ਕਰਤਾਰਪੁਰ ਲਾਂਘੇ ’ਤੇ ਅਸਰ ਨਹੀਂ ਪੈਣਾ!

0
181

ਗੁਰਦਾਸਪੁਰ : ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਾਲੇ ਵਧਦੇ ਤਣਾਅ ਦੇ ਵਿਚਕਾਰ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਪ੍ਰੋਜੈਕਟ ਦਾ ਭਵਿੱਖ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ। ਇਸ ਬੇਯਕੀਨੀ ਦੇ ਬਾਵਜੂਦ ਲਾਂਘਾ ਸ਼ੁੱਕਰਵਾਰ ਖੁੱਲ੍ਹਾ ਰਿਹਾ ਅਤੇ ਸ਼ਰਧਾਲੂ ਆਮ ਵਾਂਗ ਆਉਂਦੇ ਰਹੇ।
ਹਾਲਾਂਕਿ, ਭਾਰਤ ਸਰਕਾਰ ਨੇ ਹਾਲੇ ਤੱਕ ਸਪੱਸ਼ਟ ਨਹੀਂ ਕੀਤਾ ਹੈ ਕਿ ਇਹ ਪ੍ਰੋਜੈਕਟ ਜਾਰੀ ਰਹੇਗਾ ਜਾਂ ਮੁਅੱਤਲ ਕੀਤਾ ਜਾਵੇਗਾ। ਸੂਤਰ ਦੱਸਦੇ ਹਨ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਇਸ ਪ੍ਰੋਜੈਕਟ ਦੇ ਭਵਿੱਖ ਬਾਰੇ ਕੋਈ ਵੀ ਸਖਤ ਫੈਸਲਾ ਲੈਣ ਸੰਬੰਧੀ ਔਖੀ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਰਟੀ ਪੰਜਾਬ ਵਿੱਚ ਆਪਣਾ ਆਧਾਰ ਮਜ਼ਬੂਤ ਕਰਨ ਲਈ ਉਤਸੁਕ ਹੈ, ਜਿੱਥੇ ਸਿੱਖ ਸਮਰਥਨ ਬਹੁਤ ਅਹਿਮੀਅਤ ਰੱਖਦਾ ਹੈ।
ਸਿੱਖਾਂ ਅਤੇ ਸਿੱਖ ਧਰਮ ਲਈ ਕਰਤਾਰਪੁਰ ਸਾਹਿਬ ਲਾਂਘੇ ਦੀ ਮਹੱਤਤਾ ਨੂੰ ਦੇਖਦੇ ਹੋਏ ਇਸ ਦੀ ਸਥਿਤੀ ਨੂੰ ਬਦਲਣ ਨਾਲ ਸਿੱਖ ਭਾਈਚਾਰੇ ਨਾਲ ਪਾਰਟੀ ਦੇ ਰਿਸ਼ਤੇ ਪ੍ਰਭਾਵਤ ਹੋ ਸਕਦੇ ਹਨ।
ਇਸ ਦੌਰਾਨ ਜੇ ਲਾਂਘਾ ਬੰਦ ਹੋ ਜਾਂਦਾ ਹੈ ਤਾਂ ਪਾਕਿਸਤਾਨ ਨੂੰ ਕਾਫੀ ਮਾਲੀਆ ਵੀ ਗੁਆਉਣਾ ਪੈ ਸਕਦਾ ਹੈ। ਪਾਕਿਸਤਾਨ ਇੰਟੀਗ੍ਰੇਟਿਡ ਚੈੱਕ ਪੋਸਟ ’ਤੇ ਪ੍ਰਤੀ ਸ਼ਰਧਾਲੂ 20 ਅਮਰੀਕੀ ਡਾਲਰ ਦੀ ਫੀਸ ਲੈਂਦਾ ਹੈ, ਜਿਸ ਨਾਲ ਰੋਜ਼ਾਨਾ 200-400 ਯਾਤਰੀਆਂ ਤੋਂ ਕਾਫੀ ਆਮਦਨ ਹੁੰਦੀ ਹੈ, ਖਾਸ ਕਰਕੇ ਹਫਤੇ ਦੇ ਆਖਰੀ ਦਿਨਾਂ (ਸਨਿੱਚਰਵਾਰ-ਐਤਵਾਰ) ਦੌਰਾਨ।
ਭਾਰਤ ਵੱਲੋਂ ਇਸ ਫੀਸ ਨੂੰ ਮੁਆਫ ਕਰਨ ਦੀਆਂ ਵਾਰ-ਵਾਰ ਕੀਤੀਆਂ ਬੇਨਤੀਆਂ ਦੇ ਬਾਵਜੂਦ ਪਾਕਿਸਤਾਨ ਸਿੱਖ ਸ਼ਰਧਾਲੂਆਂ ਤੋਂ ਇਹ ਫੀਸ ਉਗਰਾਹੁਣ ਲਈ ਦਿ੍ਰੜ੍ਹ ਹੈ।