ਸਿੰਧ ਦਾ ਪਾਣੀ ਰੋਕਣਾ ਜੰਗੀ ਕਾਰਵਾਈ : ਪਾਕਿਸਤਾਨ

0
24

ਇਸਲਾਮਾਬਾਦ : ਪਾਕਿਸਤਾਨ ਨੇ ਵੀਰਵਾਰ ਭਾਰਤੀ ਏਅਰਲਾਈਨਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਅਤੇ ਵਾਹਗਾ ਸਰਹੱਦੀ ਰਸਤਾ ਬੰਦ ਕਰਦਿਆਂ ਭਾਰਤ ਨਾਲ ਸਾਰੇ ਵਪਾਰ ਨੂੰ ਵੀ ਮੁਅੱਤਲ ਕਰ ਦਿੱਤਾ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਸਿੰਧ ਜਲ ਸੰਧੀ ਤਹਿਤ ਪਾਕਿਸਤਾਨ ਲਈ ਬਣਦੇ ਪਾਣੀ ਨੂੰ ਮੋੜਨ ਦੀ ਕਿਸੇ ਵੀ ਕੋਸ਼ਿਸ਼ ਨੂੰ ‘ਜੰਗੀ ਕਾਰਵਾਈ’ ਮੰਨਿਆ ਜਾਵੇਗਾ। ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸਿੰਧ ਜਲ ਸੰਧੀ ਨੂੰ ਮੁਅੱਤਲ ਕਰਨ ਅਤੇ ਸਫਾਰਤੀ ਸੰਬੰਧਾਂ ਨੂੰ ਘਟਾਉਣ ਦੇ ਭਾਰਤ ਦੇ ਕਦਮ ਉਤੇ ਜਵਾਬ ਦੇਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਪ੍ਰਧਾਨਗੀ ਹੇਠ ਹੋਈ ਕੌਮੀ ਸਲਾਮਤੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤੇ ਗਏ।
ਇਸ ਮੀਟਿੰਗ ਵਿੱਚ ਮੁਲਕ ਦੇ ਮੁੱਖ ਮੰਤਰੀਆਂ ਅਤੇ ਤਿੰਨਾਂ ਫੌਜਾਂ ਦੇ ਮੁਖੀਆਂ ਨੇ ਸ਼ਿਰਕਤ ਕੀਤੀ। ਮੀਟਿੰਗ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਬਿਆਨ ਵਿਚ ਕਿਹਾ ਗਿਆ ਹੈ, ‘ਪਾਕਿਸਤਾਨ ਦੀ ਪ੍ਰਭੂਸੱਤਾ ਅਤੇ ਇਸ ਦੇ ਲੋਕਾਂ ਦੀ ਸੁਰੱਖਿਆ ਲਈ ਕਿਸੇ ਵੀ ਖਤਰੇ ਦਾ ਟਾਕਰਾ ਕਰਨ ਲਈ ਸਾਰੇ ਖੇਤਰਾਂ ਵਿੱਚ ਸਖਤ ਜਵਾਬੀ ਉਪਾਅ ਕੀਤੇ ਜਾਣਗੇ।’ ਇਸ ਵਿੱਚ ਭਾਰਤ ਵੱਲੋਂ ਆਪਣੇ ਤੰਗ ਸਿਆਸੀ ਏਜੰਡੇ ਨੂੰ ਅੱਗੇ ਵਧਾਉਣ, ਅਜਿਹੀਆਂ ਘਟਨਾਵਾਂ ’ਤੇ ਆਪਣੇ ਪ੍ਰਤੀਕਿਰਿਆਸ਼ੀਲ ਇਲਜ਼ਾਮਤਰਾਸ਼ੀ ਵਾਲੇ ਅਤੇ ਸਨਕੀ ਢੰਗ-ਤਰੀਕਿਆਂ ਤੋਂ ਬਚਣ ਲਈ ਵੀ ਕਿਹਾ ਗਿਆ ਹੈ।
ਮੀਟਿੰਗ ਵਿੱਚ ਸਿੱਖ ਸ਼ਰਧਾਲੂਆਂ ਨੂੰ ਛੱਡ ਕੇ ਬਾਕੀ ਭਾਰਤੀਆਂ ਲਈ ਸਾਰਕ ਵੀਜ਼ਾ ਛੋਟ ਯੋਜਨਾ ਤਹਿਤ ਵੀਜ਼ੇ ਮੁਅੱਤਲ ਕਰਨ ਦਾ ਫੈਸਲਾ ਵੀ ਲਿਆ ਗਿਆ। ਫੈਸਲੇ ਮੁਤਾਬਕ ਪਾਕਿਸਤਾਨ ਨੇ ਭਾਰਤ ਨਾਲ ਸਾਰਾ ਵਪਾਰ ਮੁਅੱਤਲ ਕਰ ਦਿੱਤਾ ਹੈ, ਜਿਸ ਵਿੱਚ ਤੀਜੇ ਦੇਸ਼ਾਂ ਰਾਹੀਂ ਜਾਣ ਹੋਣ ਵਾਲਾ ਵਪਾਰ ਵੀ ਸ਼ਾਮਲ ਹੈ। ਪਾਕਿਸਤਾਨ ਨੇ ਸਿੰਧ ਜਲ ਸੰਧੀ ਨੂੰ ਮੁਅੱਤਲ ਕਰਨ ਦੇ ਭਾਰਤੀ ਫੈਸਲੇ ਨੂੰ ਇਹ ਕਹਿੰਦਿਆਂ ਰੱਦ ਕਰ ਦਿੱਤਾ ਕਿ ਇਹ 24 ਕਰੋੜ ਪਾਕਿਸਤਾਨੀਆਂ ਲਈ ਜੀਵਨ ਰੇਖਾ ਹੈ। ਬਿਆਨ ਵਿੱਚ ਕਿਹਾ ਗਿਆ ਹੈ, ‘ਸਿੰਧ ਜਲ ਸੰਧੀ ਦੇ ਤਹਿਤ ਪਾਕਿਸਤਾਨ ਲਈ ਪਾਣੀ ਨੂੰ ਮੋੜਨ ਜਾਂ ਰੋਕਣ ਦੀ ਕਿਸੇ ਵੀ ਕੋਸ਼ਿਸ਼ ਨੂੰ ਜੰਗੀ ਕਾਰਵਾਈ ਮੰਨਿਆ ਜਾਵੇਗਾ।’ ਪਾਕਿਸਤਾਨ ਨੇ ਭਾਰਤੀ ਹਾਈ ਕਮਿਸ਼ਨ ਦੇ ਫੌਜੀ ਸਲਾਹਕਾਰਾਂ ਨੂੰ 30 ਅਪਰੈਲ ਤੱਕ ਪਾਕਿਸਤਾਨ ਛੱਡ ਜਾਣ ਲਈ ਵੀ ਕਿਹਾ ਹੈ।