ਕਾਬੁਲ : ਸਨਿੱਚਰਵਾਰ 5.8 ਸ਼ਿੱਦਤ ਦੇ ਭੁਚਾਲ ਨੇ ਅਫਗਾਨਿਸਤਾਨ ਨੂੰ ਹਿਲਾ ਕੇ ਰੱਖ ਦਿੱਤਾ। ਭੁਚਾਲ ਦਾ ਕੇਂਦਰ ਅਫਗਾਨਿਸਤਾਨ-ਤਾਜ਼ਿਕਸਤਾਨ ਸਰਹੱਦ ਦੇ ਕਰੀਬ ਅਫਗਾਨਿਸਤਾਨ ਵਾਲੇ ਪਾਸੇ ਸੀ। ਭੁਚਾਲ 130 ਕਿੱਲੋਮੀਟਰ ਦੀ ਡੂੰਘਾਈ ’ਤੇ ਆਇਆ।
ਇਸ ਤੋਂ ਪਹਿਲਾਂ 16 ਅਪਰੈਲ ਨੂੰ ਵੀ ਅਫਗਾਨਿਸਤਾਨ ਵਿੱਚ 5.9 ਸ਼ਿੱਦਤ ਦਾ ਭੁਚਾਲ ਆਇਆ ਸੀ। ਅਫਗਾਨਿਸਤਾਨ ਦਾ ਸ਼ਕਤੀਸ਼ਾਲੀ ਭੁਚਾਲਾਂ ਦਾ ਇਤਿਹਾਸ ਹੈ ਅਤੇ ਰੈੱਡ ਕਰਾਸ ਦੇ ਅਨੁਸਾਰ ਹਿੰਦੂਕੁਸ਼ ਪਹਾੜੀ ਖਿੱਤਾ ਭੂ-ਵਿਗਿਆਨਕ ਤੌਰ ’ਤੇ ਭੁਚਾਲਾਂ ਲਈ ਇਕ ਸਰਗਰਮ ਖੇਤਰ ਹੈ, ਜਿੱਥੇ ਹਰ ਸਾਲ ਭੁਚਾਲ ਆਉਂਦੇ ਹਨ। ਭੁਚਾਲ ਦੇ ਝਟਕੇ ਪਾਕਿਸਤਾਨ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਵੀ ਮਹਿਸੂਸ ਕੀਤੇ ਗਏ। ਭੁਚਾਲ ਪਾਕਿਸਤਾਨੀ ਸਮੇਂ ਮੁਤਾਬਕ ਸਵੇਰੇ 11:47 ਵਜੇ ਦਰਜ ਕੀਤਾ ਗਿਆ। ਪਾਕਿਸਤਾਨ ਦੇ ਇਸਲਾਮਾਬਾਦ, ਲਾਹੌਰ, ਪਿਸ਼ਾਵਰ, ਰਾਵਲਪਿੰਡੀ ਅਤੇ ਖ਼ੈਬਰ ਪਖ਼ਤੂਨਖ਼ਵਾ ਦੇ ਵੱਖ-ਵੱਖ ਹਿੱਸੇ ਭੁਚਾਲ ਨਾਲ ਹਿੱਲੇ। ਭੁਚਾਲ ਦੇ ਸਭ ਤੋਂ ਤੇਜ਼ ਝਟਕੇ ਖ਼ੈਬਰ ਪਖ਼ਤੂਨਖ਼ਵਾ ਦੇ ਹੇਠਲੇ ਦੀਰ, ਬਾਜੌਰ, ਮਲਕੰਦ, ਨੌਸ਼ੇਰਾ, ਦੀਰ ਬਾਲਾ, ਸ਼ਬਕਦਰ ਅਤੇ ਮੋਹਮੰਦ ਖੇਤਰਾਂ ਵਿੱਚ ਮਹਿਸੂਸ ਕੀਤੇ ਗਏ, ਜਿਸ ਕਾਰਨ ਵਸਨੀਕਾਂ ਵਿੱਚ ਭਾਰੀ ਦਹਿਸ਼ਤ ਫੈਲ ਗਈ। ਭੁਚਾਲ ਦੇ ਝਟਕੇ ਜੰਮੂ-ਕਸ਼ਮੀਰ ਵਿਚਿ ਵੀ ਮਹਿਸੂਸ ਕੀਤੇ ਗਏ, ਪਰ ਇਸ ਕਾਰਨ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਸੀ।
ਆਸਾਮ ’ਚ ਵੀ ਝਟਕੇ
ਨੌਗਾਂਵ : ਆਸਾਮ ਦੇ ਨੌਗਾਂਵ ’ਚ ਸਨਿੱਚਰਵਾਰ ਸਵੇਰ ਸੱਤ ਵੱਜ ਕੇ ਅਠੱਤੀ ਮਿੰਟ ’ਤੇ ਭੁਚਾਲ ਦੇ ਝਟਕੇ ਮਹਿਸੂਸ ਕੀਤੇੇ ਗਏ, ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 2.9 ਮਾਪੀ ਗਈ। ਕਿਸੇ ਨੁਕਸਾਨ ਦੀ ਸੂਚਨਾ ਨਹੀਂ ਸੀ।




