਼ਾਲ ਰੈਲੀ ਕੀਤੀ ਜਾਏਗੀ।ਉਨ੍ਹਾ ਕਿਹਾ, ‘ਪੰਜਾਬ ਦੀ ਖੁੱਲ੍ਹੇ ਦਿਲ ਨਾਲ ਮਹਿਮਾਨਾਂ ਦਾ ਸਵਾਗਤ ਕਰਨ ਦੀ ਮਹਾਨ ਪਰੰਪਰਾ ਹੈ। ਅਸੀਂ ਪੰਜਾਬ ਦੇ ਲੋਕਾਂ ਨੂੰ ਖੁੱਲ੍ਹੇ ਦਿਲ ਨਾਲ ਮਹਿਮਾਨਾਂ ਦਾ ਸਵਾਗਤ ਕਰਨ ਅਤੇ ਕਾਂਗਰਸ ਵਿੱਚ ਦੂਰੋਂ ਆਏ ਡੈਲੀਗੇਟਾਂ ਲਈ ਆਰਾਮਦਾਇਕ ਠਹਿਰਾਅ ਲਈ ਦਾਨ ਕਰਨ ਦੀ ਅਪੀਲ ਕਰਦੇ ਹਾਂ।ਅਸੀਂ ਇਸ ਮੌਕੇ ਇਕ ਯਾਦਗਾਰੀ ਸੋਵੀਨਰ ਛਾਪ ਰਹੇ ਹਾਂ, ਜਿਸ ਵਿੱਚ ਦੇਸ਼ ਨੂੰ ਦਰਪੇਸ਼ ਸਮੱਸਿਆਵਾਂ ਦਾ ਵਿਸ਼ਲੇਸ਼ਣ ਕਰਦੇ ਹੋਏ ਵਿਦਵਾਨਾਂ ਦੇ ਲੇਖ ਛਾਪੇ ਜਾਣਗੇ।’