ਝਾਰਖੰਡ ’ਚ ਵਾੜਬੰਦੀ

0
328

ਰਾਂਚੀ : ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਵਿਧਾਨ ਸਭਾ ਮੈਂਬਰੀ ਬਾਰੇ ਬੇਯਕੀਨੀ ਕਾਰਨ ਸੂਬੇ ਵਿਚ ਪੈਦਾ ਹੋਏ ਡੂੰਘੇ ਸਿਆਸੀ ਸੰਕਟ ਦੇ ਮੱਦੇਨਜ਼ਰ ਸੱਤਾਧਾਰੀ ਗਠਜੋੜ ਦੇ ਵਿਧਾਇਕਾਂ ਨੂੰ ਲੈ ਕੇ ਸ਼ਨੀਵਾਰ ਬੱਸਾਂ ਰਾਹੀਂ ਮੁੱਖ ਮੰਤਰੀ ਸੋਰੇਨ ਖੂੰਟੀ ਜ਼ਿਲ੍ਹੇ ਦੇ ਲਤਰਾਤੂ ਡੈਮ ਪਹੁੰਚੇ। ਡੂਮਰਗੜ੍ਹੀ ਗੈੱਸਟ ਹਾਊਸ ’ਚ ਵਿਧਾਇਕਾਂ ਨੂੰ ਠਹਿਰਾਇਆ ਗਿਆ ਹੈ। ਵਿਧਾਇਕਾਂ ਦੀ ਸੁਰੱਖਿਆ ਲਈ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਸਾਰੇ ਵਿਧਾਇਕਾਂ ਦੇ ਫੋਨ ਬੰਦ ਕਰਵਾ ਦਿੱਤੇ ਗਏ ਹਨ। ਸਰਕਾਰ ਡੇਗਣ ਦੀ ਕਿਸੇ ਵੀ ਸਾਜਿਸ਼ ਨੂੰ ਫੇਲ੍ਹ ਕਰਨ ਲਈ ਮੁੱਖ ਮੰਤਰੀ ਸੋਰੇਨ ਵੀ ਵਿਧਾਇਕਾਂ ਦੇ ਨਾਲ ਹੀ ਹਨ। ਵਿਧਾਇਕਾਂ ਦੇ ਨਾਲ ਹੇਮੰਤ ਸੋਰੇਨ ਦੀ ਬੱਸ ਅੰਦਰਲੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ’ਚ ਕਾਂਗਰਸ ਅਤੇ ਝਾਮੁਮੋ ਵਿਧਾਇਕਾਂ ਨਾਲ ਉਹ ਨਜ਼ਰ ਆ ਰਹੇ ਹਨ। ਜਾਣਕਾਰੀ ਮੁਤਾਬਕ ਬੱਸ ’ਚ ਕਾਂਗਰਸ ਅਤੇ ਜੇ ਐੱਮ ਅੱੈਮ ਦੇ 36 ਵਿਧਾਇਕ ਸਵਾਰ ਸਨ। ਲਤਰਾਤੂ ਡੈਮ ’ਚ ਵਿਧਾਇਕਾਂ ਨਾਲ ਮੁੱਖ ਮੰਤਰੀ ਨੇ ਬੋਟਿੰਗ ਦਾ ਲੁਤਫ਼ ਲਿਆ ਤੇ ਉਨ੍ਹਾਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ। ਝਾਰਖੰਡ ਮੁਕਤੀ ਮੋਰਚਾ (ਜੇ ਐੱਮ ਐੱਮ), ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ (ਆਰ ਜੇ ਡੀ) ਦੇ ਵਿਧਾਇਕਾਂ ਦੇ ਨਾਲ ਸੁਰੱਖਿਆ ਕਰਮਚਾਰੀ ਵੀ ਤਿੰਨਾਂ ਬੱਸਾਂ ਵਿੱਚ ਮੌਜੂਦ ਸਨ। ਮੁੱਖ ਮੰਤਰੀ ਹੇਮੰਤ ਸੋਰੇਨ ਦੇ ਨਾਲ-ਨਾਲ ਸੂਬੇ ਦਾ ਸਿਆਸੀ ਭਵਿੱਖ ਚੋਣ ਕਮਿਸ਼ਨ ਦੇ ਫੈਸਲੇ ’ਤੇ ਟਿਕਿਆ ਹੋਇਆ ਹੈ।
ਜ਼ਿਕਰਯੋਗ ਹੈ ਕਿ ਲਾਭ ਦੇ ਅਹੁਦੇ ਮਾਮਲੇ ’ਚ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਰਘੂਵਰ ਦਾਸ ਦੀ ਸ਼ਿਕਾਇਤ ’ਤੇ ਚੋਣ ਕਮਿਸ਼ਨ ਨੇ ਹੇਮੰਤ ਦੀ ਮੈਂਬਰਸ਼ਿਪ ਰੱਦ ਕਰਨ ਦੀ ਸਿਫਾਰਸ਼ ਰਾਜਪਾਲ ਨੂੰ ਕੀਤੀ ਸੀ, ਜਿਸ ’ਤੇ ਸ਼ੁੱਕਰਵਾਰ ਦੇਰ ਸ਼ਾਮ ਰਾਜਪਾਲ ਨੇ ਆਪਣੀ ਸਹਿਮਤੀ ਪ੍ਰਗਟਾ ਦਿੱਤੀ ਹੈ। ਹੁਣ ਇਸ ’ਤੇ ਫਾਈਨਲ ਫੈਸਲਾ ਚੋਣ ਕਮਿਸ਼ਨ ਨੇ ਲੈਣਾ ਹੈ। ਝਾਰਖੰਡ ਦੀ ਵਿਧਾਨ ਸਭਾ ’ਚ ਕੁੱਲ 81 ਸੀਟਾਂ ਹਨ। ਇਸ ’ਚ ਸੋਰੇਨ ਦੇ ਨਾਲ 49 ਵਿਧਾਇਕ ਹਨ। ਇਨ੍ਹਾਂ ’ਚੋਂ 30 ਵਿਧਾਇਕ ਝਾਮੁਮੋ, 18 ਕਾਂਗਰਸ ਅਤੇ ਇੱਕ ਵਿਧਾਇਕ ਰਾਸ਼ਟਰੀ ਜਨਤਾ ਦਲ (ਰਾਜਦ) ਤੋਂ ਹੈ। ਵਿਰੋਧੀ ਭਾਜਪਾ ਕੋਲ ਸਦਨ ’ਚ 26 ਵਿਧਾਇਕ ਹਨ। ਸੱਤਾਧਾਰੀ ਗਠਜੋੜ ਦਾ ਦਾਅਵਾ ਹੈ ਕਿ ਸਰਕਾਰ ਨੂੰ ਕੋਈ ਖ਼ਤਰਾ ਨਹੀਂ।

LEAVE A REPLY

Please enter your comment!
Please enter your name here