26.2 C
Jalandhar
Saturday, September 7, 2024
spot_img

ਪੰਜਾਬ ਸਰਕਾਰ ਵੱਲੋਂ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂਆਂ ਦਾ ਸਨਮਾਨ

ਚੰਡੀਗੜ੍ਹ (ਗੁਰਜੀਤ ਬਿੱਲਾ)
ਮੁੱਖ ਮੰਤਰੀ ਭਗਵੰਤ ਮਾਨ ਨੇ ਬਰਮਿੰਘਮ ਵਿਖੇ ਹਾਲ ਹੀ ’ਚ ਹੋਈਆਂ ਰਾਸ਼ਟਰਮੰਡਲ ਖੇਡਾਂ ’ਚ ਹਿੱਸਾ ਲੈਣ ਵਾਲੇ ਪੰਜਾਬ ਦੇ 23 ਖਿਡਾਰੀਆਂ ਨੂੰ ਸ਼ਨੀਵਾਰ 9.30 ਕਰੋੜ ਰੁਪਏ ਦੇ ਨਗਦ ਇਨਾਮਾਂ ਨਾਲ ਸਨਮਾਨਤ ਕੀਤਾ। ਮੁੱਖ ਮੰਤਰੀ ਦੀ ਇਸ ਪਹਿਲਕਦਮੀ ਨਾਲ ਪੰਜਾਬ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਦੇ ਖਿਡਾਰੀਆਂ ਦਾ ਸਨਮਾਨ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਇੱਥੇ ਮਿਊਂਸਪਲ ਭਵਨ ਵਿਖੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, ‘ਇਹ ਸਾਡੀ ਸਰਕਾਰ ਵੱਲੋਂ ਦੇਸ਼ ਦਾ ਨਾਂਅ ਰੌਸ਼ਨ ਕਰਨ ਲਈ ਤੁਹਾਡੇ ਵੱਲੋਂ ਕੀਤੀ ਗਈ ਕਰੜੀ ਮਿਹਨਤ ਦੇ ਸਤਿਕਾਰ ਵਿਚ ਇਕ ਨਿਮਾਣਾ ਜਿਹਾ ਉਪਰਾਲਾ ਹੈ।’
ਖਿਡਾਰੀਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਖੇਡਾਂ ਦੇ ਖੇਤਰ ’ਚ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਲਈ ਸੂਬਾ ਸਰਕਾਰ ਦੀ ਦਿ੍ਰੜ੍ਹ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾ ਕਿਹਾ ਕਿ ਇਸ ਬਾਰੇ ਸੂਬੇ ਵੱਲੋਂ ਪਹਿਲਾਂ ਹੀ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਖਿਡਾਰੀਆਂ ਨੂੰ ਨਗਦ ਇਨਾਮਾਂ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ, ਤਾਂ ਜੋ ਉਨ੍ਹਾਂ ਨੂੰ ਅਤੇ ਹੋਰ ਉਭਰਦੇ ਖਿਡਾਰੀਆਂ ਨੂੰ ਖੇਡਾਂ ’ਚ ਮੱਲਾਂ ਮਾਰਨ ਲਈ ਉਤਸ਼ਾਹਤ ਕੀਤਾ ਜਾ ਸਕੇ।
ਮੁੱਖ ਮੰਤਰੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਸੂਬਾ ਸਰਕਾਰ ਨੇ ਪਿੰਡ ਪੱਧਰ ’ਤੇ ਨਵੇਂ ਸਟੇਡੀਅਮ ਬਣਾਉਣ ਲਈ ਪਹਿਲਾਂ ਹੀ ਖੇਡਾਂ ਦੇ ਬਜਟ ਵਿੱਚ ਵਾਧਾ ਕੀਤਾ, ਜਿੱਥੋਂ ਕੁਦਰਤੀ ਤੌਰ ਉਤੇ ਪ੍ਰਤਿਭਾ ਪੈਦਾ ਹੁੰਦੀ ਹੈ, ਪਰ ਦੁੱਖ ਇਸ ਗੱਲ ਦਾ ਹੈ ਕਿ ਹੁਣ ਤੱਕ ਇਸ ਨੂੰ ਨਜ਼ਰਅੰਦਾਜ਼ ਕੀਤਾ ਗਿਆ ਸੀ। 29 ਅਗਸਤ ਤੋਂ ਸ਼ੁਰੂ ਹੋ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਬਾਰੇ ਗੱਲ ਕਰਦਿਆਂ ਉਨ੍ਹਾ ਉਮੀਦ ਪ੍ਰਗਟਾਈ ਕਿ ਇਹ ਖੇਡਾਂ ਖਿਡਾਰੀਆਂ ਦੀ ਬੇਅੰਤ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲਿਜਾ ਕੇ ਸੂਬੇ ਵਿੱਚ ਖੇਡ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਦੇਣਗੀਆਂ।
ਮੁੱਖ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਕੂਲਾਂ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸੂਬਾ ਸਰਕਾਰ ਡੀ ਪੀ ਅਤੇ ਪੀ ਟੀ ਆਈ ਅਧਿਆਪਕਾਂ ਦੀ ਭਰਤੀ ਜੰਗੀ ਪੱਧਰ ’ਤੇ ਕਰ ਰਹੀ ਹੈ। ਖਿਡਾਰੀਆਂ ਨਾਲ ਆਪਣੇ ਤਜਰਬੇ ਸਾਂਝੇ ਕਰਦਿਆਂ ਭਗਵੰਤ ਮਾਨ ਨੇ ਖੇਡਾਂ ਪ੍ਰਤੀ ਪਿਆਰ ਦਾ ਵੀ ਖੁਲਾਸਾ ਕੀਤਾ ਅਤੇ ਦੱਸਿਆ ਕਿ ਹਾਕੀ ਨਾਲ ਪਿਆਰ ਉਨ੍ਹਾ ਨੂੰ ਆਪਣੇ ਪਿਤਾ ਤੋਂ ਵਿਰਸੇ ਵਿੱਚ ਮਿਲਿਆ ਹੈ।
ਮੁੱਖ ਮੰਤਰੀ ਨੇ ਖ਼ਾਸ ਤੌਰ ਉਤੇ ਕਿ੍ਰਕਟ ਖਿਡਾਰੀ ਹਰਲੀਨ ਦਿਓਲ ਦੇ ਇੰਗਲੈਂਡ ਖ਼ਿਲਾਫ਼ ਕੀਤੇ ਬੇਮਿਸਾਲ ਕੈਚ ਨੂੰ ਚੇਤੇ ਕੀਤਾ ਅਤੇ ਮਹਿਲਾ ਕਿ੍ਰਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਵਿਸ਼ੇਸ਼ ਤੌਰ ਉਤੇ ਮੁਬਾਰਕਬਾਦ ਦਿੱਤੀ। ਉਨ੍ਹਾ ਕਿਹਾ ਕਿ ਖੇਡਾਂ ਦੇ ਖੇਤਰ ਦੇ ਇਨ੍ਹਾਂ ਚਮਕਦੇ ਸਿਤਾਰਿਆਂ ਦੀ ਹਾਜ਼ਰੀ ਮਾਨਣਾ ਮੇਰੇ ਲਈ ਮਾਣ ਵਾਲੀ ਗੱਲ ਹੈ। ਮਾਨ ਨੇ ਦਿ੍ਰੜ੍ਹਤਾ ਨਾਲ ਆਖਿਆ ਕਿ ਪੰਜਾਬ ਪੁਲਸ ਦੀ ਹਾਕੀ ਟੀਮ, ਜੇ ਸੀ ਟੀ ਫਗਵਾੜਾ ਤੇ ਰੇਲ ਕੋਚ ਫੈਕਟਰੀ ਦੀਆਂ ਫੁਟਬਾਲ ਟੀਮਾਂ ਨੂੰ ਸੁਰਜੀਤ ਕਰਨ ਲਈ ਜੰਗੀ ਪੱਧਰ ਉਤੇ ਕੋਸ਼ਿਸ਼ਾਂ ਜਾਰੀ ਹਨ।
ਉਹਨਾ ਕਿਹਾ ਕਿ ਬਰਮਿੰਘਮ ਖੇਡਾਂ ਵਿੱਚ ਪੰਜਾਬ ਦੇ 23 ਖਿਡਾਰੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚੋਂ 19 ਖਿਡਾਰੀਆਂ ਨੇ ਚਾਂਦੀ ਅਤੇ ਚਾਰ ਕਾਂਸੀ ਦੇ ਤਗਮੇ ਜਿੱਤੇ। ਉਨ੍ਹਾਂ ਵੇਟਲਿਫਟਰ ਵਿਕਾਸ ਠਾਕੁਰ, ਹਾਕੀ ਖਿਡਾਰੀਆਂ ਮਨਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਆਕਾਸ਼ਦੀਪ ਸਿੰਘ, ਮਨਦੀਪ ਸਿੰਘ, ਗੁਰਜੰਟ ਸਿੰਘ, ਹਾਰਦਿਕ ਸਿੰਘ, ਵਰੁਨ ਕੁਮਾਰ, ਕਿ੍ਰਸ਼ਨ ਪਾਠਕ, ਸਮਸ਼ੇਰ ਸਿੰਘ, ਜਰਮਨਜੀਤ ਸਿੰਘ ਤੇ ਜੁਗਰਾਜ ਸਿੰਘ ਅਤੇ ਮਹਿਲਾ ਕਿ੍ਰਕਟਰਾਂ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਤੇ ਤਾਨੀਆ ਭਾਟੀਆ, ਵੇਟ ਲਿਫਟਰ ਹਰਜਿੰਦਰ ਕੌਰ, ਲਵਪ੍ਰੀਤ ਸਿੰਘ ਤੇ ਗੁਰਦੀਪ ਸਿੰਘ, ਮਹਿਲਾ ਹਾਕੀ ਖਿਡਾਰੀ ਗੁਰਜੀਤ ਕੌਰ ਨੂੰ ਨਕਦ ਇਨਾਮ ਦਿੱਤੇ। ਇਸ ਤੋਂ ਇਲਾਵਾ ਜੂਡੋ ਖਿਡਾਰੀ ਜਸਲੀਨ ਸੈਣੀ, ਅਥਲੀਟ ਨਵਜੀਤ ਕੌਰ ਢਿੱਲੋਂ, ਸਾਈਕਲਿਸਟ ਨਮਨ ਕਪਿਲ ਤੇ ਵਿਸ਼ਵਾਜੀਤ ਸਿੰਘ ਦਾ ਵੀ ਨਕਦ ਇਨਾਮ ਨਾਲ ਸਨਮਾਨ ਕੀਤਾ ਗਿਆ। ਇਸ ਦੌਰਾਨ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਖੇਡਾਂ ਦਾ ਬਜਟ 56 ਫੀਸਦੀ ਵਧਾਇਆ ਗਿਆ ਹੈ ਅਤੇ ਖਿਡਾਰੀਆਂ ਲਈ ਹੋਰ ਸਹਾਇਕ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾ ਦੱਸਿਆ ਕਿ ਮੁੱਖ ਮੰਤਰੀ 29 ਅਗਸਤ ਨੂੰ ਜਲੰਧਰ ਵਿਖੇ ਵਾਲੀਬਾਲ ਖੇਡ ਕੇ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਆਗਾਜ਼ ਕਰਨਗੇ। ਇਸ ਮੌਕੇ ਪ੍ਰਮੁੱਖ ਸਕੱਤਰ ਖੇਡਾਂ ਰਾਜ ਕਮਲ ਚੌਧਰੀ, ਡਾਇਰੈਕਟਰ ਖੇਡਾਂ ਰਾਜੇਸ਼ ਧੀਮਾਨ, ਪਦਮਸ੍ਰੀ ਅਥਲੀਟ ਸੁਨੀਤਾ ਰਾਣੀ, ਅਰਜੁਨਾ ਐਵਾਰਡੀ ਸੱਜਣ ਸਿੰਘ ਚੀਮਾ ਤੇ ਗਗਨ ਅਜੀਤ ਸਿੰਘ, ਉਲੰਪੀਅਨ ਜਗਦੀਸ਼ ਬਿਸ਼ਨੋਈ, ਏਸ਼ੀਅਨ ਮੈਡਲਿਸਟ ਭਲਵਾਨ ਗੁਰਮੁੱਖ ਸਿੰਘ, ਰਾਸ਼ਟਰਮੰਡਲ ਖੇਡਾਂ ਦੇ ਤਗਮਾ ਜੇਤੂ ਜੂਡੋ ਖਿਡਾਰੀ ਭੁਪਿੰਦਰ ਸਿੰਘ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles