ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਕਾਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਵੀਰਵਾਰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਕਰਦੇ ਹੋਏ 48 ਘੰਟੇ ਦਾ ਅਲਟੀਮੇਟਮ ਦਿੱਤਾ ਹੈ ਤੇ ਕਿਹਾ ਹੈ ਕਿ ਜੇਕਰ ਉਹ ਅਹੁਦਾ ਛੱਡਣ ਵਿੱਚ ਅਸਫਲ ਰਹੇ ਤਾਂ ਸੰਗਠਨ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕਰੇਗਾ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੀਪਕੇ ਨੇ ਦੋਸ਼ ਲਾਇਆ ਕਿ ਕੁਮਾਰ ਦੀ ਅਗਵਾਈ ਹੇਠ ਚੋਣ ਕਮਿਸ਼ਨ ਦੇ ਕੰਮਕਾਜ ਨੇ ਵੋਟ ਪਾਉਣ ਦੇ ਅਧਿਕਾਰ ਨੂੰ ਕਮਜ਼ੋਰ ਕੀਤਾ ਹੈ । ਦੀਪਕੇ ਨੇ ਵੋਟਰ ਸੂਚੀਆਂ ਵਿੱਚ ਹੇਰਾਫੇਰੀ ਕਰਨ ਦਾ ਦੋਸ਼ ਲਗਾਇਆ। ਸੀ ਜੇ ਪੀ ਕੁਮਾਰ ਦੇ ਅਸਤੀਫਾ ਦੇਣ ਤੱਕ ਆਪਣਾ ਅੰਦੋਲਨ ਜਾਰੀ ਰੱਖੇਗਾ। ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਗਿਆਨੇਸ਼ ਕੁਮਾਰ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਜੇਕਰ 48 ਘੰਟਿਆਂ ਦੇ ਅੰਦਰ ਗਿਆਨੇਸ਼ ਕੁਮਾਰ ਅਸਤੀਫਾ ਨਹੀਂ ਦਿੰਦੇ ਤਾਂ ਕਾਕਰੋਚ ਜਨਤਾ ਪਾਰਟੀ ਦੇਸ਼ ਵਿਆਪੀ ਅੰਦੋਲਨ ਸ਼ੁਰੂ ਕਰੇਗੀ। ਅਸੀਂ ਉਦੋਂ ਤੱਕ ਪਿੱਛੇ ਨਹੀਂ ਹਟਾਂਗੇ, ਜਦੋਂ ਤੱਕ ਗਿਆਨੇਸ਼ ਕੁਮਾਰ ਅਸਤੀਫਾ ਨਹੀਂ ਦੇ ਦਿੰਦੇ। ਪ੍ਰਸਤਾਵਿਤ ਅੰਦੋਲਨ ਜੂਨ ਵਿੱਚ ਜੰਤਰ-ਮੰਤਰ ‘ਤੇ ਕੀਤੇ ਗਏ ਆਪਣੇ ਵਿਰੋਧ ਪ੍ਰਦਰਸ਼ਨ ਦੀ ਤਰਜ਼ ‘ਤੇ ਹੋਵੇਗਾ। ਦੀਪਕੇ ਦੀ ਇਹ ਮੰਗ ਚੋਣ ਕਮਿਸ਼ਨ ਦੇ ਵੋਟਰ ਸੂਚੀਆਂ ਦੇ ਵਿਸ਼ੇਸ਼ ਤੀਬਰ ਸੋਧ (ਐੱਸ ਆਈ ਆਰ) ‘ਤੇ ਵਿਵਾਦ ਅਤੇ ਇੱਕ ਰਿਪੋਰਟ ਦੇ ਵਿਚਕਾਰ ਆਈ ਹੈ, ਜਿਸ ਵਿਚ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਅਤੇ ਵਿਵੇਕ ਜੋਸ਼ੀ ਨੇ ਪਿਛਲੇ 10 ਮਹੀਨਿਆਂ ਦੌਰਾਨ ਐੱਸ ਆਈ ਆਰ ਦੇ ਕਈ ਪਹਿਲੂਆਂ ‘ਤੇ ਇਤਰਾਜ਼ ਉਠਾਏ ਸਨ। ਦੋਵਾਂ ਚੋਣ ਕਮਿਸ਼ਨਰਾਂ ਨੇ ਵੋਟਰ ਜੋੜਨ, ਹਟਾਉਣ ਅਤੇ ਬਹਾਲ ਕਰਨ, ਫਾਰਮ 6 ਵਿੱਚ ਬਦਲਾਅ ਕਰਨ ਅਤੇ ਵੋਟਰ-ਰੋਲ ਡੇਟਾ ਦੇ ਪ੍ਰਬੰਧਨ ਦੇ ਪਹਿਲੂਆਂ ਸਮੇਤ ਮੁੱਦਿਆਂ ‘ਤੇ 14 ਵਾਰ ਇਤਰਾਜ਼ ਕੀਤਾ ਸੀ। ਹਾਲਾਂ ਕਿ ਤਿੰਨਾਂ ਕਮਿਸ਼ਨਰਾਂ ਦੁਆਰਾ ਦਸਤਖਤ ਕੀਤੇ ਇੱਕ ਬਿਆਨ ਵਿੱਚ, ਚੋਣ ਕਮਿਸ਼ਨ ਨੇ ਕਿਹਾ ਕਿ ਵੱਖੋ-ਵੱਖਰੇ ਵਿਚਾਰ, ਲਿਖਤੀ ਨੋਟ ਅਤੇ ਅੰਦਰੂਨੀ ਜਾਂਚ ਵਿਚਾਰ-ਵਟਾਂਦਰੇ ਦਾ ਇੱਕ ਆਮ ਹਿੱਸਾ ਸਨ ਅਤੇ ਐੱਸ ਆਈ ਆਰ ਨਾਲ ਸੰਬੰਧਤ ਫੈਸਲੇ ਸਰਬਸੰਮਤੀ ਨਾਲ ਲਏ ਗਏ ਸਨ।
ਦੀਪਕੇ ਨੇ ਕੁਮਾਰ ‘ਤੇ ਭਾਰਤ ਦੇ ਲੋਕਤੰਤਰ ਲਈ ਖ਼ਤਰਾ ਪੈਦਾ ਕਰਨ ਦਾ ਦੋਸ਼ ਲਗਾਇਆ ਕਿ ਉਨ੍ਹਾਂ ਦੇ ਅਧੀਨ ਚੋਣ ਕਮਿਸ਼ਨ ਨੇ ਸਰਕਾਰ ਨੂੰ ਇਹ ਫੈਸਲਾ ਕਰਨ ਦੀ ਪ੍ਰਭਾਵਸ਼ਾਲੀ ਢੰਗ ਨਾਲ ਇਜਾਜ਼ਤ ਦਿੱਤੀ ਸੀ ਕਿ ਕਿਸ ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਉਹਨਾ ਕਿਹਾ ਕਿ ਗਿਆਨੇਸ਼ ਕੁਮਾਰ ਦੇਸ਼ ਦਾ ਸਭ ਤੋਂ ਵੱਡਾ ਰਾਸ਼ਟਰ ਵਿਰੋਧੀ ਹੈ। ਉਸ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ, ਕਿਉਂਕਿ ਉਹ ਭਾਰਤ ਦੇ ਲੋਕਤੰਤਰ ਲਈ ਸਭ ਤੋਂ ਵੱਡਾ ਖ਼ਤਰਾ ਹੈ। ਉਨ੍ਹਾ ਕਿਹਾ ਕਿ ਲੋਕਤੰਤਰ ਦਾ ਅਰਥ ਹੈ ਕਿ ਲੋਕ ਸਰਕਾਰ ਚੁਣਨਗੇ, ਗਿਆਨੇਸ਼ ਕੁਮਾਰ ਦੇ ਮੁੱਖ ਚੋਣ ਕਮਿਸ਼ਨਰ ਬਣਨ ਤੋਂ ਬਾਅਦ ਸਰਕਾਰ ਇਹ ਫੈਸਲਾ ਕਰ ਰਹੀ ਹੈ ਕਿ ਕਿਸ ਨੂੰ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਕਿਸ ਨੂੰ ਨਹੀਂ। ਕੀ ਇਹ ਲੋਕਤੰਤਰ ਹੈ? ਇਹ ਲੋਕਤੰਤਰ ਦੀ ਕਿਸ ਤਰ੍ਹਾਂ ਦੀ ਪਰਿਭਾਸ਼ਾ ਹੈ? ਤੁਸੀਂ ਲੋਕਤੰਤਰ ਦੀ ਪੂਰੀ ਧਾਰਨਾ ਨੂੰ ਉਲਟਾ ਦਿੱਤਾ ਹੈ। ਦੀਪਕੇ ਨੇ ਦੋਸ਼ ਲਗਾਇਆ ਕਿ 13 ਕਰੋੜ ਤੋਂ ਵੱਧ ਵੋਟਾਂ ਮਿਟਾ ਦਿੱਤੀਆਂ ਗਈਆਂ ਹਨ, ਇਹ ਸਵਾਲ ਕਰਦੇ ਹੋਏ ਕਿ ਕੀ ਮਿਟਾ ਦੇਣ ਦਾ ਉਦੇਸ਼ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਵਿਚਕਾਰ ਪਾੜਾ ਵਧਾਉਣਾ ਸੀ। ਕੁੱਲ ਮਿਲਾ ਕੇ 13 ਕਰੋੜ ਤੋਂ ਵੱਧ ਵੋਟਾਂ ਡਿਲੀਟ ਕੀਤੀਆਂ ਗਈਆਂ ਹਨ। ਇਹ ਕੋਈ ਛੋਟੀ ਗਿਣਤੀ ਨਹੀਂ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿੱਚ, ਵਿਰੋਧੀ ਧਿਰ ਅਤੇ ਸੱਤਾਧਾਰੀ ਪਾਰਟੀ (ਐੱਨ ਡੀ ਏ) ਵਿਚਕਾਰ ਫਰਕ ਸਿਰਫ਼ 2% ਸੀ। 13 ਕਰੋੜ ਵੋਟਾਂ ਡਿਲੀਟ ਕਰਨਾ ਕੁੱਲ ਵੋਟਾਂ ਦੇ ਲਗਭਗ 13% ਤੋਂ 14% ਡਿਲੀਟ ਕਰਨ ਦੇ ਬਰਾਬਰ ਹੈ। ਉਸ ਨੇ ਦੋਸ਼ ਲਗਾਇਆ ਕਿ ਵੋਟਰਾਂ ਨੂੰ ਡਿਲੀਟ ਕਰਨ ਨਾਲ ਵਿਰੋਧੀ ਆਗੂਆਂ ਅਤੇ ਪਾਰਟੀਆਂ ‘ਤੇ ਅਸਰ ਪਿਆ ਹੈ। ਉਨ੍ਹਾ ਮਮਤਾ ਬੈਨਰਜੀ, ਐਮ ਕੇ ਸਟਾਲਿਨ, ਅਰਵਿੰਦ ਕੇਜਰੀਵਾਲ ਅਤੇ ਪਿਨਾਰਾਈ ਵਿਜਯਨ ਦਾ ਹਵਾਲਾ ਦਿੱਤਾ। ਦੀਪਕੇ ਨੇ ਕਿਹਾ, ‘2024 ਦੀਆਂ ਚੋਣਾਂ ਵਿੱਚ ਭਾਜਪਾ ਬਹੁਮਤ ਹਾਸਲ ਕਰਨ ਵਿੱਚ ਅਸਫਲ ਰਹੀ। ਜਦੋਂ ਉਹ ਉਸ ਬਹੁਮਤ ਤੋਂ ਘੱਟ ਰਹਿ ਗਏ ਤਾਂ ਘਬਰਾਹਟ ਦਾ ਬਟਨ ਦਬਾ ਦਿੱਤਾ ਗਿਆ।’ 400 ਪਾਰ ਦਾ ਨਾਅਰਾ ਦੇਣ ਤੋਂ ਬਾਅਦ ਉਹ 240 ਸੀਟਾਂ ‘ਤੇ ਆ ਗਏ। ਉਸ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਦੇਸ਼ ਦਾ ਮੂਡ ਬਦਲ ਰਿਹਾ ਹੈ ਅਤੇ ਖੇਤਰੀ ਤਾਕਤਾਂ ਬਹੁਤ ਮਜ਼ਬੂਤੀ ਨਾਲ ਉਭਰ ਰਹੀਆਂ ਹਨ।




