ਚੰਡੀਗੜ੍ਹ (ਗੁਰਜੀਤ ਬਿੱਲਾ)
ਆਮ ਆਦਮੀ ਪਾਰਟੀ ਨੇ ਛਾਪੇਮਾਰੀ ਖਿਲਾਫ ਮੁਹਾਲੀ ਵਿਖੇ ਵੀਰਵਾਰ ਗਮਾਡਾ ਦਫ਼ਤਰ ਦੇ ਬਾਹਰ ਈ ਡੀ ਦੀਆਂ ਟੀਮਾਂ ਦਾ ਘੇਰਾਓ ਕੀਤਾ ਅਤੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।’ਆਪ’ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੀ ਅਗਵਾਈ ਵਿੱਚ ਹੋਏ ਇਸ ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿੱਚ ਆਪ ਵਰਕਰ ਸ਼ਾਮਲ ਹੋਏ।ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਵਿੱਚ ਚੋਣਾਂ ਦਾ ਦੌਰ ਚੱਲ ਰਹਾ ਹੈ, ਪਰ ਭਾਜਪਾ ਨੇ ਈ ਡੀ ਦਾ ਦੌਰ ਜ਼ਿਆਦਾ ਵਧਾ ਦਿੱਤਾ ਹੈ, ਕਿਉਂਕਿ ਇਹ ਸਾਨੂੰ ਦਬਾਉਣਾ ਅਤੇ ਸਾਡੇ ‘ਤੇ ਦਬਾਅ ਬਣਾਉਣਾ ਚਾਹੁੰਦੇ ਹਨ।ਇਹਨਾਂ ਨੂੰ ਲੱਗਦਾ ਹੈ ਕਿ ਇਹ ਨੂੰ ਜਿੰਨਾ ਪ੍ਰੇਸ਼ਾਨ ਕਰਨਗੇ, ਉਨ੍ਹਾਂ ਸਾਡਾ ਧਿਆਨ ਇਸ ਪਾਸੇ ਆਵੇਗਾ ਅਤੇ ਪ੍ਰਚਾਰ ਤੋਂ ਧਿਆਨ ਘੱਟ ਜਾਵੇਗਾ।ਦਿੱਲੀ ਵਿੱਚ ਵੀ ਇਹਨਾਂ ਨੇ ਚੋਣਾਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹੀ ਕੰਮ ਹੁਣ ਇੱਥੇ ਕਰ ਰਹੇ ਹਨ ਕਿ ਜਿਵੇਂ ਦਿੱਲੀ ‘ਚ ਚੋਣਾਂ ਜਿੱਤੀਆਂ ਸਨ, ਉਵੇਂ ਇੱਥੇ ਵੀ ਜਿੱਤ ਲੈਣਗੇ।ਉਨ੍ਹਾ ਕਿਹਾ ਕਿ ਚੋਣਾਂ ਤੋਂ ਪਹਿਲਾਂ ਈ ਡੀ ਦੀ ਇਹ ਲਗਾਤਾਰ ਕਾਰਵਾਈ ਪ੍ਰਧਾਨ ਮੰਤਰੀ ਨਰੋਦਰ ਮੋਦੀ ਦੀ ਬੁਖਲਾਹਟ ਦੀ ਨਿਸ਼ਾਨੀ ਹੈ।ਉਨ੍ਹਾ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕ ਅਤੇ ‘ਆਪ’ ਵਰਕਰ ਭਾਜਪਾ ਦੀ ਇਸ ਧੱਕੇਸ਼ਾਹੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ।
‘ਆਪ’ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ, ”ਅੱਜਕੱਲ੍ਹ ਦਿੱਲੀ ਵਿੱਚ ਬੈਠੇ ਤਾਨਾਸ਼ਾਹ ਨਰਿੰਦਰ ਮੋਦੀ ਨੇ ਪੰਜਾਬ ਵਿਰੁੱਧ ਜੰਗ ਛੇੜੀ ਹੋਈ ਹੈ। ਪੰਜਾਬ ਵਿਰੁੱਧ ਇਸ ਜੰਗ ਵਿੱਚ ਉਨ੍ਹਾ ਦਿੱਲੀ ਤੋਂ ਕੁਝ ਖਾਸ ਕਿਸਮ ਦੇ ਡਾਕੂ ਭੇਜੇ ਹਨ। ਅਧਿਕਾਰਤ ਤੌਰ ‘ਤੇ ਉਨ੍ਹਾਂ ਦਾ ਨਾਂਅ ਐਨਫੋਰਸਮੈਂਟ ਡਾਇਰੈਕਟੋਰੇਟ ਹੈ, ਪਰ ਅਸਲ ਵਿੱਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਦਿਹਾੜੀਦਾਰ ਡਾਕੂ’ ਹਨ। ਦਿੱਲੀ ਵਿੱਚ ਬੈਠੇ ਤਾਨਾਸ਼ਾਹ ਦਾ ਇੱਕੋ-ਇੱਕ ਮਕਸਦ ਪੰਜਾਬ ਵਿਰੁੱਧ ਇਸ ਜੰਗ ਨੂੰ ਅੱਗੇ ਵਧਾਉਣਾ ਅਤੇ ਪੰਜਾਬ ਨੂੰ ਪ੍ਰੇਸ਼ਾਨ ਕਰਦੇ ਰਹਿਣਾ ਹੈ। ਜਿਵੇਂ-ਜਿਵੇਂ ਪੰਜਾਬ ਚੋਣਾਂ ਨੇੜੇ ਆ ਰਹੀਆਂ ਹਨ, ਦਿੱਲੀ ਵਿੱਚ ਬੈਠੇ ਤਾਨਾਸ਼ਾਹ ਨੇ ਸਭ ਤੋਂ ਪਹਿਲਾਂ ਆਪਣੇ ਕਮਾਂਡਰ, ਆਪਣੀ ਪਾਰਟੀ ਦੇ ਪ੍ਰਧਾਨ ਨੂੰ ਯਾਤਰਾ ਕੱਢਣ ਲਈ ਪੰਜਾਬ ਭੇਜਿਆ, ਪਰ ਉਨ੍ਹਾਂ ਦੀ ਯਾਤਰਾ ਨੂੰ ਪੰਜਾਬ ਦੇ ਲੋਕਾਂ ਵੱਲੋਂ ਜਿਸ ਤਰ੍ਹਾਂ ਦਾ ਹੁੰਗਾਰਾ ਮਿਲਿਆ, ਉਸ ਤੋਂ ਇਹ ਸਾਫ਼ ਸੀ ਕਿ ਚਾਰ-ਪੰਜ ਵਿਧਾਨ ਸਭਾ ਹਲਕੇ ਮਿਲ ਕੇ ਵੀ 400 ਲੋਕ ਇਕੱਠੇ ਨਹੀਂ ਕਰ ਸਕੇ।”
‘ਆਪ’ ਦੇ ਸੀਨੀਅਰ ਨੇਤਾ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਈ ਡੀ ਦੀ ਕਾਰਵਾਈ ਨੇ ਪੂਰੇ ਪੰਜਾਬ ਵਿੱਚ ਤਿੰਨ ਦਿਨਾਂ ਤੋਂ ਸਰਕਾਰੀ ਕੰਮਕਾਜ ਨੂੰ ਪ੍ਰਭਾਵਤ ਕੀਤਾ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਅਸੁਵਿਧਾ ਹੋਈ ਹੈ, ਜਦੋਂ ਕਿ ਛਾਪੇਮਾਰੀ ਵਿੱਚ ਕੁਝ ਵੀ ਹਾਸਲ ਨਹੀਂ ਹੋਇਆ।ਉਨ੍ਹਾ ਕਿਹਾ ਕਿ ਮੋਦੀ ਸਰਕਾਰ ਵੱਲੋਂ ਵਿਰੋਧੀ ਪਾਰਟੀਆਂ ਵਾਲੀਆਂ ਸਰਕਾਰਾਂ ਦੇ ਰਾਜਾਂ ਖ਼ਿਲਾਫ਼ ਈ ਡੀ, ਇਨਕਮ ਟੈਕਸ ਵਿਭਾਗ ਅਤੇ ਚੋਣ ਕਮਿਸ਼ਨ ਦੀ ਵਰਤੋਂ ਕਰਨਾ ਉਸ ਦਾ ਟਰੇਡਮਾਰਕ ਬਣ ਗਿਆ ਹੈ, ਪਰ ਪੰਜਾਬ ਡਰਨ ਵਾਲਾ ਨਹੀਂ ਹੈ ਅਤੇ ਤਿੰਨ ਕਰੋੜ ਪੰਜਾਬੀ ਭਾਜਪਾ ਨੂੰ ਲੋਕਤੰਤਰਿਕ ਤਰੀਕੇ ਨਾਲ ਜਵਾਬ ਦੇਣਗੇ।ਇੱਕ ਬਿਆਨ ਵਿੱਚ ‘ਆਪ’ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇਹ ਮਹਿਸੂਸ ਕਰਨ ਤੋਂ ਬਾਅਦ ਕਿ ਪੰਜਾਬ ਨੇ ਭਾਜਪਾ ਨੂੰ ਨਕਾਰ ਦਿੱਤਾ ਹੈ, ਹੁਣ ਪੰਜਾਬੀਆਂ ਨੂੰ ਪ੍ਰੇਸ਼ਾਨ ਕਰਕੇ ਬਦਲਾ ਲੈਣ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੇ ਹਨ। ਪਾਰਟੀ ਨੇ ਕਿਹਾ ਕਿ ਤਲਾਸ਼ੀ ਦੇ ਨਾਂਅ ‘ਤੇ ਕੋਈ ਏਜੰਸੀ ਸਰਕਾਰੀ ਅਥਾਰਟੀ ਦੇ ਕੰਮਕਾਜ ਨੂੰ ਕਿਵੇਂ ਠੱਪ ਕਰ ਸਕਦੀ ਹੈ? ਈ ਡੀ ਦਾ ਅਪ੍ਰੇਸ਼ਨ 36 ਘੰਟਿਆਂ ਤੋਂ ਵੱਧ ਸਮੇਂ ਤੱਕ ਜਾਰੀ ਰਿਹਾ, ਜਿਸ ਦਾ ਸਿੱਧਾ ਅਸਰ ਗਮਾਡਾ ਦੇ ਕੰਮਕਾਜ ‘ਤੇ ਪਿਆ।ਇਹ ਭਾਰਤ ਦੇ ਇਤਿਹਾਸ ਵਿੱਚ ਸਰਕਾਰੀ ਪ੍ਰਸ਼ਾਸਨ ਵਿੱਚ ਇੱਕ ਗੈਰ-ਸੰਵਿਧਾਨਕ ਅਤੇ ਅਣਸੁਖਾਵੀਂ ਦਖਲਅੰਦਾਜ਼ੀ ਹੈ।
ਚੀਮਾ ਨੇ ਕਿਹਾ, ‘ਪਿਛਲੇ ਦੋ-ਤਿੰਨ ਦਿਨਾਂ ਦੌਰਾਨ ਅਧਿਕਾਰੀਆਂ ਨੇ ਤਾਲੇ ਤੋੜ ਕੇ ਬੰਦ ਅਤੇ ਖਾਲੀ ਘਰਾਂ ਵਿੱਚ ਵੀ ਪ੍ਰਵੇਸ਼ ਕੀਤਾ ਹੈ, ਪਰ ਇਹਨਾਂ ਥਾਵਾਂ ਤੋਂ ਕੁਝ ਵੀ ਬਰਾਮਦ ਨਹੀਂ ਹੋਇਆ।ਜੇਕਰ ਕੁਝ ਨਹੀਂ ਮਿਲਿਆ ਤਾਂ ਬੰਦ ਘਰਾਂ ਦੇ ਤਾਲੇ ਤੋੜਨ ਦਾ ਕੀ ਮਕਸਦ ਸੀ?” ਉਨ੍ਹਾ ਕਿਹਾ ਕਿ ਤਲਾਸ਼ੀ ਦੌਰਾਨ ਅਧਿਕਾਰੀਆਂ ਦੇ ਰਵੱਈਏ ਨੇ ਵੀ ਗੰਭੀਰ ਚਿੰਤਾਵਾਂ ਖੜ੍ਹੀਆਂ ਕੀਤੀਆਂ ਹਨ।’ ਉਨ੍ਹਾ ਕਿਹਾ—ਆਪ ਮੰਤਰੀ ਦੇ ਇੱਕ ਰਿਸ਼ਤੇਦਾਰ ਦੇ ਘਰ ਛਾਪੇਮਾਰੀ ਦੌਰਾਨ ਈ ਡੀ ਅਧਿਕਾਰੀਆਂ ਨੇ ਬੱਚਿਆਂ ਅਤੇ ਬਜ਼ੁਰਗ ਪਰਵਾਰਕ ਮੈਂਬਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ।ਕੀ ਕੇਂਦਰੀ ਜਾਂਚ ਏਜੰਸੀ ਦਾ ਕੰਮ ਕਰਨ ਦਾ ਇਹ ਤਰੀਕਾ ਹੈ? ਅਜਿਹੇ ਦਬਾਅ ਦੀਆਂ ਰਣਨੀਤੀਆਂ ਦੀ ਵਰਤੋਂ ਪੰਜਾਬ ਦੇ ਲੋਕਾਂ ਨੂੰ ਡਰਾ ਨਹੀਂ ਸਕਦੀ।”
‘ਆਪ’ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਅਜਿਹਾ ਦੌਰ ਪਹਿਲਾਂ ਕਦੇ ਨਹੀਂ ਦੇਖਿਆ ਗਿਆ, ਜਿੱਥੇ ਰਾਜਨੀਤਕ ਵਿਰੋਧੀਆਂ ਵਿਰੁੱਧ ਕੇਂਦਰੀ ਏਜੰਸੀਆਂ ਦੀ ਇਸ ਹੱਦ ਤੱਕ ਨੰਗੀ ਵਰਤੋਂ ਕੀਤੀ ਜਾ ਰਹੀ ਹੋਵੇ।ਉਨ੍ਹਾ ਕਿਹਾ ਕਿ ਇਹ ਮਹਿਜ਼ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਈ ਡੀ ਦਾ ਛਾਪਾ ਨਹੀਂ ਹੈ, ਸਗੋਂ ਇਹ ‘ਦਿੱਲੀ ਦਾ ਪੰਜਾਬ ‘ਤੇ ਹਮਲਾ’ ਹੈ।ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕਿਸੇ ਬਾਹਰੀ ਤਾਕਤ ਨੇ ਪੰਜਾਬ ਨੂੰ ਦਬਾਉਣ ਜਾਂ ਝੁਕਾਉਣ ਦੀ ਕੋਸ਼ਿਸ਼ ਕੀਤੀ ਹੈ, ਪੰਜਾਬੀਆਂ ਨੇ ਹਮੇਸ਼ਾ ਉਸ ਦਾ ਡਟ ਕੇ ਮੁਕਾਬਲਾ ਕੀਤਾ ਹੈ।ਭਾਜਪਾ ਇਹ ਭੁੱਲ ਰਹੀ ਹੈ ਕਿ ਨਾ ਤਾਂ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਨਾ ਹੀ ਪੰਜਾਬ ਦੇ ਲੋਕ ਉਨ੍ਹਾਂ ਦੀਆਂ ਅਜਿਹੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲੇ ਹਨ।ਭਾਜਪਾ ਦੀ ਹਾਲੀਆ ‘ਨਸ਼ਾ ਮੁਕਤ ਪੰਜਾਬ ਯਾਤਰਾ’ ‘ਤੇ ਤਨਜ਼ ਕੱਸਦਿਆਂ ਧਾਲੀਵਾਲ ਨੇ ਕਿਹਾ ਕਿ ਇਸ ਯਾਤਰਾ ਨੂੰ ਪੰਜਾਬ ਦੇ ਲੋਕਾਂ ਵੱਲੋਂ ਨਕਾਰ ਦਿੱਤੇ ਜਾਣ ਨਾਲ ਭਾਜਪਾ ਦੇ ਦਾਅਵਿਆਂ ਦੀ ਹਵਾ ਨਿਕਲ ਚੁੱਕੀ ਹੈ।ਉਨ੍ਹਾ ਸਵਾਲ ਕੀਤਾ ਕਿ ਜੋ ਭਾਜਪਾ ਪੰਜਾਬ ਵਿੱਚ ਨਸ਼ਾ ਮੁਕਤੀ ਦੇ ਡਰਾਮੇ ਕਰ ਰਹੀ ਹੈ, ਉਹ ਗੁਜਰਾਤ ਵੱਲ ਧਿਆਨ ਕਿਉਂ ਨਹੀਂ ਦਿੰਦੀ, ਜਿੱਥੇ ਆਏ ਦਿਨ ਹਜ਼ਾਰਾਂ ਕਰੋੜ ਰੁਪਏ ਦੇ ਨਸ਼ੇ ਫੜੇ ਜਾ ਰਹੇ ਹਨ।




