ਨਵੀਂ ਦਿੱਲੀ : ਰਾਹੁਲ ਗਾਂਧੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜੱਫੀਆਂ ਪਾਉਣ ਨਾਲ ਅਮਰੀਕਾ ਵੱਲੋਂ ਵਧਾਏ ਟੈਰਿਫ ਨਾਲ ਪੈਦਾ ਆਰਥਕ ਸੰਕਟ ਨਾਲ ਸਿੱਝਣ ਵਿੱਚ ਕੋਈ ਫਾਇਦਾ ਨਹੀਂ ਹੋਣਾ।
ਦਿੱਲੀ ਕਾਂਗਰਸ ਦੇ ਆਗੂ ਸੰਦੀਪ ਦੀਕਸ਼ਤ ਨਾਲ ਸੰਵਾਦ ਦੌਰਾਨ ਰਾਹੁਲ ਨੇ ਕਿਹਾ ਕਿ ਭਾਰਤ ਇਸ ਵੇਲੇ ਸੱਚਾਈ ਦਾ ਸਾਹਮਣਾ ਕਰਨ ਲਈ ਤਿਆਰ ਨਹੀਂ। ਸੱਚਾਈ ਦਾ ਸਾਹਮਣਾ ਜਿਗਰੇ ਨਾਲ ਕਰਨਾ ਪੈਣਾ।
ਦੇਸ਼ ਵਿੱਚ ਵੱਡੀ ਪੱਧਰ ’ਤੇ ਬੇਰੁਜ਼ਗਾਰੀ ਹੈ, ਸਮੁੱਚਾ ਆਰਥਕ ਸਿਸਟਮ ਫੇਲ੍ਹ ਹੋ ਚੁੱਕਾ ਹੈ। ਅਮਰੀਕੀ ਟੈਰਿਫ ਨੇ ਗੰਭੀਰ ਆਰਥਕ ਸਿੱਟੇ ਕੱਢਣੇ ਹਨ। ਮੋਦੀ ਦੀਆਂ ਟਰੰਪ ਨਾਲ ਜੱਫੀਆਂ ਨਾਲ ਗੱਲ ਨਹੀਂ ਬਣਨੀ। ਉਹ ਸਿਰ ਝੁਕਾ ਕੇ ਅਮਰੀਕਾ ਤੋਂ ਪਰਤੇ। ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ ਤੇ ਇੰਦਰਾ ਗਾਂਧੀ ਨੇ ਇੰਜ ਨਹੀਂ ਸੀ ਕਰਨਾ।
ਕਾਂਗਰਸ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝੇ ਕੀਤੇ ਗਏ ਸੰਵਾਦ ਵਿੱਚ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦਾ ਰਾਹੁਲ ’ਤੇ ਪ੍ਰਭਾਵ ਝਲਕਿਆ ਹੈ। ਇੱਕ ਸਵਾਲ ਦੇ ਜਵਾਬ ਵਿੱਚ ਰਾਹੁਲ ਨੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਆਪੋਜ਼ੀਸ਼ਨ ਦੇ ਆਗੂ ਵਜੋਂ ਲੋਕ ਸਭਾ ਵਿੱਚ ਕਹੀ ਇਸ ਗੱਲ ਨੂੰ ਦੁਹਰਾਇਆ ਕਿ ਭਾਰਤ ਵਿੱਚ ਦੋ ਧਾਰਮਕ ਫਲਸਫੇ ਹਨ। ਸ਼ੈਵ ਫਲਸਫਾ ਪੂਰੀ ਤਰ੍ਹਾਂ ਜਮਹੂਰੀ ਹੈ। ਗੁਰੂ ਨਾਨਕ ਤੇ ਕਬੀਰ ਪੂਰੀ ਤਰ੍ਹਾਂ ਜਮਹੂਰੀ ਸਨ। ਉਹ ਜਾਤ ਸਿਸਟਮ ਵਿੱਚ ਵਿਸ਼ਵਾਸ ਨਹੀਂ ਕਰਦੇ। ਮਹਾਤਮਾ ਗਾਂਧੀ ਤੇ ਅੰਬੇਡਕਰ ਉਨ੍ਹਾਂ ਦੀ ਧਾਰਾ ਦੇ ਸਨ। ਨਹਿਰੂ ਵੀ ਉਨ੍ਹਾਂ ਦੀ ਧਾਰਾ ਦੇ ਸਨ। ਆਪਣੇ ਨੁਕਤੇ ਨੂੰ ਵਿਸਥਾਰ ਦਿੰਦਿਆਂ ਰਾਹੁਲ ਨੇ ਕਿਹਾ ਕਿ ਆਰ ਐੱਸ ਐੱਸ ਦੇ ਤਹਿਤ ਸਿਰਫ ਅਦਾਰਿਆਂ ਨੂੰ ਹੀ ਸੰਕਟ ਦਰਪੇਸ਼ ਨਹੀਂ। ਸਾਡੇ ਸੰਵਿਧਾਨ ਵਿਚਲੇ ਵਿਚਾਰ ਤਿੰਨ ਹਜ਼ਾਰ ਸਾਲ ਪੁਰਾਣੇ ਹਨ। ਸੰਵਿਧਾਨ ਦੀ ਕਿਤਾਬ ਹੀ ਹਮਲੇ ਹੇਠ ਨਹੀਂ। ਉਹ ਫਲਸਫੇ ਹਮਲੇ ਹੇਠ ਹਨ, ਜਿਹੜੇ ਆਰ ਐੱਸ ਐੱਸ ਨੂੰ ਸੂਤ ਨਹੀਂ ਬੈਠਦੇ। ਮਹਾਤਮਾ ਗਾਂਧੀ ਦਾ ਕਤਲ ਇਸ ਕਰਕੇ ਕੀਤਾ ਗਿਆ, ਕਿਉਕਿ ਉਹ ਭਾਰਤੀ ਫਲਸਫਾਈ ਰਵਾਇਤ ਦੀ ਰਾਖੀ ਕਰ ਰਹੇ ਸਨ।
ਰਾਹੁਲ ਨੇ ਅੱਗੇ ਕਿਹਾਅੱਜਕੱਲ੍ਹ ਲੋਕ ਸੱਚ ਨਹੀਂ ਸੁਣਨਾ ਚਾਹੁੰਦੇ, ਪਰ ਕਿਸੇ ਨੂੰ ਤਾਂ ਦੱਸਣਾ ਪੈਣਾ। ਮੈਂ ਬਿਨਾਂ ਡਰ ਦੇ ਸੱਚਾਈ ਦੱਸ ਰਿਹਾ ਹਾਂ।
ਅੱਜ ਦੀ ਸਥਿਤੀ ਤੇ 90 ਸਾਲ ਪਹਿਲਾਂ ਦੀ ਸਥਿਤੀ ਦੀ ਤੁਲਨਾ ਕਰਦਿਆਂ ਰਾਹੁਲ ਨੇ ਕਿਹਾ ਕਿ ਉਦੋਂ ਅੰਗਰੇਜ਼ਾਂ ਅਤੇ ਮਹਾਰਾਜਿਆਂ ਤੇ ਉਨ੍ਹਾਂ ਦੇ ਅਹਿਲਕਾਰਾਂ ਤੇ ਫੌਜਾਂ ਵਿਚਾਲੇ ਭਾਈਵਾਲੀ ਸੀ। ਉਦੋਂ ਲੋਕ ਉਸੇ ਤਰ੍ਹਾਂ ਨਪੀੜੇ ਜਾ ਰਹੇ ਸਨ, ਜਿਵੇਂ ਅੱਜ ਅਡਾਨੀ, ਅੰਬਾਨੀ ਤੇ ਉਨ੍ਹਾਂ ਦੇ ਜੋਟੀਦਾਰਾਂ ਵੱਲੋਂ ਨਪੀੜੇ ਜਾ ਰਹੇ ਹਨ।




