ਕਾਫੀ ਅਸਲੇ ਸਣੇ 13 ਗਿ੍ਰਫਤਾਰ

0
90

ਚੰਡੀਗੜ੍ਹ (ਗੁਰਜੀਤ ਬਿੱਲਾ)-ਅੱਤਵਾਦੀਆਂ ਦੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਪੁਲਸ ਨੇ ਪਾਕਿ ਖੁਫੀਆ ਏਜੰਸੀ ਆਈ ਐੱਸ ਆਈ ਤੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀ ਕੇ ਆਈ) ਨਾਲ ਜੁੜੇ ਇੱਕ ਨਾਬਾਲਗ ਸਮੇਤ 13 ਅੱਤਵਾਦੀਆਂ ਨੂੰ ਗਿ੍ਰਫਤਾਰ ਕੀਤਾ ਹੈ। ਚਾਰ ਦਿਨਾਂ ਤੋਂ ਚੱਲ ਰਹੇ ਪੰਜਾਬ ਪੁਲਸ ਦੇ ਅਪ੍ਰੇਸ਼ਨ ’ਚ ਦੋ ਅੱਤਵਾਦੀ ਮਡਿਊਲ ਦਾ ਸਫਾਇਆ ਕੀਤਾ ਗਿਆ ਹੈ। ਪੁਲਸ ਦਾ ਦਾਅਵਾ ਹੈ ਕਿ ਇਨ੍ਹਾਂ ਦੇ ਨਿਸ਼ਾਨੇ ’ਤੇ ਥਾਣੇ ਅਤੇ ਪ੍ਰਮੁੱਖ ਲੋਕ ਸਨ। ਅੱਤਵਾਦੀਆਂ ਤੋਂ ਇਕ ਲਾਂਚਰ ਸਮੇਤ ਦੋ ਰਾਕੇਟ ਪ੍ਰੋਪੇਲਡ ਗ੍ਰਨੇਡ (ਆਰ ਪੀ ਜੀ), ਢਾਈ-ਢਾਈ ਕਿੱਲੋ ਦੀਆਂ ਦੋ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ ਈ ਡੀ), 2 ਗ੍ਰਨੇਡ, ਰਿਮੋਟ ਕੰਟਰੋਲ ਤੇ ਦੋ ਕਿੱਲੋ ਰਾਇਲਡ ਡਿਮੋਲਿਸ਼ਨ ਐਕਸਪਲੋਸਿਵ (ਆਰ ਡੀ ਈ), ਪੰਜ ਪਿਸਤੌਲ (ਬੇਰੇਟਾ ਤੇ ਗਲੌਕ), 6 ਮੈਗਜ਼ੀਨ, 44 ਕਾਰਤੂਸ, ਇਕ ਵਾਇਰਲੈੱਸ ਸੈੱਟ ਤੇ ਤਿੰਨ ਵਾਹਨ ਬਰਾਮਦ ਕੀਤੇ ਗਏ ਹਨ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਲੋਕ ਆਈ ਐੱਸ ਆਈ ਦੇ ਇਸ਼ਾਰੇ ’ਤੇ ਦੇਸ਼ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਸਨ। ਗਿ੍ਰਫਤਾਰ ਅੱਤਵਾਦੀਆਂ ਨੇ ਕਈ ਥਾਣਿਆਂ ਨੂੰ ਵੀ ਟਾਰਗੈੱਟ ਕਰਨਾ ਸੀ। ਜਲਦ ਸਾਰਿਆਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ’ਤੇ ਲਿਆ ਜਾਵੇਗਾ। ਯਾਦਵ ਨੇ ਦੱਸਿਆ ਕਿ ਪਹਿਲੇ ਮਡਿਊਲ ਨੂੰ ਫਰਾਂਸ ਰਹਿੰਦਾ ਸਤਨਾਮ ਸਿੰਘ ਉਰਫ ਸੱਤਾ ਤੇ ਦੂਜੇ ਨੂੰ ਯੂਨਾਨ ਰਹਿੰਦਾ ਜਸਵਿੰਦਰ ਉਰਫ ਮਨੂੰ ਅਗਵਾਨ ਚਲਾ ਰਿਹਾ ਸੀ। ਯਾਦਵ ਨੇ ਕਿਹਾ ਕਿ ਇਸ ਅਪ੍ਰੇਸ਼ਨ ਦੌਰਾਨ ਕਪੂਰਥਲਾ ਦੇ ਜਤਿੰਦਰ ਉਰਫ ਹਨੀ ਤੇ ਜਗਜੀਤ ਉਰਫ ਜੱਗਾ, ਹੁਸ਼ਿਆਰਪੁਰ ਦੇ ਜਗਰੂਰ ਤੇ ਹਰਪ੍ਰੀਤ ਨੂੰ ਫੜਿਆ ਗਿਆ, ਜਿਹੜੇ ਸੱਤਾ ਦੇ ਇਸ਼ਾਰੇ ’ਤੇ ਸਰਗਰਮੀ ਕਰ ਰਹੇ ਸਨ। ਇਨ੍ਹਾਂ ਖਿਲਾਫ ਗੈਰਕਾਨੂੰਨੀ ਸਰਗਰਮੀਆਂ ਰੋਕਥਾਮ ਕਾਨੂੰਨ (ਯੂ ਏ ਪੀ ਏ) ਤਹਿਤ ਅੰਮਿ੍ਰਤਸਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਦੂਜੇ ਮਡਿਊਲ ਦੇ 9 ਜਣਿਆਂ ਖਿਲਾਫ ਯੂ ਏ ਪੀ ਏ ਤਹਿਤ ਬਟਾਲਾ ਵਿੱਚ ਕੇਸ ਦਰਜ ਕੀਤਾ ਗਿਆ ਹੈ।