ਸਰਪੰਚਾਂ ਨੂੰ ਦੋ ਹਜ਼ਾਰ ਰੁਪਏ ਮਾਣ-ਭੱਤਾ ਦੇਵਾਂਗੇ : ਮਾਨ

0
97

ਚੰਡੀਗੜ੍ਹ (ਗੁਰਜੀਤ ਬਿੱਲਾ, �ਿਸ਼ਨ ਗਰਗ)
ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਪੰਚਾਇਤੀ ਰਾਜ ਦਿਵਸ ਮੌਕੇ ਪੰਜਾਬ ਦੇ ਸਰਪੰਚਾਂ ਦੇ ਮਾਣ ਭੱਤੇ ’ਚ ਵਾਧਾ ਕਰਨ ਦਾ ਐਲਾਨ ਕੀਤਾ।
ਸਥਾਨਕ ਟੈਗੋਰ ਥੀਏਟਰ ਵਿੱਚ ਅਗਾਂਹਵਧੂ ਪੰਚਾਇਤਾਂ ਦੇ ਸਨਮਾਨ ਮੌਕੇ ਉਨ੍ਹਾ ਕਿਹਾ ਕਿ ਨਵੇਂ ਬਣੇ ਸਰਪੰਚਾਂ ਨੂੰ ਪ੍ਰਤੀ ਮਹੀਨਾ ਦੋ ਹਜ਼ਾਰ ਰੁਪਏ ਮਾਣ ਭੱਤਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ 1200 ਰੁਪਏ ਮਿਲਦਾ ਸੀ ਤੇ ਕੁਝ ਵਰ੍ਹੇ ਪਹਿਲਾਂ ਤੋਂ ਬੰਦ ਪਿਆ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤਾਂ ਨੂੰ ਹੋਰ ਅਖ਼ਤਿਆਰ ਦੇਣ ਬਾਰੇ ਵੀ ਜਲਦ ਫੈਸਲਾ ਕੀਤਾ ਜਾਵੇਗਾ। ਉਨ੍ਹਾ ਸੂਬੇ ’ਚੋਂ ਪਹਿਲੇ ਸਥਾਨ ’ਤੇ ਰਹਿਣ ਵਾਲੀ ਪਿੰਡ ਬੱਲ੍ਹੋ ਦੀ ਪੰਚਾਇਤ ਤੋਂ ਇਲਾਵਾ ਪੰਚਾਇਤ ਐਡਵਾਂਸ ਇੰਡੈਕਸ ਅਧੀਨ ਸਥਾਈ ਵਿਕਾਸ ਟੀਚਿਆਂ ਦੇ 9 ਵਿਸ਼ਿਆਂ ਵਿੱਚੋਂ ਅੱਵਲ ਆਉਣ ਵਾਲੀਆਂ ਪੰਚਾਇਤਾਂ ਨੂੰ ਵੀ ਸਨਮਾਨਤ ਕੀਤਾ। ਮੁੱਖ ਮੰਤਰੀ ਨੇ ਪਹਿਲੇ ਨੰਬਰ ’ਤੇ ਆਉਣ ਵਾਲੀ ਪੰਚਾਇਤ ਦੇ ਵਿਕਾਸ ਕੰਮਾਂ ਨੂੰ ਦੇਖਣ ਲਈ ਪਿੰਡ ਬੱਲ੍ਹੋ ਵਿਖੇ 6 ਮਈ ਨੂੰ ਦੌਰਾ ਕਰਨ ਦਾ ਐਲਾਨ ਵੀ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਜੋ ਪਿੰਡ ਆਪਣੇ-ਆਪ ਨੂੰ ਨਸ਼ਾ ਮੁਕਤ ਪਿੰਡ ਐਲਾਨੇਗਾ, ਉਸ ਨੂੰ ਹੋਰ ਅਤਿ-ਆਧੁਨਿਕ ਸਹੂਲਤਾਂ ਤੋਂ ਇਲਾਵਾ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾ ਕਿਹਾ ਕਿ ਸੂਬਾ ਸਰਕਾਰ ਚੁੱਪ-ਚਾਪ ਬੈਠ ਕੇ ਨਸ਼ਾ ਪੀੜਤਾਂ ਦੀਆਂ ਲਾਸ਼ਾਂ ਅਤੇ ਚਿਤਾਵਾਂ ’ਤੇ ਤਸਕਰਾਂ ਨੂੰ ਵਧਦੇ-ਫੁਲਦੇ ਹੋਏ ਨਹੀਂ ਦੇਖੇਗੀ। ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਤੇ ਹੋਰ ਮੌਜੂਦ ਸਨ।